ਪੈਨਸ਼ਨਰਾਂ ਨੇ ਮੁੱਖ ਮੰਤਰੀ ਦੇ ਪੁਤਲੇ ਫੂਕੇ
ਪੱਤਰ ਪ੍ਰੇਰਕ
ਭਵਾਨੀਗੜ੍ਹ, 26 ਜੂਨ
ਇੱਥੇ ਅੱਜ ਸ਼ਹੀਦ ਭਗਤ ਸਿੰਘ ਚੌਕ ਵਿੱਚ ਗੌਰਮਿੰਟ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਭਵਾਨੀਗੜ੍ਹ ਨੇ ਪੰਜਾਬ ਸਰਕਾਰ ਵੱਲੋਂ ਪੈਨਸ਼ਨਰਾਂ ਉਤੇ ਲਗਾਏ 200 ਰੁਪਏ ਜਜ਼ੀਏ ਟੈਕਸ ਦੇ ਰੋਸ ਵਜੋਂ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕਿਆ। ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਗੋਪਾਲ ਕ੍ਰਿਸ਼ਨ ਅਤੇ ਜਨਰਲ ਸਕੱਤਰ ਕਰਮ ਦਾਸ ਪੰਨਵਾਂ ਨੇ ਦੱਸਿਆ ਕਿ ਵੱਖ-ਵੱਖ ਵਰਗਾਂ ਨਾਲ ਵਾਅਦੇ ਕਰਕੇ ਸੱਤਾ ਵਿਚ ਆਈ ਭਗਵੰਤ ਮਾਨ ਸਰਕਾਰ ਵੱਲੋਂ ਬਜ਼ੁਰਗ ਪੈਨਸ਼ਨਰਾਂ ਦੀਆਂ ਜਾਇਜ਼ ਮੰਗਾਂ ਮੰਨਣ ਦੀ ਥਾਂ ਉਲਟਾ ਵਿਕਾਸ ਫੰਡ ਦੇ ਨਾਂ ਹੇਠ 200 ਰੁਪਏ ਜਜ਼ੀਆ ਟੈਕਸ ਲਗਾ ਦਿੱਤਾ। ਉਨ੍ਹਾਂ ਪੰਜਾਬ ਸਰਕਾਰ ਨੂੰ ਤਾੜਨਾ ਕੀਤੀ ਇਸ ਜ਼ਬਰੀ ਟੈਕਸ ਨੂੰ ਵਾਪਸ ਕਰਵਾਉਣ ਤੱਕ ਸੰਘਰਸ਼ ਜਾਰੀ ਰਹੇਗਾ।
ਪਟਿਆਲਾ/ਦੇਵੀਗੜ੍ਹ (ਪੱਤਰ ਪ੍ਰੇਰਕ/ਨਿੱਜੀ ਪੱਤਰ ਪ੍ਰੇਰਕ): ਇੱਥੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ, ਦੀ ਕਲਾਸ ਫੋਰਥ ਗੌਰਮਿੰਟ ਐਂਪਲਾਈਜ਼ ਯੂਨੀਅਨ ਪੰਜਾਬ (1680), ਜ਼ਿਲ੍ਹਾ ਕਮੇਟੀ ਵੱਲੋਂ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਗੇਟ ਰੈਲੀ ਕਰਕੇ ‘ਆਪ ਸਰਕਾਰ’ ਦੇ ਵਿੱਤ ਮੰਤਰੀ ਅਤੇ ਮੁੱਖ ਮੰਤਰੀ ਦਾ ਪਿੱਟ ਸਿਆਪਾ ਕੀਤਾ ਗਿਆ। ਇਸ ਰੈਲੀ ਵਿਚ ਪੰਜਾਬ ਦੇ ਸਰਕਾਰੀ ਤੇ ਅਰਧ ਸਰਕਾਰੀ ਵਿਭਾਗਾਂ ਵਿਚੋਂ ਸੇਵਾ ਨਵਿਰਤ ਹੋਏ ਮੁਲਾਜ਼ਮ ਮੌਜੂਦ ਸਨ। ਮੁਲਾਜ਼ਮਾਂ ਤੇ ਪ੍ਰਮੁੱਖ ਆਗੂਆਂ ਕਾਮਰੇਡ ਨਿਰਮਲ ਸਿੰਘ ਧਾਲੀਵਾਲ, ਦਰਸ਼ਨ ਸਿੰਘ ਲੁਬਾਣਾ, ਬਲਜਿੰਦਰ ਸਿੰਘ, ਦੀਪ ਚੰਦ ਹੰਸ, ਜਗਮੋਹਨ ਨੋਲੱਖਾ ਤੇ ਸੂਰਜ ਪਾਲ ਯਾਦਵ ਅਨੁਸਾਰ ਸਰਕਾਰ ਵੱਲੋਂ 200 ਰੁਪਏ ਪੈਨਸ਼ਨ ਵਿੱਚੋਂ ਕੱਟਣ ਦੀ ਨਿਖੇਧੀ ਕੀਤੀ ਗਈ।
shy;ਮਾਲੇਰਕੋਟਲਾ (ਨਿੱਜੀ ਪੱਤਰ ਪ੍ਰੇਰਕ): ਪੰਜਾਬ ਗੌਰਮਿੰਟ ਪੈਨਸ਼ਨਰਜ਼ ਸਾਂਝਾ ਫਰੰਟ ਮਾਲੇਰਕੋਟਲਾ ਦੇ ਆਗੂਆਂ ਨੇ ਪੰਜਾਬ ਸਰਕਾਰ ਦੇ ਪੈਨਸ਼ਨਰਜ਼ ਦੀ ਪੈਨਸ਼ਨ ਵਿੱਚੋਂ ਜਬਰੀ ਕਟੌਤੀ ਦੇ ਵਿਰੋਧ ਵਿਚ ਸਥਾਨਕ ਵਿਧਾਇਕ ਡਾ. ਮੁਹੰਮਦ ਜਮੀਲ ਉਰ ਰਹਿਮਾਨ ਦੇ ਮਾਲੇਰਕੋਟਲਾ ਸਥਿਤ ਦਫ਼ਤਰ ਨੇੜੇ ਰੋਸ ਧਰਨਾ ਦਿੱਤਾ ਅਤੇ ਪੈਨਸ਼ਨਰਜ਼ ਵਿਰੋਧੀ ਪੱਤਰ ਦੀਆਂ ਕਾਪੀਆਂ ਸਾੜੀਆਂ ਗਈਆਂ। ਇਸ ਮੌਕੇ ਸਾਂਝਾ ਫਰੰਟ ਦੇ ਪ੍ਰਧਾਨ ਜਸਵੰਤ ਸਿੰਘ zwnj;ਬਨਭੌਰੀ, ਪਰਮਜੀਤ ਸ਼ਰਮਾ ਨੌਧਰਾਣੀ ਹਾਜ਼ਰ ਸਨ।
ਲਹਿਰਾਗਾਗਾ (ਪੱਤਰ ਪ੍ਰੇਰਕ): ਪੈਸ਼ਨਰਜ਼ ਯੂਨੀਅਨ ਐੱਸਪੀਸੀਐੱਲ ਡਿਵੀਜ਼ਨ ਲਹਿਰਾਗਾਗਾ ਵੱਲੋਂ ਅੱਜ ਸਰਕਾਰ ਵੱਲੋਂ ਪੈਨਸ਼ਨਰਾਂ ਨੂੰ ਲਾਇਆ 200 ਰੁਪਏ ਦੀ ਜਜ਼ੀਆ ਟੈਕਸ ਬਾਰੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜ੍ਹੀਆਂ ਅਤੇ ਸੂਬਾ ਤੇ ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮਗਰੋਂ ਪੈਨਸ਼ਨਰਾਂ ਨੇ ਵਿਧਾਇਕ ਬਰਿੰਦਰ ਗੋਇਲ ਨੂੰ ਮੰਗ ਪੱਤਰ ਦਿੱਤਾ। ਇਸ ਮੌਕੇ ਪੈਨਸ਼ਨਰ ਯੂਨੀਅਨ ਦੇ ਪ੍ਰਧਾਨ ਸੀਤਾ ਰਾਮ, ਸਕੱਤਰ ਗੁਰਚਰਨ ਸਿੰਘ ਹਾਜ਼ਰ ਸਨ।
