For the best experience, open
https://m.punjabitribuneonline.com
on your mobile browser.
Advertisement

ਪੇਡਾ ਨੇ ਪੰਜਾਬ ’ਚ 10 ਸੀਬੀਜੀ ਪਲਾਂਟ ਲਾਉਣ ਲਈ ਗੇਲ ਨਾਲ ਸਮਝੌਤਾ ਕੀਤਾ

05:56 PM Nov 21, 2023 IST
ਪੇਡਾ ਨੇ ਪੰਜਾਬ ’ਚ 10 ਸੀਬੀਜੀ ਪਲਾਂਟ ਲਾਉਣ ਲਈ ਗੇਲ ਨਾਲ ਸਮਝੌਤਾ ਕੀਤਾ
Advertisement

ਚੰਡੀਗੜ੍ਹ, 21 ਨਵੰਬਰ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਵਚਨਬੱਧਤਾ ਅਨੁਸਾਰ ਫ਼ਸਲਾਂ ਦੀ ਰਹਿੰਦ-ਖੂੰਹਦ ਦੀ ਸੁਚਾਰੂ ਵਰਤੋਂ ਅਤੇ ਪਰਾਲੀ ਸਾੜਨ ਤੋਂ ਰੋਕਣ ਦੀ ਦਿਸ਼ਾ ਵੱਲ ਕਦਮ ਚੁੱਕਦਿਆਂ ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਨੇ ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਅਮਨ ਅਰੋੜਾ ਦੀ ਅਗਵਾਈ ਹੇਠ ਗੇਲ (ਇੰਡੀਆ) ਲਿਮਟਿਡ ਨਾਲ ਸਮਝੌਤਾ ਸਹੀਬੱਧ ਕੀਤਾ, ਜਿਸ ਨਾਲ ਗੇਲ ਵੱਲੋਂ ਸੂਬੇ ਵਿੱਚ 10 ਕੰਪਰੈੱਸਡ ਬਾਇਓਗੈਸ (ਸੀਬੀਜੀ) ਪ੍ਰਾਜੈਕਟ ਅਤੇ ਨਵੀਂ ਤੇ ਨਵਿਆਉਣਯੋਗ ਊਰਜਾ ਦੇ ਹੋਰ ਪ੍ਰਾਜੈਕਟਾਂ ਦੀ ਸਥਾਪਨਾ ਦਾ ਰਾਹ ਪੱਧਰਾ ਹੋ ਗਿਆ ਹੈ।  ਇਸ ਸਮਝੌਤੇ 'ਤੇ ਪੇਡਾ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਡਾ. ਅਮਰਪਾਲ ਸਿੰਘ ਅਤੇ ਗੇਲ (ਇੰਡੀਆ) ਦੇ ਕਾਰਜਕਾਰੀ ਡਾਇਰੈਕਟਰ (ਬਿਜ਼ਨਸ ਡਿਵੈਲਪਮੈਂਟ ਅਤੇ ਈ ਐਂਡ ਪੀ) ਆਰਕੇ ਸਿੰਘਲ ਨੇ ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ ਵਿਭਾਗ ਦੇ ਸਕੱਤਰ ਡਾ. ਰਵੀ ਭਗਤ ਦੀ ਮੌਜੂਦਗੀ ਵਿੱਚ ਦਸਤਖ਼ਤ ਕੀਤੇ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 10 ਸੀਬੀਜੀ ਪ੍ਰਾਜੈਕਟਾਂ ਦੀ ਸਥਾਪਨਾ ਲਈ ਸਮਝੌਤਾ ਸਹੀਬੱਧ ਕਰਨ ’ਤੇ ਗੇਲ (ਇੰਡੀਆ) ਲਿਮਟਿਡ ਅਤੇ ਪੇਡਾ ਨੂੰ ਵਧਾਈ ਦਿੱਤੀ। ਸ੍ਰੀ ਅਰੋੜਾ ਨੇ ਕਿਹਾ ਕਿ ਇਹ ਸਮਝੌਤਾ ਸੂਬੇ ਨੂੰ ਸਾਲਾਨਾ 5 ਲੱਖ ਟਨ ਪਰਾਲੀ ਦਾ ਨਬਿੇੜਾ ਕਰਨ ਅਤੇ ਇਸ ਤੋਂ ਸਾਫ਼-ਸੁਥਰੀ ਊਰਜਾ ਪੈਦਾ ਕਰਨ ਵਿੱਚ ਮਦਦ ਕਰੇਗਾ। ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਅਤੇ ਇੱਥੇ ਫ਼ਸਲਾਂ ਦੀ ਰਹਿੰਦ-ਖੂੰਹਦ ‘ਤੇ ਅਧਾਰਿਤ ਸੀਬੀਜੀ ਪਲਾਂਟਾਂ ਦੀ ਅਥਾਹ ਸੰਭਾਵਨਾਵਾਂ ਹਨ। ਸਕੱਤਰ ਐੱਨਆਰਈਐੱਸ ਡਾ. ਰਵੀ ਭਗਤ ਨੇ ਦੱਸਿਆ ਕਿ ਇਨ੍ਹਾਂ 10 ਪ੍ਰਾਜੈਕਟਾਂ ਦੀ ਸਥਾਪਨਾ ਨਾਲ 1.25 ਲੱਖ ਏਕੜ ਰਕਬੇ ਵਿੱਚ ਪਰਾਲੀ ਸੜਨ ਤੋਂ ਬਚਣ ਦੀ ਉਮੀਦ ਹੈ। ਇਨ੍ਹਾਂ ਪਲਾਂਟਾਂ ਨੂੰ ਪਰਾਲੀ ਦੀ ਸਪਲਾਈ ਲਈ ਪਿੰਡ ਪੱਧਰ ’ਤੇ ਉੱਦਮੀ ਵੀ ਪੈਦਾ ਹੋਣਗੇ, ਜਿਸ ਨਾਲ ਅੱਗੇ 500 ਤੋਂ ਵੱਧ ਵਿਅਕਤੀਆਂ ਲਈ ਰੁਜ਼ਗਾਰ ਵੀ ਪੈਦਾ ਹੋਵੇਗਾ।
ਸੀਈਓ ਡਾ. ਅਮਰਪਾਲ ਸਿੰਘ ਨੇ ਦੱਸਿਆ ਕਿ ਇਨ੍ਹਾਂ ਪ੍ਰਾਜੈਕਟਾਂ ਤੋਂ ਪੈਦਾ ਹੋਣ ਵਾਲੀ ਸੀਬੀਜੀ ਨਾਲ 250 ਤੋਂ ਵੱਧ ਵਿਅਕਤੀਆਂ ਨੂੰ ਸਿੱਧੇ ਤੌਰ 'ਤੇ ਅਤੇ 600 ਦੇ ਕਰੀਬ ਲੋਕਾਂ ਨੂੰ ਅਸਿੱਧੇ ਤੌਰ 'ਤੇ ਰੁਜ਼ਗਾਰ ਮਿਲੇਗਾ। ਇਹ ਪ੍ਰਾਜੈਕਟ ਲਗਭਗ 1.25 ਲੱਖ ਏਕੜ ਰਕਬੇ ਵਿੱਚ ਪਰਾਲੀ ਨੂੰ ਸਾੜਨ ਤੋਂ ਵੀ ਰੋਕਣ ਵਿੱਚ ਮਦਦ ਕਰਨਗੇ। ਪੇਡਾ ਵੱਲੋਂ ਗੇਲ (ਇੰਡੀਆ) ਨੂੰ ਪ੍ਰਾਜੈਕਟਾਂ ਵਾਸਤੇ ਜ਼ਮੀਨ ਅਤੇ ਲੋੜੀਂਦੀਆਂ ਪ੍ਰਵਾਨਗੀਆਂ ਹਾਸਲ ਕਰਨ ਵਿੱਚ ਸਹਿਯੋਗ ਕਰੇਗਾ। ਗੇਲ ਇੰਡੀਆ ਦੇ ਕਾਰਜਕਾਰੀ ਡਾਇਰਕੈਟਰ ਆਰਕੇ ਸਿੰਘਲ ਨੇ ਕਿਹਾ ਕਿ ਉਹ ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤਾਂ ਦੇ ਖੇਤਰ ਵਿੱਚ ਪ੍ਰਾਜੈਕਟ ਵਿਕਸਿਤ ਕਰਨਗੇ। ਗੇਲ (ਇੰਡੀਆ) ਲਿਮਟਿਡ ਵੱਲੋਂ ਸ਼ੁਰੂਆਤੀ ਤੌਰ 'ਤੇ 600 ਕਰੋੜ ਰੁਪਏ ਦੇ ਨਿਵੇਸ਼ ਨਾਲ 10 ਕੰਪਰੈੱਸਡ ਬਾਇਓਗੈਸ (ਸੀਬੀਜੀ) ਪ੍ਰਾਜੈਕਟ ਸਥਾਪਤ ਕਰੇਗੀ, ਜੋ ਸਾਲਾਨਾ 35000 ਟਨ ਬਾਇਓਗੈਸ (ਸੀਬੀਜੀ) ਅਤੇ 8700 ਟਨ ਜੈਵਿਕ ਖਾਦ ਦਾ ਉਤਪਾਦਨ ਕਰੇਗੀ। ਇਹ ਪ੍ਰਾਜੈਕਟ ਇਨ੍ਹਾਂ ਪਲਾਂਟਾਂ ਨੂੰ ਪਰਾਲੀ ਦੀ ਸਪਲਾਈ ਲਈ ਪਿੰਡ ਪੱਧਰ ’ਤੇ 100 ਉੱਦਮੀ ਪੈਦਾ ਕਰਨਗੇ। ਇਸ ਮੌਕੇ ਪੇਡਾ ਦੇ ਡਾਇਰੈਕਟਰ ਐਮਪੀ ਸਿੰਘ, ਜੀਐੱਮ ਮਾਰਕੀਟਿੰਗ ਗੇਲ ਆਕਾਸ਼ ਅਤੇ ਡਿਪਟੀ ਜੀਐੱਮ ਗੇਲ ਕੇਜੇ ਸਿੰਘ ਹਾਜ਼ਰ ਸਨ।

Advertisement

Advertisement
Advertisement
Advertisement
Author Image

Advertisement