ਚੌਗਿਰਦੇ ਦੀ ਸਾਫ਼ ਸਫ਼ਾਈ ਲਈ ਜ਼ਰੂਰੀ ‘ਪੀਟਲੈਂਡ’
ਅਸ਼ਵਨੀ ਚਤਰਥ
ਕੁਦਰਤ ਨੇ ਮਨੁੱਖ ਨੂੰ ਸਾਹ ਲੈਣ ਲਈ ਹਵਾ, ਪੀਣ ਲਈ ਪਾਣੀ, ਆਕਸੀਜਨ ਲਈ ਰੁੱਖ, ਖੇਤੀ ਲਈ ਜ਼ਮੀਨ, ਖਾਣ ਲਈ ਭੋਜਨ, ਵਰਤਣ ਲਈ ਵੰਨ-ਸੁਵੰਨੇ ਖਣਿਜ ਪਦਾਰਥ, ਚਾਨਣ ਕਰਨ ਲਈ ਸੂਰਜ ਦੀ ਰੋਸ਼ਨੀ ਅਤੇ ਈਂਧਣ ਲਈ ਕਈ ਤਰ੍ਹਾਂ ਦੇ ਬਾਲਣ ਆਦਿ ਜਿਹੇ ਅਨੇਕਾਂ ਸਾਧਨਾਂ ਨਾਲ ਨਿਵਾਜ਼ਿਆ ਹੈ। ਇਸੇ ਤਰ੍ਹਾਂ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਣ ਅਤੇ ਕੁਦਰਤੀ ਸੰਤੁਲਨ ਬਣਾਈ ਰੱਖਣ ਲਈ ਜੰਗਲ, ਛੱਪੜ, ਝਰਨੇ, ਸਮੁੰਦਰ, ਟੋਭੇ, ਪਸ਼ੂ-ਪੰਛੀ, ਸੂਖ਼ਮ ਜੀਵ ਅਤੇ ਜਲਗਾਹਾਂ ਆਦਿ ਮੌਜੂਦ ਹਨ ਜੋ ਮਨੁੱਖ ਵੱਲੋਂ ਫੈਲਾਈ ਜਾ ਰਹੀ ਗੰਦਗੀ ਨੂੰ ਹਰ ਵੇਲੇ ਸਾਫ਼ ਕਰਦੇ ਰਹਿੰਦੇ ਹਨ। ਕੁਦਰਤ ਵਿੱਚ ਜਿੰਨੀਆਂ ਵੀ ਜਲਗਾਹਾਂ ਮੌਜੂਦ ਹਨ ਉਨ੍ਹਾਂ ਵਿੱਚੋਂ ਕੁਝ ਜਲਗਾਹਾਂ ਅਜਿਹੀਆਂ ਵੀ ਹੁੰਦੀਆਂ ਜਿਨ੍ਹਾਂ ਵਿੱਚ ਮਰ ਚੁੱਕੇ ਘਾਹ-ਫੂਸ, ਜੜ੍ਹੀਆਂ-ਬੂਟੀਆਂ, ਝਾੜੀਆਂ ਅਤੇ ਰੁੱਖਾਂ ਦੀ ਰਹਿੰਦ-ਖੂੰਹਦ ਲੰਮੇ ਸਮੇਂ ਲਈ ਪਈ ਰਹਿ ਜਾਂਦੀ ਹੈ ਅਤੇ ਆਕਸੀਜਨ ਦੀ ਅਣਹੋਂਦ ਕਾਰਨ ਇਹ ਬਨਸਪਤੀਆਂ ‘ਨਰਮ ਕੋਲੇ’ ਵਿੱਚ ਤਬਦੀਲ ਹੋ ਜਾਂਦੀਆਂ ਹਨ। ਨਰਮ ਕੋਲੇ ਦੇ ਇਨ੍ਹਾਂ ਵੱਡੇ ਭੰਡਾਰ ਵਾਲੀਆਂ ਥਾਵਾਂ ਨੂੰ ‘ਨਰਮ ਕੋਲਾ ਥਲੀਆਂ’ ਆਖਦੇ ਹਨ। ਅੰਗਰੇਜ਼ੀ ਵਿੱਚ ਇਨ੍ਹਾਂ ਨੂੰ ‘ਪੀਟਲੈਂਡਜ਼’ (Peatlands) ਆਖਿਆ ਜਾਂਦਾ ਹੈ। ‘ਨਰਮ ਕੋਲਾ ਥਲੀ’ ਦਲਦਲ ਵਾਲੀ ਅਜਿਹੀ ਥਾਂ ਹੁੰਦੀ ਹੈ ਜਿੱਥੇ ਬਨਸਪਤੀਆਂ ਦੀ ਰਹਿੰਦ-ਖੂੰਹਦ ਤਾਂ ਭਰਪੂਰ ਮਾਤਰਾ ਵਿੱਚ ਹੁੰਦੀ ਹੈ ਪਰ ਉੱਥੇ ਆਕਸੀਜਨ ਦੀ ਅਣਹੋਂਦ ਕਰਕੇ ਇਸ ਰਹਿੰਦ-ਖੂੰਹਦ ਦਾ ਵਿਘਟਨ ਨਹੀਂ ਹੋ ਪਾਉਂਦਾ। ਜ਼ਿਕਰਯੋਗ ਹੈ ਕਿ ਇਹ ਨਰਮ ਕੋਲਾ ਥਲੀਆਂ ਜਾਂ ਪੀਟਲੈਂਡਸ ਅਸਲ ਵਿੱਚ ਬਰਸਾਤੀ ਜੰਗਲਾਂ ਨੇੜੇ, ਸਲ੍ਹਾਬੇ ਵਾਲੀਆਂ ਜ਼ਮੀਨਾਂ, ਦਲਦਲ ਵਾਲੀਆਂ ਥਾਵਾਂ, ਨੀਵੇਂ ਥਾਂ ਵਾਲੀਆਂ ਜ਼ਮੀਨਾਂ, ਸਮੁੰਦਰ ਕੰਢੇ, ਦਰਿਆਵਾਂ ਕੰਢੇ, ਨਹਿਰਾਂ ਕੰਢੇ ਅਤੇ ਜਲਗਾਹਾਂ ਵਾਲੀਆਂ ਥਾਵਾਂ ਉੱਤੇ ਆਮ ਤੌਰ ’ਤੇ ਮਿਲਦੀਆਂ ਹਨ। ਇਨ੍ਹਾਂ ਦਾ ਰੰਗ ਗੂੜ੍ਹਾ ਭੂਰਾ ਜਾਂ ਕਾਲਾ ਹੁੰਦਾ ਹੈ। ਵਿਗਿਆਨਕ ਪੱਖੋਂ ਵੇਖਿਆ ਜਾਵੇ ਤਾਂ ਨਰਮ ਕੋਲੇ ਦੇ ਭੰਡਾਰ ਜਾਂ ਪੀਟਸ ਹੀ ਲੰਮਾ ਸਮਾਂ ਪਾ ਕੇ ਧਰਤੀ ਦੀਆਂ ਪਰਤਾਂ ਦੇ ਦਬਾਅ ਅਤੇ ਅੰਦਰੂਨੀ ਤਪਸ਼ ਕਰਕੇ ਕੋਲਾ ਬਣਾਉਂਦੇ ਹਨ। ਇਸ ਲਈ ਆਮ ਆਦਮੀ ਦੀ ਭਾਸ਼ਾ ਵਿੱਚ ਪੀਟਸ ਨੂੰ ਕੱਚਾ ਕੋਲਾ ਜਾਂ ਨਰਮ ਕੋਲਾ ਵੀ ਕਿਹਾ ਜਾ ਸਕਦਾ ਹੈ। ਭਾਰਤ ਵਿੱਚ ਇਨ੍ਹਾਂ ਦੇ ਸ੍ਰੋਤ ਅਰੁਣਾਚਲ ਪ੍ਰਦੇਸ਼, ਸਿੱਕਿਮ, ਹਿਮਾਚਲ ਪ੍ਰਦੇਸ਼ ਅਤੇ ਕੇਰਲ ਦੇ ਪੱਛਮੀ ਘਾਟ ਵਾਲੇ ਖੇਤਰਾਂ ਵਿੱਚ ਪਾਏ ਜਾਂਦੇ ਹਨ।
