For the best experience, open
https://m.punjabitribuneonline.com
on your mobile browser.
Advertisement

ਪਿੱਪਲ ਦੀ ਅਨੋਖੀ ਦਾਸਤਾਂ

05:24 AM Nov 25, 2023 IST
ਪਿੱਪਲ ਦੀ ਅਨੋਖੀ ਦਾਸਤਾਂ
Advertisement

ਮਨਮੋਹਨ ਸਿੰਘ ਦਾਊਂ

ਚੰਡੀਗੜ੍ਹ ਸ਼ਹਿਰ ਦੀਆਂ ਕਈ ਥਾਵਾਂ, ਇਮਾਰਤਾਂ ਅਤੇ ਅਦਾਰੇ ਜਿੱਥੇ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਹਨ, ਉੱਥੇ ਸੁਖਨਾ ਝੀਲ ਵੀ ਦਰਸ਼ਕਾਂ ਨੂੰ ਮਨ-ਮੋਹਿਤ ਕਰਦੀ ਹੈ। ਸੂਰਜਪੁਰ ਤੇ ਨੈਣਾਂ ਤੋਂ ਕਦੇ ਦੋ ਨਦੀਆਂ ਆਉਂਦੀਆਂ ਸਨ ਤੇ ਆਪਸ ਵਿਚ ਮਿਲ ਕੇ ਸੁਖਨਾ ਨਦੀ ਬਣ ਜਾਂਦੀਆਂ ਹਨ। ਭਾਰਤ ਦੀ ਆਜ਼ਾਦੀ ਪਿੱਛੋਂ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦਾ ਨਾਂ ‘ਚੰਡੀ ਮੰਦਰ’ ਤੋਂ ਪਿਆ। ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਇਸ ਸ਼ਹਿਰ ਦਾ ਨੀਂਹ ਪੱਥਰ 2 ਅਪਰੈਲ 1952 ਨੂੰ ਰੱਖਿਆ। ਫਰਾਂਸ ਦੇ ਆਰਕੀਟੈਕਟ ਲੀ ਕਾਰਬੂਜ਼ੀਏ ਨੂੰ ਇਸ ਸ਼ਹਿਰ ਦਾ ਮਾਸਟਰ ਪਲਾਨ ਤਿਆਰ ਕਰਨ ਦੀ ਜਿ਼ੰਮੇਵਾਰੀ ਸੌਂਪੀ ਗਈ। ਉਸ ਨੇ ਸਿ਼ਵਾਲਿਕ ਦੀਆਂ ਪਹਾੜੀਆਂ ਦੀ ਕੁਦਰਤੀ ਸੁੰਦਰਤਾ ਨੂੰ ਕਾਇਮ ਰੱਖਣ ਅਤੇ ਸੈਲਾਨੀਆਂ ਦੇ ਮਨੋਰੰਜਨ ਲਈ ਸੁਖਨਾ ਝੀਲ ਨੂੰ ਮਾਸਟਰ ਪਲਾਨ ਦਾ ਅਹਿਮ ਹਿੱਸਾ ਬਣਾਇਆ। ਇਸ ਕਾਰਨ ਹੀ ਚੰਡੀਗੜ੍ਹ ਲਈ ਪਦਮਸ੍ਰੀ ਨੇਕ ਚੰਦ ਨੂੰ ਰੌਕ ਗਾਰਡਨ ਸਿਰਜਣ ਦਾ ਖਿਆਲ ਆਇਆ। ਹੁਣ ਰੌਕ ਗਾਰਡਨ ਤੇ ਸੁਖਨਾ ਝੀਲ ਦੀ ਸਾਂਝ ਇੰਨੀ ਇੱਕ-ਮਿੱਕ ਹੋ ਗਈ ਹੈ ਜਿਵੇਂ ਇਹ ਚੰਡੀਗੜ੍ਹ ਸ਼ਹਿਰ ਦੀ ਰੂਹ ਹੋਣ। ਸਵੇਰੇ ਤੇ ਸ਼ਾਮੀ ਚੰਡੀਗੜ੍ਹ ਵਾਸੀ ਸੈਰ ਦਾ ਆਨੰਦ ਮਾਣਦੇ ਹਨ। ਵਿਸ਼ੇਸ਼ ਸਮਾਗਮਾਂ ’ਤੇ ਝੀਲ ਕਿਨਾਰੇ ਰੌਣਕਾਂ ਲੱਗਦੀਆਂ ਹਨ। ਨੇੜੇ ਹੀ ਗੋਲਫ ਕਲੱਬ ਦੇ ਸ਼ਾਹੀ ਜਲੌਅ ਵੀ ਦੇਖਣ ਯੋਗ ਹਨ। ਨਾਲ ਹੀ ਪੰਜਾਬ ਗਵਰਨਰ ਹਾਊਸ ਹੈ।
1952 ਤੋਂ ਪਹਿਲਾਂ ਇਸ ਸਾਰੇ ਖੇਤਰ ’ਤੇ ਘੁੱਗ ਵਸਦਾ ਪਿੰਡ ਰਾਮਨਗਰ ‘ਭੰਗੀਮਾਜਰਾ’ ਹੁੰਦਾ ਸੀ ਜਿਸ ਨੂੰ ਲੱਗਭਗ 250 ਸਾਲ ਪਹਿਲਾਂ ਖੜਕ ਸਿੰਘ ਨੇ ਵਸਾਇਆ ਸੀ। ਉਦੋਂ 20/22 ਘਰ ਸਨ, ਗੋਤੀ ਸਨ ਛੜਾਨ ਜਿ਼ਮੀਦਾਰ। ਬਾਅਦ ’ਚ ਇੱਕ ਘਰ ਤਰਖਾਣਾਂ ਦਾ, ਇੱਕ ਲੁਬਾਣਿਆਂ ਦਾ ਤੇ ਇੱਕ ਘਰ ਕਹਾਰਾਂ ਦਾ ਵਸਾਇਆ ਗਿਆ।
ਇਸ ਵੇਲੇ ਸੁਖਨਾ ਝੀਲ ’ਤੇ ਬਿਲਕੁਲ ਕੰਢੇ ਉੱਤੇ ਪੁਰਾਣਾ ਪਿੱਪਲ ਆਪਣੀ ਕਹਾਣੀ ਸਾਂਭੀ ਖੜੋਤਾ ਹੈ ਜਿਸ ਦੇ ਟਾਹਣ ਅਤੇ ਤਣਾ ਇਸ ਦੀ ਉਮਰ ਸੌ ਕੁ ਸਾਲ ਦੀ ਦੱਸਦੇ ਜਾਪਦੇ ਹਨ। ਕਿੰਨੇ ਹੀ ਸੈਲਾਨੀ ਇਸ ਨੂੰ ਤੱਕਦੇ ਹਨ, ਥੱਲੇ ਚਬੂਤਰੇ ’ਤੇ ਬੈਠ ਕੇ ਛਾਂ ਮਾਣਦੇ ਹਨ। ਕਈ ਆਪਣੇ ਨਾਂ ਇਸ ਦੇ ਤਣੇ ਉੱਤੇ ਖੁਣਦੇ ਹਨ ਪਰ ਇਹ ਪਿੱਪਲ ਅਡੋਲ ਹੈ, ਖ਼ਾਮੋਸ਼ ਹੈ। ਹਨੇਰੀਆਂ ਆਈਆਂ, ਝੱਖੜ ਝੁੱਲੇ, ਡੋਬਾ ਸੋਕਾ, ਗਰਮੀ ਸਰਦੀ, ਹੋਰ ਪਤਾ ਨਹੀਂ ਕੀ ਕੀ ਵਾਪਰਿਆ ਪਰ ਇਹ ਪਿੱਪਲ ਉਸ ਮਨੁੱਖ ਦੀ ਯਾਦ ਸਾਂਭੀ ਹੈ ਜਿਸ ਨੇ ਇਸ ਨੂੰ ਲਾਇਆ ਸੀ; ਉਹ ਸੀ ਪਿੰਡ ਰਾਮਨਗਰ ਭੰਗੀਮਾਜਰਾ ਦਾ ਗਿਆਨ ਸਿੰਘ ‘ਗਿਆਨਾ’ ਵਲਦ ਨੰਦ ਸਿੰਘ ‘ਨੰਦਾ’। ਇੱਕ ਆਮ ਜਿ਼ੰਮੀਦਾਰ ਗਿਆਨ ਸਿੰਘ ਮੋਹਵੰਤਾ, ਸਾਊ ਲੰਮਾ-ਲੰਝਾ ਤੇ ਨਿਮਰ ਸੁਭਾਅ ਦਾ ਮਾਲਕ ਸੀ, ਉਸ ਦਾ ਪਿਤਾ ਅੱਖੜ ਸੁਭਾਅ ਦਾ ਜਾਣਿਆ ਜਾਂਦਾ ਸੀ। ਗਿਆਨ ਸਿੰਘ ਭਾਰਤੀ ਫੌਜ ’ਚ ਭਰਤੀ ਹੋ ਗਿਆ। ਕੁਦਰਤ ਦੀ ਕਰੋਪੀ ਉਸ ਨੂੰ ਘਾਤਕ ਬਿਮਾਰੀ ਟੀਬੀ ਹੋ ਗਈ ਤੇ ਫੌਜ ’ਚੋਂ ਬਿਨਾ ਪੈਨਸ਼ਨ ਦਿੱਤਿਆਂ ਕੱਢ ਦਿੱਤਾ। ਉਸ ਦੀ ਘਰਵਾਲੀ ਪਿੰਡ ਗੁਰਦਾਸਪੁਰ ਤੋਂ ਸੀ ਜਿਸ ਨੂੰ ਕਈ ਮੁਸੀਬਤਾਂ ਨੇ ਘੇਰ ਲਿਆ ਤੇ ਕੋਈ ਬੱਚਾ ਵੀ ਨਾ ਹੋਇਆ। ਦੱਸਦੇ ਹਨ ਕਿ ਇਹ ਔਰਤ ਬਹੁਤ ਹੀ ਸੁਸ਼ੀਲ ਸੁਭਾਅ ਦੀ ਸੀ। ਗਿਆਨ ਸਿੰਘ ਦੇ ਮਨ ਅੰਦਰ ਪਿੱਪਲ ਦਾ ਰੁੱਖ ਲਾਉਣ ਦਾ ਫੁਰਨਾ ਉਪਜਿਆ: ‘ਚਲੋ, ਜੇ ਕੁਦਰਤ ਨੇ ਸੰਤਾਨ ਨਹੀਂ ਦਿੱਤੀ ਤਾਂ ਪਿੰਡ ਦੀ ਸ਼ਾਮਲਾਟ ਜ਼ਮੀਨ ’ਤੇ ਪਿੱਪਲ ਹੀ ਆਪਣੀ ਨਿਸ਼ਾਨੀ ਵਜੋਂ ਲਾ ਦੇਵਾਂ।’
ਇਸ ਸ਼ਾਮਲਾਟ ਜ਼ਮੀਨ ਨੂੰ ਪਸ਼ੂਆਂ ਦੀ ਚਰਾਂਦ ਵੀ ਕਿਹਾ ਜਾਂਦਾ ਸੀ ਤੇ ਕਿਸਾਨ ਆਪਣੀ ਫ਼ਸਲ ਲਈ ਖਲਵਾੜੇ ਵਜੋਂ ਵਰਤ ਲੈਂਦੇ ਸਨ। ਕੁਝ ਸਾਲਾਂ ਬਾਅਦ ਗਿਆਨ ਸਿੰਘ ਦਾ ਦੇਹਾਂਤ ਹੋ ਗਿਆ। ਪੁੱਤਰ ਦੀ ਨਿਸ਼ਾਨੀ ਨੂੰ ਹਰਿਆ-ਭਰਿਆ ਰੱਖਣ ਲਈ ਉਸ ਦੇ ਪਿਤਾ ਨੰਦ ਸਿੰਘ ਨੇ ਇਸ ਪਿੱਪਲ ਦੀ ਸਾਂਭ-ਸੰਭਾਲ ਕੀਤੀ।
ਚੰਡੀਗੜ੍ਹ ਦੇ ਪਹਿਲੇ 1952 ਵਾਲੇ ਉਠਾਲੇ ਸਮੇਂ ਪਿੰਡ ਰਾਮਨਗਰ ਢਹਿ-ਢੇਰੀ ਕਰ ਦਿੱਤਾ ਗਿਆ ਤੇ ਸੁਖਨਾ ਝੀਲ ਦੀ ਉਸਾਰੀ ਦੀ ਯੋਜਨਾ ਜੰਗੀ ਪੱਧਰ ’ਤੇ ਆਰੰਭ ਹੋ ਗਈ। ਪਿੰਡ ਦੇ ਬਹੁਤ ਸਾਰੇ ਰੁੱਖ ਪੁੱਟੇ ਗਏ। ਝੀਲ ਕੰਢੇ ਇਸ ਪਿੱਪਲ ਦੀ ਵਾਰੀ ਵੀ ਆਉਣੀ ਸੀ ਪਰ ਇਸ ਯੋਜਨਾ ’ਚ ਕੰਮ ਕਰਦੇ ਕੁਲਵੰਤ ਸਿੰਘ (ਪਿੰਡ ਅੱਲਾਪੁਰ, ਉਦੋਂ ਜਿ਼ਲ੍ਹਾ ਰੋਪੜ) ਨੂੰ ਇਸ ਪਿੱਪਲ ਦੀ ਕਹਾਣੀ ਦਾ ਪਤਾ ਸੀ। ਉਹ ਪਿੰਡ ਰਾਮਨਗਰ ਭੰਗੀਮਾਜਰਾ ਦੇ ਬਜ਼ੁਰਗ ਦਲੇਲ ਸਿੰਘ ਦਾ ਦੋਹਤਰਾ ਸੀ। ਉਸ ਨੇ ਝੀਲ ਦੇ ਨਕਸ਼ੇ ਦੀ ਵਿਉਂਤ ਨੂੰ ਇੰਝ ਮੋੜਾ ਦਿੱਤਾ ਕਿ ਇਹ ਪਿੱਪਲ ਕਿਵੇਂ ਨਾ ਕਿਵੇਂ ਬਚਾਇਆ ਜਾ ਸਕੇ। ਆਖਿ਼ਰ ਪਿੱਪਲ ਨੂੰ ਪੁੱਟਣ ਤੋਂ ਬਚਾ ਲਿਆ ਗਿਆ ਤੇ ਝੀਲ ਦੇ ਪਾਣੀ ਨਾਲ ਇਸ ਦਾ ਵੱਡ-ਅਕਾਰੀ ਸੋਹੰਦਾ ਸਰੂਪ ਬਣ ਗਿਆ। ਇਸ ਤੋਂ ਹੋਰ ਅੱਗੇ ਇਸ ਪਿੱਪਲ ਨੂੰ ਵਿਰਸੇ, ਵਿਰਾਸਤ ਤੇ ਇਤਿਹਾਸਕ-ਨਿਸ਼ਾਨੀ ਵਜੋਂ ਮਹੱਤਤਾ ਦੇਣ ਲਈ ਸ੍ਰੀ ਸਰਵਣ ਸਿੰਘ (ਰਾਮਨਗਰ ਭੰਗੀਮਾਜਰਾ) ਨੇ ਉੱਦਮ ਕਰ ਕੇ ਗਵਰਨਰ ਦੇ ਤਤਕਾਲੀ ਏਡੀਸੀ ਨੂੰ 16 ਅਪਰੈਲ 1983 ਨੂੰ ਪੱਤਰ ਲਿਖ ਕੇ ਇਸ ਪਿੱਪਲ ਦੀ ਆਤਮ-ਕਥਾ ਪੇਸ਼ ਕੀਤੀ ਤਾਂ ਜੋ ਯਾਦਗਾਰ ਵਜੋਂ ਇਸ ਪਿੱਪਲ ਦੀ ਪੂਰੀ ਦੇਖ-ਰੇਖ ਕੀਤੀ ਜਾਵੇ। ਉਦੋਂ ਇਸ ਪਿੱਪਲ ਦੀ ਉਚਾਈ 15-16 ਫੁੱਟ ਤੇ ਤਣੇ ਦਾ ਘੇਰਾ 6 ਫੁੱਟ ਦੇ ਕਰੀਬ ਸੀ। ਇਸ ਕਥਾ ਦੇ ਸਬੂਤ, ਲਿਖਤੀ ਪੱਤਰ ਦੀ ਕਾਪੀ ਵਜੋਂ ਮੈਨੂੰ ਸਰਵਣ ਸਿੰਘ ਜੋ ਉਦੋਂ ਮਾਡਲ ਟਾਊਨ ਸੰਨੀ ਐਨਕਲੇਵ ਦੇਸੂਮਾਜਰਾ-ਛੱਜੂਮਾਜਰਾ ਵਿਚ ਰਹਿੰਦੇ ਸਨ, ਨੇ 3 ਫਰਵਰੀ 2016 ਨੂੰ ਦਿੱਤੀ। ਧੰਨ ਸੀ ਉਹ ਪੁਰਖ ਜੋ ਰੁੱਖਾਂ ਨੂੰ ਪੁੱਤਾਂ ਵਾਂਗ ਪਾਲਦੇ ਸਨ। ਰੁੱਖ ਤੇ ਮਨੁੱਖ ਦੀ ਜਿਊਂਦੀ ਜਾਗਦੀ ਅਨੋਖੀ ਸਾਂਝ ਸਾਡੇ ਲਈ ਪ੍ਰੇਰਨਾ ਦਾ ਸੋਮਾ ਹੈ।
ਸੰਪਰਕ: 98151-23900

Advertisement

Advertisement
Advertisement
Author Image

joginder kumar

View all posts

Advertisement