ਨਿਯਮਾਂ ਦੀ ਪਾਲਣਾ ਦਾ ਸਬਕ ਸਿਖਾਉਂਦਾ ਜੁਰਮਾਨਾ
ਕੁਲਦੀਪ ਸਿੰਘ
ਇਹ ਘਟਨਾ 2002 ਦੇ ਲਾਗੇ ਦੀ ਹੈ। ਇਸ ਘਟਨਾ ਦਾ ਦ੍ਰਿਸ਼ ਪੱਥਰ ’ਤੇ ਲਕੀਰ ਵਾਂਗ ਮੇਰੀ ਯਾਦਦਾਸ਼ਤ ’ਚ ਜਿਉਂ ਦਾ ਤਿਉਂ ਕਾਇਮ ਹੈ। ਇਹ ਵੀ ਯਾਦ ਹੈ ਕਿ ਉਸ ਦਿਨ ਮੌਸਮ ਸਾਫ਼ ਸੁਥਰਾ ਅਤੇ ਸੋਹਣਾ ਸੀ। ਉਸ ਸਮੇਂ ਮੈਂ ਆਪਣੇ ਪਰਿਵਾਰ ਯਾਨੀ ਪਤਨੀ ਅਤੇ ਤਿੰਨ ਬੱਚਿਆਂ ਨਾਲ ਹੁਣ ਵਾਲੇ ਘਰ ਯੂਨੀਆਨ ਸਿਟੀ (ਕੈਲੀਫੋਰਨੀਆ) ’ਚ ਰਹਿੰਦਾ ਸੀ। ਮੇਰਾ ਦਫ਼ਤਰ ਮੇਰੇ ਘਰੋਂ 21 ਮੀਲ ਦੂਰ ਸ਼ਹਿਰ ਓਕਲੈਂਡ ’ਚ ਪੰਦਰਾਂ ਮੰਜ਼ਲੀ ਇਮਾਰਤ ’ਚ ਸੀ। ਮੇਰੇ ਘਰ ਤੋਂ ਮਹਿਜ਼ ਅੱਧਾ ਮੀਲ ਦੂਰੀ ’ਤੇ ਹੀ ਯੂਨੀਅਨ ਸਿਟੀ ਬਾਰਟ (ਮੈਟਰੋ) ਸਟੇਸ਼ਨ ਪੈਂਦਾ ਸੀ।
ਮੇਰੇ ਕੋਲ ਕੰਮ ’ਤੇ ਜਾਣ ਲਈ ਇਸ ਰੇਲ-ਗੱਡੀ ਰਾਹੀਂ ਸਫ਼ਰ ਕਰਨ ਦੀ ਚੋਣ ਸੀ, ਪਰ ਮੈਂ ਉਦੋਂ ਇਸ ਸੁਵਿਧਾ ਦਾ ਲਾਹਾ ਨਹੀਂ ਸੀ ਲਿਆ। ਇਸ ਦੇ ਬਦਲੇ ਮੈਂ ਆਪਣੇ ਹੋਰ ਪੰਜ ਸਹਿਕਰਮੀਆਂ ਜੈਨਿਸ, ਮੇਅ, ਨੋਗ, ਰੀਟਾ ਅਤੇ ਲੈਸਟਰ ਨਾਲ ਰਲ਼ ਕੇ ਸਰਕਾਰੀ ਸੱਤ-ਸੀਟ ਵੈਨ ’ਚ ਕੰੰਮ ’ਤੇ ਆਉਂਦਾ-ਜਾਂਦਾ ਸੀ ਯਾਨੀ ਵੈਨਪੂਲ ਕਰਦਾ ਸੀ। ਵੈਨਪੂਲਿੰਗ ਦਾ ਸਭ ਤੋਂ ਜ਼ਿਆਦਾ ਫਾਇਦਾ ਦੋ ਜਾਂ ਵੱਧ ਸਵਾਰੀਆਂ ਨੂੰ ਤੇਜ਼ ਚੱਲਣ ਲਈ ਰਾਖਵੀਂ ਵੈਨਪੂਲ ਲੇਨ ’ਚ ਕਾਰ ਚਲਾਉਣ ਦੀ ਇਜਾਜ਼ਤ ਮਿਲਣਾ ਸੀ। ਇਸ ਨਾਲ ਭੀੜ-ਭੜੱਕੇ ਵਾਲੀ ਆਵਾਜਾਈ ਦੌਰਾਨ ਸਫ਼ਰ ਸਮੇਂ ਦੀ ਕਾਫ਼ੀ ਬੱਚਤ ਹੋ ਜਾਂਦੀ ਸੀ। ਜੈਨਿਸ, ਮੇਅ, ਨੋਗ ਅਤੇ ਰੀਟਾ ਅਧਖੜ੍ਹ ਉਮਰ ਦੀਆਂ ਔਰਤਾਂ ਸਨ। ਅਸੀਂ ਸਾਰੇ ਮੁਸਾਫ਼ਰ ਸ਼ਾਦੀ-ਸ਼ੁਦਾ ਅਤੇ ਪਰਿਵਾਰਾਂ ਵਾਲੇ ਸਾਂ। ਮੈਂ, ਲੈਸਟਰ, ਮੇਅ ਅਤੇ ਨੋਗ ਸਾਰੇ ਸਿਵਲ ਇੰਜੀਨੀਅਰ ਸਾਂ, ਪਰ ਰੀਤਾ ਅਤੇ ਜੈਨਿਸ ਨਹੀਂ।
ਸਭ ਦੇ ਕੰਮ ਕਰਨ ਦੀ ਸਮਾਂ ਸੂਚੀ ਇੱਕ ਸੀ। ਕੰਮ ਸਵੇਰੇ ਹਰ ਰੋਜ਼ 6:30 ਵਜੇ ਸ਼ੁਰੂ ਹੁੰਦਾ ਸੀ। ਉਂਜ ਅੰਮ੍ਰਿਤ ਵੇਲੇ ਸਾਰੇ ਮੈਂਬਰ ਚੁੱਪਚਾਪ ਸਫ਼ਰ ਕਰਦੇ ਅਤੇ ਬਹੁਤੇ ਤਾਂ ਚਾਲਕ ਨੂੰ ਛੱਡ ਕੇ ਹਲਕੀ ਜਿਹੀ ਅੱਖ ਲਾਉਣ ਲਈ ਸੌ ਜਾਂਦੇ ਸਨ। ਕੰਮ ਦੀ ਸਮਾਪਤੀ ਤੋਂ ਬਾਅਦ ਸ਼ਾਮ ਨੂੰ ਘਰ ਪਰਤਣ ਵੇਲੇ ਗੱਲਬਾਤ ਅਤੇ ਵਿਚਾਰ ਚਰਚਾ ਚਲੰਤ ਮਸਲਿਆਂ, ਵੱਖ ਵੱਖ ਸੱਭਿਆਚਾਰਾਂ, ਕੰਮ ਨਾਲ ਸਬੰਧਤ ਆਪਣੀਆਂ ਆਪਣੀਆਂ ਕਹਾਣੀਆਂ ਆਦਿ ’ਤੇ ਹੁੰਦੀ ਸੀ। ਇਸ ਵੈਨ ’ਚ ਰੀਟਾ ਅਤੇ ਮੇਰਾ ਰਿਸ਼ਤਾ ਇੱਕ ਪੱਖੋਂ ਇਸ ਕਾਰਨ ਨਜ਼ਦੀਕੀ ਸੀ ਕਿ ਰੀਟਾ ਸਿੰਧੀ ਸਿੱਖ ਸੀ। ਘਟਨਾ ਵਾਲੇ ਦਿਨ ਰੀਟਾ ਕੰਮ ’ਤੇ ਜਾਣ ਵੇਲੇ ਲੇਟ ਹੋ ਗਈ ਅਤੇ ਵੈਨ ਨੂੰ ਸਮੇਂ ਸਿਰ ਲੈ ਨਾ ਸਕੀ ਅਤੇ ਉਸ ਨੂੰ ਇਸ ਕਾਰਨ ਯੂਨੀਅਨ ਸਿਟੀ ਬਾਰਟ ਸਟੇਸ਼ਨ ’ਤੇ ਕਾਰ ਪਾਰਕ ਕਰ ਕੇ ਬਾਰਟ ਰੇਲ ਗੱਡੀ ਲੈ ਕੇ ਦਫ਼ਤਰ ’ਤੇ ਪੁੱਜਣਾ ਪਿਆ। ਉਸ ਨੇ ਦਫ਼ਤਰ ਪੁੱਜ ਕੇ ਮੇਰੇ ਕੋਲੋਂ ਸ਼ਾਮ ਨੂੰ ਵੈਨ ਦੇ ਸਫ਼ਰ ਤੋਂ ਬਾਅਦ ਉਸ ਨੂੰ ਬਾਰਟ ਸਟੇਸ਼ਨ ’ਤੇ ਪੁੱਜਦਾ ਕਰਨ ਦੀ ਬੇਨਤੀ ਕੀਤੀ ਸੀ ਜੋ ਮੈਂ ਖਿੜੇ-ਮੱਥੇ ਪ੍ਰਵਾਨ ਕਰ ਲਈ ਸੀ।
ਘਟਨਾ ਵਾਲੀ ਸ਼ਾਮ ਕੰਮ ਤੋਂ ਵਾਪਸੀ ਵੇਲੇ ਰੀਟਾ ਨੇ ਹਰ ਰੋਜ਼ ਵਾਂਗ ਵੈਨ ’ਚ ਸਫ਼ਰ ਕੀਤਾ। ਫਰੀਮੌਂਟ ਕਰੈਂਡਲ ਪਾਰਕ ਅੱਡੇ ’ਤੇ ਸ਼ਾਮ ਕਰੀਬ 5 ਵਜੇ ਪੁੱਜ ਗਏ। ਹੁਣ ਰੀਟਾ ਨੂੰ ਮੈਂ ਆਪਣੀ ਵੈਨ ’ਚ ਬਿਠਾ ਕੇ ਉਸ ਦੀ ਯੂਨੀਅਨ ਸਿਟੀ ਬਾਰਟ ਸਟੇਸ਼ਨ ’ਤੇ ਪਾਰਕ ਕੀਤੀ ਕਾਰ ਕੋਲ ਛੱਡਣ ਜਾਣਾ ਸੀ। ਅਸੀਂ ਦੋਵਾਂ ਨੇ ਯੂਨੀਅਨ ਸਿਟੀ ਬਾਰਟ ਸਟੇਸ਼ਨ ਦਾ ਰੁਖ਼ ਕੀਤਾ। ਪੰਜ ਕੁ ਮਿੰਟ ਦੀ ਡਰਾਈਵ ਤੋਂ ਬਾਅਦ ਮੈਂ ਯੂਨੀਅਨ ਸਿਟੀ ਬਾਰਟ ਸਟੇਸ਼ਨ ਦੀ ਹਦੂਦ ’ਚ ਪੁੱਜ ਗਿਆ। ਅਜੇ ਮੈਂ ਆਪਣੀ ਵੈਨ ਰੀਟਾ ਨੂੰ ਉਤਾਰਨ ਲਈ ਰੋਕੀ ਹੀ ਸੀ ਅਤੇ ਰੀਟਾ ਵੈਨ ’ਚੋਂ ਬਾਹਰ ਨਿਕਲੀ ਹੀ ਸੀ ਕਿ ਬਾਰਟ ਪੁਲੀਸ ਅਫ਼ਸਰ ਜਿਹੜਾ ਘਾਤ ਲਾ ਕੇ ਆਪਣੀ ਕਾਰ ’ਚ ਪਹਿਲਾਂ ਤੋਂ ਹੀ ਬੈਠਾ ਸੀ ਨੇ ਆਪਣੀ ਕਾਰ ਤੇਜ਼ੀ ਨਾਲ ਸਾਡੇ ਵੱਲ ਲਿਆ ਕੇ ਲਾਲ ਬੱਤੀ ਦੇ ਦਿੱਤੀ। ‘ਅਚਿੰਤੇ ਬਾਜ ਪਏ’ ਵਾਲੀ ਗੱਲ ਹੋ ਗਈ। ਮੈਨੂੰ ਆਪਣੀ ਗ਼ਲਤੀ ਦਾ ਪਤਾ ਤਾਂ ਲੱਗ ਗਿਆ ਸੀ, ਪਰ ਇਹ ਕੋਈ ਐਨੀ ਵੱਡੀ ਨਹੀਂ ਸੀ। ਮੈਂ ਕਾਰ ਲਾਲ ਰੰਗ ਦੀ ਬੰਨੀ (ਕਰਬ) ਨਾਲ ਵਰਜਿਤ ਥਾਂ ’ਤੇ ਬਿੰਦ ਦੀ ਬਿੰਦ ਖੜ੍ਹੀ ਕੀਤੀ ਸੀ ਤੇ ਇਹੀ ਮੇਰਾ ਕਸੂਰ ਸੀ, ਪਰ ਅਮਰੀਕੀ ਪੁਲੀਸ ਨੇ ਜਦੋਂ ਜੁਰਮਾਨੇ ਦੀ ਟਿਕਟ ਦਾ ਛਾਂਦਾ ਦੇਣਾ ਹੀ ਹੋਵੇ ਤਾਂ ਫਿਰ ਮਿੰਨਤ ਤਰਲਾ ਵੀ ਨਹੀਂ ਚੱਲਦਾ। ‘ਡਰਾਇਵਿੰਗ ਲਾਇਸੈਂਸ ਦਿਖਾਓ’ ਪੁਲੀਸ ਅਫ਼ਸਰ ਨੇ ਸਖ਼ਤੀ ਨਾਲ ਮੈਨੂੰ ਹੁਕਮ ਕੀਤਾ। ਬਸ ਫਿਰ ਕੀ ਸੀ, ਪੁਲੀਸ ਅਫ਼ਸਰ ਨੇ 250 ਡਾਲਰ ਜੁਰਮਾਨੇ ਦੀ ਟਿਕਟ ਲਿਖੀ ਅਤੇ ਮੇਰੇ ਹੱਥ ’ਤੇ ਧਰ ਦਿੱਤੀ ਤੇ ਪੁਲੀਸ ਅਫ਼ਸਰ ਟਿਕਟ ਦੇ ਕੇ ਛੂਹ-ਮੰਤਰ ਹੋ ਗਿਆ। ਰੀਟਾ ਅਤੇ ਮੈਂ ਟਿਕਟ ਬਾਰੇ ਕੋਈ ਗੱਲ ਅਗਲੇ ਦਿਨ ਕਰਨ ’ਤੇ ਪਾ ਕੇ ਇੱਕ ਦੂਜੇ ਨੂੰ ਸ਼ਾਮ ਦੀ ਸ਼ੁਭਕਾਮਨਾ ਕਰਕੇ ਆਪਣੇ ਆਪਣੇ ਘਰਾਂ ਨੂੰ ਪਰਤ ਗਏ। ਅਗਲੇ ਦਿਨ ਕੰਮ ਦੀ ਦੁਪਹਿਰ ਦੀ ਛੁੱਟੀ ਵੇਲੇ ਮੈਂ ਅਤੇ ਰੀਟਾ ਜੁਰਮਾਨੇ ਵਾਲੀ ਟਿਕਟ ਦੇ ਵਿਸ਼ੇ ’ਤੇ ਗੱਲ ਕਰਨ ਲਈ ਮੇਰੇ ਦਫ਼ਤਰ ’ਚ ਇਕੱਠੇ ਹੋਏ। ਰੀਟਾ ਕਹਿਣ ਲੱਗੀ ਸਾਰੇ ਦਾ ਸਾਰਾ ਜੁਰਮਾਨਾ ਉਹ ਭਰੇਗੀ ਕਿਉਂਕਿ ਇਹ ਭਾਣਾ ਉਸ ਨੂੰ ਰਾਈਡ (ਸਵਾਰੀ) ਦੇਣ ਕਾਰਨ ਵਰਤਿਆ ਸੀ। ਮੇਰੀ ਦਲੀਲ ਇਹ ਸੀ ਕਿ ਕਾਰ-ਚਾਲਕ ਹੋਣ ’ਦੇ ਨਾਤੇ ਮੈਨੂੰ ਕਾਰ ਪਾਰਕ ਕਰਨ ਦੇ ਨਿਯਮ ਪਾਲਣ ਕਰਨੇ ਆਉਣੇ ਚਾਹੀਦੇ ਸਨ। ਇਸ ਲਈ ਸਾਰੇ ਦਾ ਸਾਰਾ ਜੁਰਮਾਨਾ ਭਰਨ ਦੀ ਜ਼ਿੰਮੇਵਾਰੀ ਵੀ ਮੇਰੀ ਸੀ। ਮੈਂ ਨਹੀਂ ਚਾਹੁੰਦਾ ਕਿ ‘ਨਾਨੀ ਖਸਮ ਕਰੇ ਦੋਹਤਾ ਚੱਟੀ ਭਰੇ’ ਵਾਲੀ ਗੱਲ ਹੋਵੇ। ਰੀਟਾ ਦੀ ਜ਼ਿੱਦ ’ਤੇ ਅਸੀਂ ਇਸ ਜੁਰਮਾਨੇ ਦੀ ਰਕਮ ਨੂੰ ਅੱਧਾ ਅੱਧਾ ਵੰਡਣ ਦਾ ਫੈਸਲਾ ਲਿਆ ਅਤੇ ਰੀਟਾ ਨੇ ਉਸੇ ਵੇਲੇ 125 ਡਾਲਰ ਦਾ ਚੈੱਕ ਲਿਖ ਕੇ ਮੇਰੇ ਸਪੁਰਦ ਕਰ ਦਿੱਤਾ। ਮੈਂ ਆਪਣੇ ਸੁਭਾਅ ਅਨੁਸਾਰ ਤੁਰੰਤ ਬਾਰਟ ਮਹਿਕਮੇ ਦੇ 250 ਡਾਲਰ ਦੀ ਅਦਾਇਗੀ ਡਾਕ ਰਾਹੀਂ ਚੈੱਕ ਅਤੇ ਜੁਰਮਾਨਾ-ਟਿਕਟ ਦੀ ਕਾਪੀ ਭੇਜ ਕੇ ਕਰ ਦਿੱਤੀ।
ਕੰਮ ਦਾ ਇੱਕ ਦਿਨ ਭੰਨ ਕੇ ਮੈਂ ਅਤੇ ਰੀਟਾ ਕੋਰਟ ਜਾ ਕੇ ਇਹ ਟਿਕਟ ਮੁਆਫ਼ ਕਰਨ ਲਈ ਜੱਜ ਸਾਹਮਣੇ ਪੇਸ਼ ਹੋ ਸਕਦੇ ਸੀ ਅਤੇ ਟਿਕਟ ਮੁਆਫ਼ੀ ਦੀ ਉਮੀਦ ਵੀ ਕਾਫ਼ੀ ਹੋ ਸਕਦੀ ਸੀ, ਪਰ ਇਹ ਖੱਜਲ-ਖੁਆਰੀ ਵਾਲਾ ਰਾਹ ਸੀ। ਉਂਜ ਵੀ ਸਾਡੀ ਦੋਵਾਂ ਦੀ ਦਿਹਾੜੀ ਮਿਲਾ ਕੇ ਜੇ 500-600 ਡਾਲਰ ਵੀ ਲਾਈਏ ਤਾਂ 250 ਡਾਲਰ ਦੀ ਮੁਆਫ਼ੀ ਦਾੜ੍ਹੀ ਨਾਲੋਂ ਮੁੱਛਾਂ ਲੰਮੀਆਂ ਵਾਲੀ ਗੱਲ ਸੀ। ਇਸ ਘਟਨਾ ਦੇ ਮਗਰੋਂ ਮੇਰੇ ਮਨ ’ਚ ਰੀਟਾ ਲਈ ਇੱਜ਼ਤ ਹੋਰ ਵੀ ਵਧ ਗਈ। ਅਮਰੀਕਾ ਦਾ ਸਖ਼ਤ ਕਾਨੂੰਨ ਅਤੇ ਕਾਨੂੰਨ ਨੂੰ ਲਾਗੂ ਕਰਨਾ ਵੀ ਨਾਗਰਿਕਾਂ ਦੇ ਭਲੇ ਲਈ ਹੀ ਹੈ। ਹੁਣ ਜਦੋਂ ਵੀ ਮੈਂ ਲਾਲ ਬੰਨੀ (ਕਰਬ) ਨੂੰ ਵੇਖਦਾ ਹਾਂ ਤਾਂ ਮੈਨੂੰ ਇਸ ਤਰ੍ਹਾਂ ਦੀ ਗ਼ਲਤੀ ਨੂੰ ਨਾ ਦੁਹਰਾਉਣ ਦਾ ਸਬਕ ਯਾਦ ਆ ਜਾਂਦਾ ਹੈ।
ਸੰਪਰਕ: 510 676 0248