ਮੰਨੀਆਂ ਮੰਗਾਂ ਲਾਗੂ ਨਾ ਹੋਣ ਕਾਰਨ ਪੈਨਸ਼ਨਰ ਖ਼ਫ਼ਾ
ਪੱਤਰ ਪ੍ਰੇਰਕ
ਅਜਨਾਲਾ, 7 ਜੂਨ
ਪੰਜਾਬ ਪੈਨਸ਼ਨਰਜ ਯੂਨੀਅਨ ਤਹਿਸੀਲ ਅਜਨਾਲਾ ਦੀ ਇਕੱਤਰਤਾ ਯੂਨੀਅਨ ਦੇ ਕਾਰਜਕਾਰੀ ਪ੍ਰਧਾਨ ਕੁਲਦੀਪ ਸਿੰਘ ਬੱਲ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿੱਚ ਪੈਨਸ਼ਨਰਾਂ ਦੀਆਂ ਸਮੱਸਿਆਵਾਂ ਅਤੇ ਹੱਲ ਲਈ ਵਿਚਾਰ ਵਟਾਂਦਰਾ ਕਰ ਕੇ ਸਰਕਾਰ ਵੱਲੋਂ ਪੈਨਸ਼ਨਰਾਂ ਦੀਆਂ ਮੰਨੀਆਂ ਮੰਗਾਂ ਤੁਰੰਤ ਲਾਗੂ ਕਰਨ ਲਈ ਰੋਸ ਪ੍ਰਗਟ ਕੀਤਾ ਗਿਆ।
ਇਸ ਮੌਕੇ ਪ੍ਰਧਾਨ ਕੁਲਦੀਪ ਸਿੰਘ ਬੱਲ ਨੇ ਕਿਹਾ ਕਿ ਪੈਨਸ਼ਨਰਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਨੂੰ ਸਰਕਾਰ ਵੱਲੋਂ ਅਣਗੌਲਿਆਂ ਕਰਨ ਤੇ ਸਮੂਹ ਪੈਨਸ਼ਨਰਾਂ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਹਿਲਾ ਪਹਿਲਵਾਨਾਂ ਦੀ ਮੰਗ ਅਨੁਸਾਰ ਬ੍ਰਿਜ ਭੂਸ਼ਣ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰ ਕੇ ਮਹਿਲਾ ਪਹਿਲਵਾਨਾਂ ਨੂੰ ਇਨਸਾਫ਼ ਦਿੱਤਾ ਜਾਵੇ। ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਛੇ ਫ਼ੀਸਦੀ ਡੀਏ ਦਾ ਬਕਾਇਆ 119 ਫ਼ੀਸਦੀ ਡੀਏ ਨਾਲ ਸੋਧ ਕੇ ਦਿੱਤਾ ਜਾਵੇ, ਡੀਏ ਦੀ ਰਹਿੰਦੀ 4 ਫ਼ੀਸਦੀ ਕਿਸ਼ਤ ਜਾਰੀ ਕੀਤੀ ਜਾਵੇ, 2.59 ਦੇ ਗੁਣਾਂਕ ਅਨੁਸਾਰ ਪੈਨਸ਼ਨ ਸੋਧ ਕੇ ਫਿਕਸ ਕੀਤੀ ਜਾਵੇ, ਬੁਢੇਪਾ ਭੱਤਾ 80 ਸਾਲ ਤੋਂ ਉੱਪਰ 100 ਫ਼ੀਸਦੀ ਦਿੱਤਾ ਜਾਵੇ, ਸਾਲ 2004 ਤੋਂ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ ਅਤੇ ਇਸ ਵਿੱਚ ਰਹਿੰਦੀਆਂ ਤਰੁੱਟੀਆਂ ਦੂਰ ਕੀਤੀ ਜਾਣ ਅਤੇ ਰੋਜਗਾਰ ਦੇ ਮੌਕੇ ਪੈਦਾ ਕਰਕੇ ਨੌਜੁਆਨਾਂ ਨੂੰ ਵਿਦੇਸ਼ਾਂ ਵਿੱਚ ਜਾਣ ਤੋਂ ਰੋਕਿਆ ਜਾ ਸਕੇ।
ਇਸ ਮੌਕੇ ਬਲਦੇਵ ਸਿੰਘ ਕੋਟਲੀ ਅੰਬ, ਕੁਲਵੰਤ ਸਿੰਘ ਘੁੱਕੇਵਾਲੀ, ਰਾਣਾ ਪ੍ਰਤਾਪ ਸਿੰਘ, ਲਖਵਿੰਦਰ ਸਿੰਘ, ਜਗਤਾਰ ਸਿੰਘ, ਅਮਰੀਕ ਸਿੰਘ, ਪ੍ਰਗਟ ਸਿੰਘ ਹਾਜ਼ਰ ਹੋਏ।
ਪੰਜਾਬ ਪੈਨਸ਼ਨਰ ਫਰੰਟ ਵੱਲੋਂ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ
ਅੰਮ੍ਰਿਤਸਰ (ਟ੍ਰਿਬਿਉੂਨ ਨਿਉੂਜ਼ ਸਰਵਿਸ): ਪੰਜਾਬ ਪੈਨਸ਼ਨਰ ਫਰੰਟ ਅੰਮ੍ਰਿਤਸਰ ਵੱਲੋਂ ਜ਼ਿਲ੍ਹਾ ਪ੍ਰਧਾਨ ਮੰਗਲ ਦਾਸ ਦੀ ਅਗਵਾਈ ਵਿੱਚ ਮੁੱਖ ਮੰਤਰੀ ਦੇ ਨਾਂ ਕ ਮੰਗ ਪੱਤਰ ਡੀਸੀ ਦਫ਼ਤਰ ਵਿੱਚ ਦਿੱਤਾ ਗਿਆ। ਇਸ ਵਿੱਚ ਜਨਵਰੀ 2016 ਤੋਂ 113% ਦੀ ਥਾਂ 119% ਮਹਿੰਗਾਈ ਭੱਤਾ ਜੋੜ ਕੇ ਪੈਨਸ਼ਨ ਧਾਰਕਾਂ ਦੀ ਪੈਨਸ਼ਨ ਸੋਧਣ ਦੀ ਮੰਗ ਕੀਤੀ ਗਈ। ਫਰੰਟ ਦੇ ਜ਼ਿਲ੍ਹਾ ਸਕੱਤਰ ਇੰਦਰ ਸਿੰਘ ਮਾਨ ਨੇ ਕਿਹਾ ਕਿ 1/1/16 ਤੋਂ ਪਹਿਲਾਂ ਸੇਵਾਮੁਕਤ ਪੈਨਸ਼ਨਰ ਨੂੰ 2.59 ਦੇ ਗੁਣਾਂਕ ਦਾ ਲਾਭ ਦਿੱਤਾ ਜਾਵੇ, 1/1/16 ਤੋਂ ਬਣਦਾ ਬਕਾਇਆ ਤੁਰੰਤ ਜਾਰੀ ਕੀਤਾ ਜਾਵੇ, 1/1/16 ਤੋਂ ਬਾਅਦ ਸੇਵਾਮੁਕਤ ਪੈਨਸ਼ਨਰ ਦੇ ਕੇਸ ਸਮਾਂਬੱਧ ਕਰ ਕੇ ਨਿਪਟਾਏ ਜਾਣ ਅਤੇ ਪੈਨਸ਼ਨਰਾਂ ਦੇ ਕਮਾਈ ਛੁੱਟੀ ਦੇ ਵਾਧੇ ਦੇ ਬਿੱਲਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ। ਬੁਲਾਰਿਆਂ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਪੈਨਸ਼ਨਰਾਂ ਪ੍ਰਤੀ ਉਦਾਸੀਨਤਾ ਅਤੇ ਬੇਗਾਨਗੀ ਵਾਲੇ ਰਵੱਈਏ ਦੀ ਨਿਖੇਧੀ ਕਰਦਿਆਂ ਜਾਇਜ਼ ਮੰਗਾਂ ਮੰਨਣ ਲਈ ਜ਼ੋਰ ਦਿੱਤਾ। ਇਸ ਇੱਕਤਰਤਾ ਵਿੱਚ ਮਲੂਕ ਸਿੰਘ, ਬਸੰਤ ਸਿੰਘ, ਜਰਨੈਲ ਸਿੰਘ, ਬਲਦੇਵ ਸਿੰਘ ਪਵਾਰ, ਰਣਜੀਤ ਸਿੰਘ ਮਹਿਲਾਂ ਵਾਲਾ, ਗੁਰਦੀਪ ਸਿੰਘ ਅਦਲੀਵਾਲਾ, ਲਖਵਿੰਦਰ ਸ਼ਾਹ, ਹਰਭਜਨ ਗਿੱਲ, ਮੇਲਾ ਰਾਮ, ਹਰਬੰਸ ਸਿੰਘ, ਗੁਲਜ਼ਾਰ ਸਿੰਘ, ਅਵਤਾਰ ਸਿੰਘ ਵੇਰਕਾ, ਅਜੀਤ ਸਿੰਘ ਲੁੱਧੜ ਆਦਿ ਹਾਜ਼ਰ ਸਨ।