ਅਜੋਕੇ ਸਮੇਂ ਵਿੱਚ ਮਿਲਦਾ ਜ਼ਿਆਦਾਤਰ ਕੋਲਾ ਨਰਮ ਕੋਲੇ ਤੋਂ ਹੀ ਬਣਿਆ ਸੀ। ਇਸ ਲਈ ਨਰਮ ਕੋਲਾ ਥਲੀਆਂ ਦੀ ਮਨੁੱਖੀ ਜੀਵਨ ਵਿੱਚ ਬਹੁਤ ਮਹੱਤਤਾ ਹੈ ਭਾਵ ਨਰਮ ਕੋਲੇ ਨੂੰ ਜੇਕਰ ਮੌਜੂਦਾ ਸਮੇਂ ਵਿੱਚ ਸੁਕਾ ਕੇ ਵਰਤਿਆ ਜਾਵੇ ਤਾਂ ਇਹ ਸਾਡੀਆਂ ਊਰਜਾ ਦੀਆਂ ਲੋੜਾਂ ਨੂੰ ਪੂਰਾ ਕਰ ਸਕਦੇ ਹਨ ਤੇ ਜੇ ਇਸ ਨੂੰ ਧਰਤੀ ਵਿੱਚ ਇਸੇ ਤਰ੍ਹਾਂ ਛੱਡ ਦਿੱਤਾ ਜਾਏ ਤਾਂ ਇਹ ਭਵਿੱਖ ਵਿੱਚ ਕੋਲਾ ਬਣਨ ਦਾ ਆਧਾਰ ਬਣਾਉਂਦੇ ਹਨ। ਦਲਦਲ ਜਾਂ ਚਿੱਕੜ ਵਾਲੀਆਂ ਥਾਵਾਂ ਉੱਤੇ ਨਰਮ ਕੋਲੇ ਦੇ ਬਣਨ ਦੀ ਪ੍ਰਕਿਰਿਆ ਲਈ ਪਾਣੀ ਦਾ ਹੋਣਾ, ਉੱਚੇ ਤਾਪਮਾਨ ਦਾ ਹੋਣਾ, ਬਨਸਪਤੀ ਦੀ ਮੌਜੂਦਗੀ ਅਤੇ ਆਕਸੀਜਨ ਦੀ ਗ਼ੈਰ-ਮੌਜੂਦਗੀ ਜ਼ਰੂਰੀ ਸ਼ਰਤਾਂ ਹਨ।
ਸਮੁੱਚੀ ਧਰਤੀ ਉੱਤੇ ਨਰਮ ਕੋਲਾ ਥਲੀਆਂ 40 ਲੱਖ ਵਰਗ ਕਿਲੋਮੀਟਰ ਰਕਬੇ ਉੱਤੇ ਮੌਜੂਦ ਹਨ ਜੋ ਕਿ ਧਰਤੀ ਦੇ ਜ਼ਮੀਨੀ ਅਤੇ ਤਾਜ਼ੇ ਪਾਣੀ ਦੇ ਖੇਤਰ ਦਾ ਤਿੰਨ ਫ਼ੀਸਦ ਹਿੱਸਾ ਬਣਦਾ ਹੈ। ਇਹ ਜ਼ਿਆਦਾਤਰ ਸਫੈਗਨਸ ਨਾਂ ਦੇ ਘਾਹ ਅਤੇ ਦੂਜੇ ਤਰ੍ਹਾਂ ਦੀਆਂ ਕਾਈਆਂ ਤੋਂ ਬਣਦੇ ਹਨ। ਇਹ ਮਨੁੱਖ ਦੀਆਂ ਊਰਜਾ ਜ਼ਰੂਰਤਾਂ ਨੂੰ ਪੂਰਾ ਕਰਨ ਦਾ ਵਧੀਆ ਸ੍ਰੋਤ ਹੋ ਸਕਦੇ ਹਨ। ਸੰਸਾਰ ਭਰ ਦੀਆਂ ਨਰਮ ਕੋਲਾ ਥਲੀਆਂ ਵਿੱਚ 600 ਅਰਬ ਟਨ ਕਾਰਬਨ ਮੌਜੂਦ ਹੈ ਜੋ ਕਿ ਧਰਤੀ ਦੇ ਸਮੁੱਚੇ ਜੰਗਲਾਂ ਵਿਚਲੀ ਕਾਰਬਨ ਦੇ ਦੁੱਗਣੇ ਦੇ ਕਰੀਬ ਬਣਦੀ ਹੈ। ਇਹ ਥਲੀਆਂ ਸਕਾਟਲੈਂਡ, ਕੈਨੇਡਾ, ਇੰਡੋਨੇਸ਼ੀਆ, ਚੀਨ, ਰੂਸ, ਅਮਰੀਕਾ, ਸਵੀਡਨ, ਡੈੱਨਮਾਰਕ, ਨਾਰਵੇ ਅਤੇ ਫਿਨਲੈਂਡ ਆਦਿ ਦੇਸ਼ਾਂ ਵਿੱਚ ਮੌਜੂਦ ਹਨ।
