‘ਪਹਿਲ’ ਪ੍ਰਾਜੈਕਟ ਨੂੰ ਪਿੰਡ ਬਾਜਕ ਲਈ ਹਰੀ ਝੰਡੀ
ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 4 ਫਰਵਰੀ
ਜ਼ਿਲ੍ਹਾ ਪ੍ਰਸ਼ਾਸਨ ਬਠਿੰਡਾ ਨੇ ਪਿੰਡ ਬਾਜਕ ’ਚ ‘ਪਹਿਲ’ ਪ੍ਰਾਜੈਕਟ ਦੀ ਸ਼ੁਰੂਆਤ ਲਈ ਅੱਜ ਹਰੀ ਝੰਡੀ ਦੇ ਦਿੱਤੀ। ਇਹ ਪ੍ਰਾਜੈਕਟ ਲਿਆਉਣ ਲਈ ਗ੍ਰਾਮ ਪੰਚਾਇਤ ਬਾਜਕ ਦੇ ਨੁਮਾਇੰਦਿਆਂ ਅਤੇ ਨਗਰ ਵਾਸੀਆਂ ਨੇ ਪਿੰਡ ਪੁੱਜੇ ਚੇਅਰਮੈਨ ਜਤਿੰਦਰ ਭੱਲਾ ਦਾ ਮੂੰਹ ਮਿੱਠਾ ਕਰਵਾ ਕੇ ਧੰਨਵਾਦ ਕੀਤਾ। ਸ੍ਰੀ ਭੱਲਾ ਨੇ ਕਿਹਾ ਕਿ ਇਸ ਪ੍ਰਾਜੈਕਟ ਰਾਹੀਂ ਸ਼ੈੱਲਫ਼ ਹੈਲਪ ਗਰੁੱਪ ਦੀਆਂ ਔਰਤਾਂ ਨੂੰ ਰੁਜ਼ਗਾਰਮੰਦ ਬਣਾਉਣ ਲਈ ਸਰਕਾਰੀ ਸਕੂਲਾਂ ਦੇ ਬੱਚਿਆਂ ਅਤੇ ਪੰਜਾਬ ਪੁਲੀਸ ਦੀਆਂ ਵਰਦੀਆਂ ਦੀ ਸਿਲਾਈ ਦਾ ਕੰਮ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਆਪ ਸਰਕਾਰ ਆਪਣੇ ਵਾਅਦੇ ਅਨੁਸਾਰ ਰੁਜ਼ਗਾਰ ਪੈਦਾ ਕਰਨ ਦੇ ਯਤਨ ਕਰ ਰਹੀ ਹੈ। ਭੱਲਾ ਨੇ ਕਿਹਾ ਕਿ ਵਿਧਾਨ ਸਭਾ ਹਲਕੇ ਅੰਦਰ ਅਜਿਹੇ ਹੋਰ ਵੀ ਪ੍ਰੋਜੈਕਟ ਲਿਆਂਦੇ ਜਾਣਗੇ।
ਉਨ੍ਹਾਂ ਅਤੀਤ ਦੀਆਂ ਸਰਕਾਰਾਂ ’ਤੇ ਰੁਜ਼ਗਾਰ ਪੈਦਾ ਕਰਨ ਦੇ ਯਤਨ ਨਾ ਕਰਨ ਦਾ ਦੋਸ਼ ਲਾਉਂਦਿਆਂ ਆਖਿਆ ਕਿ ਇਹ ਵੀ ਇੱਕ ਵੱਡਾ ਕਾਰਣ ਸੀ ਕਿ ਇਹ ਹਲਕਾ ਵਿਕਾਸ ਪੱਖੋਂ ਪਛੜ ਗਿਆ। ਸ੍ਰੀ ਭੱਲਾ ਨੇ ਪ੍ਰਾਜੈਕਟ ਲਈ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪ੍ਰਾਜੈਕਟ ਨੂੰ ਸਹੀ ਉਦੇਸ਼ ਵੱਲ ਲਿਜਾਣ ਲਈ ਸੰਭਵ ਯੋਗਦਾਨ ਪਾਉਣਗੇ।