‘ਆਪ’ ਦੀ ਵਾਅਦਾਖ਼ਿਲਾਫ਼ੀ ਤੋਂ ਪੈਨਸ਼ਨਰ ਖਫ਼ਾ
ਗੁਰਦੀਪ ਸਿੰਘ ਲਾਲੀ
ਸੰਗਰੂਰ, 24 ਮਈ
ਵੱਖ-ਵੱਖ ਵਿਭਾਗਾਂ ਦੇ ਸੈਂਕੜੇ ਪੈਨਸ਼ਨਰਾਂ ਨੇ ਆਲ ਆਲ ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ ਦੀ ਅਗਵਾਈ ਹੇਠ ਆਪਣੀਆਂ ਮੰਗਾਂ ਬਾਰੇ ਸਰਕਾਰ ਨੂੰ ਵਾਅਦੇ ਚੇਤੇ ਕਰਾਉਣ ਲਈ ਸ਼ਹਿਰ ਵਿਚ ਵਿਸ਼ਾਲ ਮੋਟਰਸਾਈਕਲ/ਸਕੂਟਰ ਮਾਰਚ ਕੀਤਾ। ਇਹ ਰੋਸ ਮਾਰਚ ਡਿਪਟੀ ਕਮਿਸ਼ਨਰ ਦਫ਼ਤਰ ਤੋਂ ਚੱਲ ਕੇ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ ’ਚੋਂ ਹੁੰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾਂ ਦੀ ਕੋਠੀ ਅੱਗੇ ਪੁੱਜਿਆ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਪੈਨਸ਼ਨਰਾਂ ਨੇ ‘ਨੋ ਏਰੀਅਰ-ਨੋ ਵੋਟ, ਨੋ ਡੀਏ-ਨੋ ਵੋਟ, ਨੋ 12 ਫੀਸਦੀ ਡੀਏ-ਨੋ ਵੋਟ’ ਨਾਅਰਿਆਂ ਵਾਲੇ ਬੈਨਰ ਚੁੱਕੇ ਹੋਏ ਸਨ। ਐਸੋਸੀਏਸ਼ਨ ਦੇ ਆਗੂ ਜਗਦੀਸ਼ ਸ਼ਰਮਾ, ਬਿੱਕਰ ਸਿੰਘ ਸਿਬੀਆ, ਸ਼ਿਵ ਕੁਮਾਰ ਸ਼ਰਮਾ, ਬਲਵੰਤ ਸਿੰਘ ਢਿੱਲੋਂ, ਸੀਤਾ ਰਾਮ ਸ਼ਰਮਾ ਅਤੇ ਬਾਲ ਕ੍ਰਿਸ਼ਨ ਮੋਦਗਿਲ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਵਿੱਚ ਕਿਸੇ ਵੀ ਪਾਰਟੀ ਨੇ ਮੁਲਾਜ਼ਮ/ਪੈਨਸ਼ਨਰਾਂ ਦੀਆਂ ਮੰਗਾਂ ਬਾਰੇ ਮੈਨੀਫੈਸਟੋ ਵਿੱਚ ਉਨ੍ਹਾਂ ਦੀ ਮੰਗਾਂ ਅਤੇ ਸਹੂਲਤਾਂ ਦੇਣ ਸਬੰਧੀ ਕੋਈ ਥਾਂ ਨਹੀਂ ਦਿੱਤੀ, ਜਿਸ ਕਰਕੇ ਪੈਨਸ਼ਨਰਾਂ ਵਿੱਚ ਰਾਜਨੀਤਿਕ ਪਾਰਟੀਆਂ ਵਿਰੁੱਧ ਬਹੁਤ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਮੰਗਾਂ ਦਾ ਛੇਤੀ ਨਿਬੇੜਾ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਸੰਘਰਸ਼ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਮੋਹਨ ਸਿੰਘ ਬਾਵਾ, ਰਾਮ ਲਾਲ ਸ਼ਰਮਾ, ਸੁਖਮੰਦਰ ਸਿੰਘ, ਜਸਮੇਲ ਸਿੰਘ, ਸੱਤਪਾਲ ਕਲਸੀ, ਜੈ ਸਿੰਘ, ਸਤਿਨਾਮ ਸਿੰਘ ਬਾਜਵਾ, ਜਗਦੇਵ ਸਿੰਘ, ਬਲਵੰਤ ਸਿੰਘ, ਜਗਦੇਵ ਸਿੰਘ ਤੂੰਗਾਂ, ਅਜਮੇਰ ਸਿੰਘ ਡੀਐੱਸਪੀ, ਸੁਖਵਿੰਦਰ ਸਿੰਘ ਖੇੜੀ, ਕਰਨੈਲ ਸਿੰਘ ਖਾਲਸਾ, ਬਾਲ ਕ੍ਰਿਸ਼ਨ ਚੋਹਾਨ, ਹਰਦੀਪ ਸਿੰਘ ਅਤੇ ਪ੍ਰਹਿਲਾਦ ਬਾਂਸਲ ਹਾਜ਼ਰ ਸਨ।
