ਪੈਨਸ਼ਨਰਾਂ ਵੱਲੋਂ ਸਰਕਾਰ ਨੂੰ ਸੰਘਰਸ਼ ਦੀ ਚਿਤਾਵਨੀ
ਪੱਤਰ ਪ੍ਰੇਰਕ
ਦੋਰਾਹਾ, 8 ਅਗਸਤ
ਕੌਸ਼ਲ ਯਾਦਗਾਰੀ ਭਵਨ ’ਚ ਅੱਜ ਇਥੇ ਪਾਵਰਕੌਮ ਪੈਨਸ਼ਨਰ ਯੂਨੀਅਨ ਦੇ ਮੈਬਰਾਂ ਦੀ ਇਕੱਤਰਤਾ ਸਰਬਜੀਤ ਸਿੰਘ ਬੋਪਾਰਾਏ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਪੈਨਸ਼ਨਰਾਂ ਨੂੰ ਆਉਂਦੀਆਂ ਦਰਪੇਸ਼ ਸਮੱਸਿਆਵਾਂ ਸਬੰਧੀ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਹਰਭੂਲ ਸਿੰਘ ਰਾਣੋਂ, ਗੁਰਮੁੱਖ ਸਿੰਘ ਅਤੇ ਨਿਰਮਲ ਸਿੰਘ ਨੇ ਮੀਟਿੰਗ ਲਈ ਸਮਾਂ ਦੇ ਕੇ ਮੀਟਿੰਗ ਨਾ ਕਰਨ ’ਤੇ ਪਾਵਰਕੌਮ ਦੀ ਸਖ਼ਤ ਅਲੋਚਨਾ ਕੀਤੀ। ਆਗੂਆਂ ਨੇ ਮੰਗ ਕੀਤੀ ਕਿ ਡੀਏ ਦੀਆਂ ਬਕਾਇਆ ਕਿਸ਼ਤਾਂ ਜਾਰੀ ਕੀਤੀਆਂ ਜਾਣ, ਛੇਵੇਂ ਤਨਖਾਹ ਕਮਿਸ਼ਨ ਨੂੰ ਲਾਗੂ ਕੀਤਾ ਜਾਵੇ, ਜਨਵਰੀ 2016 ਤੋਂ ਪਹਿਲਾਂ ਰਿਟਾਇਰ ਹੋਏ ਪੈਨਸ਼ਨਰਾਂ ਨੂੰ 113 ਪ੍ਰਤੀਸ਼ਤ ਡੀ.ਏ ਤੋਂ 119 ਪ੍ਰਤੀਸ਼ਤ ਦੇ ਕੇ 2.59 ਨਾਲ ਪੈਨਸ਼ਨ ਦਿੱਤੀ ਜਾਵੇ, ਕੈਸ਼ਲੈੱਸ ਸਕੀਮ ਜਾਰੀ ਕੀਤੀ ਜਾਵੇ, ਪੈਨਸ਼ਨਰਜ਼ ਦਾ 200 ਰੁਪਏ ਡਿਵੈਲਪਮੈਂਟ ਵੰਡ ਲਈ ਜਬਰੀ ਕਟੌਤੀ ਬੰਦ ਕੀਤੀ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਉਪਰੋਕਤ ਮੰਗਾਂ ਵੱਲ ਜਲਦ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਸਮੇਂ ਵਿਚ ਸੰਘਰਸ਼ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਬਚਿੱਤਰ ਸਿੰਘ, ਪ੍ਰਿਤਪਾਲ ਸਿੰਘ, ਬਲਵਿੰਦਰ ਸਿੰਘ, ਕੁਲਵੰਤ ਸਿੰਘ, ਰਾਮ ਸਵਰੂਪ ਆਦਿ ਹਾਜ਼ਰ ਸਨ।