ਸਰਵਿਸ ਰੋਡ ’ਤੇ ਆਟੋ ਖੜ੍ਹੇ ਕਰਨ ਤੋਂ ਰਾਹਗੀਰ ਔਖੇ
ਪੱਤਰ ਪ੍ਰੇਰਕ
ਐਸਏਐਸ ਨਗਰ (ਮੁਹਾਲੀ), 8 ਅਕਤੂਬਰ
ਇੱਥੋਂ ਦੇ ਫੇਜ਼-6 ਦੀ ਮਾਰਕੀਟ ਦੇ ਸਾਹਮਣੇ ਖਾਲੀ ਥਾਂ ਤੇ ਮੁੱਖ ਸੜਕ ਕਿਨਾਰੇ ਸਰਵਿਸ ਰੋਡ ’ਤੇ ਥ੍ਰੀਵ੍ਹੀਲਰ ਖੜ੍ਹੇ ਕੀਤੇ ਜਾਣ ਕਾਰਨ ਸ਼ਹਿਰੀਆਂ ਅਤੇ ਰਾਹਗੀਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹੀ ਨਹੀਂ ਆਟੋ ਚਾਲਕਾਂ ਨੇ ਸਰਵਿਸ ਰੋਡ ਉੱਤੇ ਹੀ ਆਰਜ਼ੀ ਵਰਕਸ਼ਾਪ ਬਣਾ ਲਈ ਹੈ, ਜੋ ਇੱਥੇ ਹੀ ਆਟੋ ਖੜ੍ਹੇ ਕਰ ਕੇ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੰਦੇ ਹਨ। ਹੁਣ ਇੱਥੇ ਹੀ ਪ੍ਰਾਈਵੇਟ ਬੱਸਾਂ ਖੜ੍ਹੀਆਂ ਕੀਤੀਆਂ ਜਾਣ ਲੱਗੀਆਂ ਹਨ।
ਮਾਰਕੀਟ ਦੇ ਦੁਕਾਨਦਾਰਾਂ ਅਤੇ ਸ਼ੋਅਰੂਮਾਂ ਦੇ ਮਾਲਕਾਂ ਨੇ ਮੰਗ ਕੀਤੀ ਕਿ ਆਟੋ ਚਾਲਕਾਂ ਅਤੇ ਮਕੈਨਿਕਾਂ ਵੱਲੋਂ ਕੀਤੇ ਨਾਜਾਇਜ਼ ਕਬਜ਼ੇ ਅਤੇ ਨਾਜਾਇਜ਼ ਪਾਰਕ ਕੀਤੀਆਂ ਜਾਂਦੀਆਂ ਪ੍ਰਾਈਵੇਟ ਬੱਸਾਂ ਨੂੰ ਇੱਥੋਂ ਹਟਾਇਆ ਜਾਵੇ। ਹਰਪ੍ਰੀਤ ਸਿੰਘ, ਐਮਪੀ ਸਿੰਘ ਆਦਿ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਥ੍ਰੀਵ੍ਹੀਲਰ ਵਾਲਿਆਂ ਨੇ ਸੜਕ ਕਿਨਾਰੇ ਹੀ ਆਟੋ ਮੁਰੰਮਤ ਕਰਨ ਦੀਆਂ ਕਥਿਤ ਨਾਜਾਇਜ਼ ਵਰਕਸ਼ਾਪਾਂ ਵੀ ਬਣਾ ਲਈਆਂ ਹਨ। ਇਸ ਕਾਰਨ ਨਗਰ ਨਿਗਮ ਵੱਲੋਂ ਸ਼ੋਅਰੂਮਾਂ ਦੇ ਅੱਗੇ ਬਣਾਈ ਗਈ ਪਾਰਕਿੰਗ ਵਿੱਚ ਆਮ ਵਿਅਕਤੀ ਦਾ ਪੈਦਲ ਲੰਘਣਾ ਵੀ ਔਖਾ ਹੋਇਆ ਪਿਆ ਹੈ। ਇੱਥੇ ਹੀ ਬੱਸ ਨਹੀਂ ਪਿਛਲੇ ਕੁਝ ਸਮੇਂ ਤੋਂ ਪ੍ਰਾਈਵੇਟ ਬੱਸਾਂ ਵਾਲਿਆਂ ਨੇ ਪਾਰਕਿੰਗ ਵਿੱਚ ਬੱਸਾਂ ਖੜ੍ਹੀਆਂ ਕਰਨੀਆਂ ਸ਼ੁਰੂ ਦਿੱਤੀਆਂ ਹਨ।
ਸ਼ੋਅਰੂਮ ਮਾਲਕਾਂ ਅਤੇ ਦੁਕਾਨਦਾਰਾਂ ਨੇ ਕਿਹਾ ਕਿ ਉਹ ਹਰ ਸਾਲ ਨਗਰ ਨਿਗਮ ਨੂੰ ਲੱਖਾਂ ਰੁਪਏ ਪ੍ਰਾਪਰਟੀ ਟੈਕਸ ਦਿੰਦੇ ਪਰ ਨਿਗਮ ਅਧਿਕਾਰੀਆਂ ਵੱਲੋਂ ਮਾਰਕੀਟ ਦੀ ਪਾਰਕਿੰਗ ’ਚੋਂ ਨਾਜਾਇਜ਼ ਕਬਜ਼ੇ ਹਟਾਉਣ ਲਈ ਠੋਸ ਕਦਮ ਨਹੀਂ ਚੁੱਕੇ ਜਾ ਰਹੇ। ਉਨ੍ਹਾਂ ਅਦਾਲਤ ਦਾ ਬੂਹਾ ਖੜਕਾਉਣ ਦੀ ਚਿਤਾਵਨੀ ਦਿੱਤੀ।