ਪੈਨਸ਼ਨਰਾਂ ਵੱਲੋਂ ਭਾਜਪਾ, ‘ਆਪ’ ਤੇ ਅਕਾਲੀ ਦਲ ਦਾ ਬਾਈਕਾਟ
ਸੁਨਾਮ ਊਧਮ ਸਿੰਘ ਵਾਲਾ (ਬੀਰਇੰਦਰ ਸਿੰਘ ਬਨਭੌਰੀ): ਮੁਲਾਜ਼ਮ ਅਤੇ ਪੈਨਸ਼ਨਰ ਜੁਆਇੰਟ ਫਰੰਟ ਪੰਜਾਬ ਇਕਾਈ ਸੁਨਾਮ ਨੇ ਅੱਜ ਸਥਾਨਕ ਕੋਰਟ ਕੰਪਲੈਕਸ ਪੈਨਸ਼ਨ ਭਵਨ ਅੱਗੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਪੈਨਸ਼ਨਰਾਂ ਦੀਆਂ ਮੰਗਾਂ ਨੂੰ ਅਣਗੌਲਿਆ ਕਰਨ ਦੇ ਰੋਹ ਵਜੋਂ ਇਕੱਤਰ ਹੋਏ ਇਨ੍ਹਾਂ ਪੈਨਸਨਰਾਂ ਨੇ ਸ਼ਹਿਰ ਦੇ ਬਜ਼ਾਰਾਂ ਚ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਆਪ, ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਾ ਪੂਰਨ ਬਾਇਕਾਟ ਦਾ ਸੱਦਾ ਦਿੱਤਾ, ਜਦੋਂ ਕਿ ਇੰਡੀਆਂ ਗੱਠਜੋੜ ਸਰਕਾਰ ਨੂੰ ਸਮਰਥਨ ਦੇਣ ਦੀ ਅਪੀਲ ਕੀਤੀ। ਇਸ ਰੋਸ ਮੁਜ਼ਾਹਰੇ ਦੌਰਾਨ ਪੰਜਾਬ ਸਰਕਾਰ ਵਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਤਨਖਾਹ ਕਮਿਸ਼ਨ ਵਲੋਂ ਸੋਧੇ ਗਏ ਸਕੇਲਾਂ ਦੇ ਬਕਾਇਆਂ ਦੀ ਅਦਾਇਗੀ 1/1/2016 ਤੋਂ ਨਾ ਕਰਨ, ਲੀਵ ਐਨਕੈਸਮੈਂਟ ਦਾ ਬਕਾਇਆ ਅਦਾ ਨਾ ਕਰਨ, 2.59 ਦਾ ਗੁਣਾਂਕ ਲਾਗੂ ਨਾ ਕਰਨ ਅਤੇ ਪੁਰਾਣੀ ਪੈਨਸਨ ਸਕੀਮ ਲਾਗੂ ਨਾ ਕਰਨ ਉੱਤੇ ਸੂਬਾ ਸਰਕਾਰ ਨੂੰ ਕੋਸਿਆ ਗਿਆ। ਰਾਜ ਤੇ ਕੇਂਦਰ ਸਰਕਾਰ ਦੀ ਸ਼ਖਤ ਸ਼ਬਦਾਂ ਚ ਨਿਖੇਧੀ ਕਰਦਿਆਂ ਪੈਨਸ਼ਨਰਾਂ ਨੇ ਨਾਅਰਾ ਦਿੱਤਾ ਕਿ ਪੈਨਸ਼ਨ ਨਹੀਂ ਤਾਂ ਵੋਟ ਨਹੀਂ, ਬਕਾਏ ਨਹੀਂ ਤਾਂ ਵੋਟ ਨਹੀਂ। ਬੁਲਾਰਿਆਂ ਨੇ ਸਾਫ ਸ਼ਬਦਾਂ ਵਿੱਚ ਕਿਹਾ ਮੌਜੂਦਾ ਮੁਲਾਜ਼ਮ-ਪੈਨਸ਼ਨਰ ਵਿਰੋਧੀ ਸਰਕਾਰਾਂ ਨੂੰ ਕੋਈ ਵੋਟ ਨਾ ਪਾਈ ਜਾਵੇ, ਸਗੋਂ ਇੰਡੀਆ ਗੱਠਜੋੜ ਦੇ ਉਮੀਦਵਾਰਾਂ ਨੂੰ ਜਿਤਾਇਆ ਜਾਵੇ। ਅੱਜ ਦੀ ਰੈਲੀ ਨੂੰ ਜੀਤ ਸਿੰਘ ਬੰਗਾ, ਬਲਵਿੰਦਰ ਸਿੰਘ ਜਿਲੇਦਾਰ, ਜਗਦੇਵ ਸਿੰਘ ਬਾਹੀਆ, ਹਰਮੇਲ ਸਿੰਘ ਮਹਿਰੋਕ, ਉਜਾਗਰ ਸਿੰਘ ਜੱਗਾ, ਗੁਰਪ੍ਰੀਤ ਸਿੰਘ ਮੰਗਵਾਲ, ਰਾਮ ਸਰੂਪ ਢੈਪਈ, ਪਵਨ ਕੁਮਾਰ ਸ਼ਰਮਾ, ਫ਼ਕੀਰ ਸਿੰਘ ਟਿੱਬਾ, ਮਾਲਵਿੰਦਰ ਸਿੰਘ ਸੰਧੂ , ਅੰਗਰੇਜ਼ ਸਿੰਘ ਚੀਮਾ ਨੇ ਸੰਬੋਧਨ ਕੀਤਾ।