ਬਠਿੰਡਾ ’ਚ ਪੈਨਸ਼ਨਰਾਂ ਵੱਲੋਂ ਮੰਗਾਂ ਲਈ ਭੁੱਖ ਹੜਤਾਲ
ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 7 ਫਰਵਰੀ
ਪੈਨਸ਼ਨਰ ਜੁਆਇੰਟ ਫਰੰਟ ਦੇ ਸੱਦੇ ’ਤੇ ਪੈਨਸ਼ਨਰਾਂ ਨੇ ਅੱਜ ਇੱਥੇ ਮਿੰਨੀ ਸਕੱਤਰੇਤ ਦੇ ਬਾਹਰ ਅੰਬੇਡਕਰ ਪਾਰਕ ਵਿੱਚ 11 ਤੋਂ 3 ਵਜੇ ਤੱਕ ਧਰਨਾ ਦਿੱਤਾ। ਇੱਥੇ ਹੀ 15 ਪੈਨਸ਼ਨਰਾਂ ਨੇ ਭੁੱਖ ਹੜਤਾਲ ਵੀ ਰੱਖੀ। ਇਸ ਮੌਕੇ ਉਨ੍ਹਾਂ ਪੰਜਾਬ ਸਰਕਾਰ ਦੇ ਨਾਂਅ ਡਿਪਟੀ ਕਮਿਸ਼ਨਰ ਦਫ਼ਤਰ ਜਾ ਕੇ ਮੰਗ ਪੱਤਰ ਵੀ ਦਿੱਤਾ।
ਪੈਨਸ਼ਨਰਾਂ ਦੇ ਆਗੂ ਦਰਸ਼ਨ ਸਿੰਘ ਮੌੜ ਤੇ ਧੰਨਾ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਸੱਤਾ ’ਚ ਆਉਣ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਪੈਨਸ਼ਨਰਾਂ ਨੂੰ 2.59 ਗੁਣਾਂਕ ਦਿੱਤਾ ਜਾਵੇਗਾ, ਜੋ ਅਜੇ ਤੱਕ ਦਿੱਤਾ ਨਹੀਂ ਗਿਆ। ਇਸੇ ਤਰ੍ਹਾਂ ਡੀਏ ਦੀਆਂ ਬਕਾਇਆ 258 ਕਿਸ਼ਤਾਂ ਨੂੰ ਵੀ ਜਾਰੀ ਨਹੀਂ ਕੀਤਾ ਜਾ ਰਿਹਾ ਅਤੇ ਨਾ ਹੀ ਕੈਸ਼ ਲੈੱਸ ਸਕੀਮ ਜਾਰੀ ਕੀਤੀ ਗਈ ਹੈ। ਉਨ੍ਹਾਂ ਛੇਵੇਂ ਪੇਅ ਕਮਿਸ਼ਨ ਦੇ ਬਕਾਏ ਜਾਰੀ ਨਾ ਕਰਨ ਦੇ ਦੋਸ਼ ਵੀ ਲਾਏ। ਉਨ੍ਹਾਂ ਕਿਹਾ ਕਿ ਸਰਕਾਰ ਕਾਰਪੋਰੇਟ ਦੇ ਹੱਕ ’ਚ ਫੈਸਲੇ ਲੈਂਦੀ ਹੋਈ, ਪੈਨਸ਼ਨਰਾਂ ਨੂੰ ਵਾਰ-ਵਾਰ ਮੀਟਿੰਗਾਂ ਕਰਨ ਦਾ ਸਮਾਂ ਦੇ ਕੇ ਮੁੱਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਦੇ ਬਜਟ ਸੈਸ਼ਨ ਮੌਕੇ ਮੁਹਾਲੀ ’ਚ ਤਿੰਨ ਦਿਨ ਪ੍ਰਦਰਸ਼ਨ ਕੀਤਾ ਜਾਵੇਗਾ।