ਦਿੜ੍ਹਬਾ ਮੰਡੀ (ਪੱਤਰ ਪ੍ਰੇਰਕ): ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਅਤੇ ਪੈਨਸ਼ਨਰ ਐਸੋਸੀਏਸ਼ਨ ਪਵਰਕੌਮ ਵੱਲੋਂ ਸਾਂਝੇ ਤੌਰ ‘ਤੇ ਅੱਜ ਦਿੜ੍ਹਬਾ ਦੇ ਚੌਕ ਵਿੱਚ ਦਰਸ਼ਨ ਸਿੰਘ ਰੋਗਲਾ ਜ਼ਿਲ੍ਹਾ ਸਕੱਤਰ, ਚੰਦ ਸਿੰਘ ਰੋਗਲਾ ਡਿਵੀਜ਼ਨ ਪ੍ਰਧਾਨ, ਤਰਲੋਚਨ ਸਿੰਘ, ਗੁਰਜੰਟ ਮਾਨ ਅਤੇ ਚਿਰੰਜੀ ਲਾਲ ਖਨਾਲ ਕਲਾਂ ਦੀ ਅਗਵਾਈ ਹੇਠ ਸਰਕਾਰ ਖ਼ਿਲਾਫ਼ ਰੋਸ ਰੈਲੀ ਕੀਤੀ ਗਈ। ਇਸ ਦੌਰਾਨ ਪੈਨਸ਼ਨਰਾਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਸਰਕਾਰ ਦਾ ਪੁਤਲਾ ਫੂਕਿਆ।
ਸੁਨਾਮ ਊਧਮ ਸਿੰਘ ਵਾਲਾ (ਪੱਤਰ ਪ੍ਰੇਰਕ): ਪੰਜਾਬ ਸਰਕਾਰ ਵੱਲੋਂ ਹਾਲ ਹੀ ਵਿੱਚ ਪੈਨਸ਼ਨਰਾਂ ਦੇ ਖਾਤਿਆਂ ਵਿੱਚੋਂ ਵਿਕਾਸ ਟੈਕਸ ਦੇ ਨਾਂ ਉੱਤੇ ਕੱਟਣ ਵਾਲੇ 200 ਰੁਪਏ ਪ੍ਰਤੀ ਮਹੀਨਾ ਟੈਕਸ ਖਿਲਾਫ ਅੱਜ ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕੌਮ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਯੂਨਿਟ ਸੁਨਾਮ ਦੇ ਪੈਨਸ਼ਨਰਾਂ ਨੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸੋਮ ਸਿੰਘ ਪ੍ਰਧਾਨ, ਭਗਵਾਨ ਸਿੰਘ ਨੇ ਸੰਬੋਧਨ ਕੀਤਾ।
ਪੈਨਸ਼ਨਰਾਂ ‘ਤੇ ਟੈਕਸ ਲਾ ਕੇ ਖਜ਼ਾਨਾ ਭਰਨ ਦੀ ਸੋਚ ਰਹੀ ਹੈ ਸਰਕਾਰ: ਹਰਿਆਊ
ਪਾਤੜਾਂ (ਪੱਤਰ ਪ੍ਰੇਰਕ): ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਗੱਜਣ ਸਿੰਘ ਹਰਿਆਊ ਨੇ ਕਿਹਾ ਹੈ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਲੋਕ ਹਿਤੂ ਫ਼ੈਸਲੇ ਲੈਣ ਦੀ ਬਜਾਏ ਲੋਕ ਵਿਰੋਧੀ ਫ਼ੈਸਲੇ ਰਹੀ ਹੈ ਇਸ ਕਰਕੇ ਪੰਜਾਬ ਦੇ ਲੋਕ ਦੁਖੀ ਹਨ। ਉਨ੍ਹਾਂ ਕਿਹਾ ਕਿ ਪੈਨਸ਼ਨਰਾਂ ਉੱਤੇ ਟੈਕਸ ਲਾ ਕੇ ਸਰਕਾਰ ਖ਼ਜ਼ਾਨਾ ਭਰਨ ਦੀ ਸੋਚ ਰਹੀ ਹੈ।