ਨਰਮ ਕੋਲਾ ਧਰਤੀ ਦੇ ਸਮੂਹ ਜੀਵਾਂ ਦੇ ਜੀਵਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦਾ ਹੈ। ਨਰਮ ਕੋਲੇ ਦੀ ਵਰਤੋਂ ਬਾਗਬਾਨੀ ਵਿੱਚ ਕੀਤੀ ਜਾਂਦੀ ਹੈ। ਇਸ ਨੂੰ ਰੇਤਲੀ ਜ਼ਮੀਨ ਵਿੱਚ ਮਿਲਾ ਕੇ ਜ਼ਮੀਨ ਦੀ ਪਾਣੀ ਨੂੰ ਸੋਖ ਕੇ ਰੱਖਣ ਦੀ ਸਮਰੱਥਾ ਵਧਾਈ ਜਾ ਸਕਦੀ ਹੈ। ਇਸ ਵਿੱਚ ਕਾਰਬਨੀ ਪਦਾਰਥਾਂ ਦੀ ਜ਼ਿਆਦਾ ਮਾਤਰਾ ਹੋਣ ਕਰਕੇ ਇਸ ਨੂੰ ਸੁਕਾ ਕੇ ਘਰੇਲੂ ਬਾਲਣ ਦੇ ਤੌਰ ’ਤੇ ਵੀ ਵਰਤਿਆ ਜਾ ਸਕਦਾ ਹੈ। ਨਰਮ ਕੋਲੇ ਦੀ ਬਣਤਰ ਸਪੰਜੀ ਹੋਣ ਕਰਕੇ ਇਸ ਦੀ ਵਰਤੋਂ ਸੈਪਟਿਕ ਟੈਂਕ ਦੇ ਪਾਣੀ ਨੂੰ ਸਾਫ਼ ਕਰਨ ਅਤੇ ਸ਼ਹਿਰਾਂ ਦੀਆਂ ਨਾਲੀਆਂ ਦੇ ਪਾਣੀ ਨੂੰ ਛਾਣ ਕੇ ਸਾਫ਼ ਕਰਨ ਦੇ ਕੰਮ ਵਿੱਚ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਨਰਮ ਕੋਲਾ ਥਲੀਆਂ ਦੇ ਮਨੁੱਖ ਨੂੰ ਹੋਰ ਵੀ ਅਨੇਕਾਂ ਫ਼ਾਇਦੇ ਹਨ। ਇਨ੍ਹਾਂ ਵਿੱਚ ਰਹਿੰਦੇ ਸੂਖ਼ਮ ਜੀਵਾਂ ਨੂੰ ਜੀਵਨ ਪ੍ਰਦਾਨ ਕਰਕੇ ਇਹ ਕੁਦਰਤ ਵਿਚਲੀ ਜੈਵਿਕ ਵਿਭਿੰਨਤਾ ਨੂੰ ਬਚਾਈ ਰੱਖਦੀਆਂ ਹਨ। ਵਰਖਾ ਦੇ ਵਾਧੂ ਪਾਣੀ ਨੂੰ ਆਪਣੇ ਅੰਦਰ ਜਮ੍ਹਾਂ ਕਰਕੇ ਇਹ ਹੜ੍ਹਾਂ ਦੇ ਖ਼ਤਰੇ ਨੂੰ ਘੱਟ ਕਰਦੀਆਂ ਹਨ ਅਤੇ ਜ਼ਮੀਨ ਵਿਚਲੇ ਪਾਣੀ ਦੇ ਪੱਧਰ ਨੂੰ ਹੇਠਾਂ ਡਿੱਗਣ ਤੋਂ ਰੋਕਦੀਆਂ ਹਨ। ਰੁੱਖਾਂ ਵੱਲੋਂ ਹਵਾ ਤੋਂ ਸੋਖੀ ਗਈ ਕਾਰਬਨ ਨੂੰ ਆਪਣੇ ਅੰਦਰ ਜਮ੍ਹਾਂ ਕਰਕੇ ਇਹ ਵਾਤਾਵਰਨ ਵਿਚਲੀ ਕਾਰਬਨ ਦੀ ਮਾਤਰਾ ਨੂੰ ਘੱਟ ਕਰਦੀਆਂ ਹਨ ਜਿਸ ਨਾਲ ਸਾਡੇ ਚੌਗਿਰਦੇ ਵਿੱਚ ਠੰਢਕ ਬਣੀ ਰਹਿੰਦੀ ਹੈ ਅਤੇ ਆਲਮੀ ਤਪਸ਼ ਦਾ ਖ਼ਤਰਾ ਵੀ ਘਟ ਜਾਂਦਾ ਹੈ।
ਫੈਕਟਰੀਆਂ ਵਿੱਚੋਂ ਨਿਕਲਦਾ ਜ਼ਹਿਰੀਲਾ ਪਾਣੀ ਜਾਂ ਖੇਤਾਂ ਵਿੱਚੋਂ ਆਉਂਦਾ ਰਸਾਇਣਾਂ ਨਾਲ ਭਰਪੂਰ ਪਾਣੀ ਜਦੋਂ ਨਰਮ ਕੋਲਾ ਥਲੀਆਂ ਵਿੱਚ ਮਿਲਦਾ ਹੈ ਤਾਂ ਇਹ ਪਾਣੀ ਦੇ ਜ਼ਹਿਰੀਲੇ ਰਸਾਇਣਾਂ ਨੂੰ ਸੋਖ ਕੇ ਪਾਣੀ ਨੂੰ ਸਾਫ਼-ਸੁਥਰਾ ਕਰ ਦਿੰਦੀਆਂ ਹਨ। ਇਸੇ ਤਰ੍ਹਾਂ ਜੰਗਲਾਂ ਵਿਚਲੀਆਂ ਨਰਮ ਕੋਲਾ ਥਲੀਆਂ ਦਾ ਪਾਣੀ ਜੰਗਲਾਂ ਵਿੱਚ ਲੱਗੀ ਅੱਗ ਨੂੰ ਅੱਗੇ ਵਧਣ ਤੋਂ ਰੋਕ ਦਿੰਦਾ ਹੈ। ਸੰਸਾਰ ਦੇ ਅਨੇਕਾਂ ਹਿੱਸਿਆਂ ਵਿੱਚ ਇਨ੍ਹਾਂ ਨੇੜੇ ਵੱਸਦੇ ਪਿੰਡਾਂ ਜਾਂ ਕਬੀਲਿਆਂ ਦੇ ਲੋਕਾਂ ਨੂੰ ਇਨ੍ਹਾਂ ਤੋਂ ਭੋਜਨ, ਰੇਸ਼ੇ ਅਤੇ ਹੋਰ ਉਤਪਾਦ ਪ੍ਰਾਪਤ ਹੁੰਦੇ ਹਨ ਜਿਸ ਨਾਲ ਸਥਾਨਕ ਲੋਕਾਂ ਦੀਆਂ ਭੋਜਨ ਲੋੜਾਂ ਪੂਰੀਆਂ ਹੁੰਦੀਆਂ ਹਨ ਅਤੇ ਉਨ੍ਹਾਂ ਲਈ ਰੁਜ਼ਗਾਰ ਦੇ ਮੌਕੇ ਵੀ ਪੈਦਾ ਹੁੰਦੇ ਹਨ।
ਤ੍ਰਾਸਦੀ ਦੀ ਗੱਲ ਇਹ ਹੈ ਕਿ ਭੌਤਿਕਵਾਦੀ ਮਨੁੱਖ ਵੱਲੋਂ ਜੰਗਲਾਂ ਦੀ ਕਟਾਈ ਕਰਨ ਦੇ ਨਾਲ-ਨਾਲ ਪੀਟਲੈਂਡਜ਼ ਨੂੰ ਵੀ ਨਹੀਂ ਬਖ਼ਸ਼ਿਆ ਗਿਆ। ਮਨੁੱਖ ਵੱਲੋਂ ਇਨ੍ਹਾਂ ‘ਕੁਦਰਤੀ ਸਫ਼ਾਈ ਸੇਵਕਾਂ’ ਅਤੇ ‘ਕੁਦਰਤੀ ਏਅਰ ਕੰਡੀਸ਼ਨਰਾਂ’ ਨੂੰ ਨਸ਼ਟ ਕਰਕੇ ਤਿਆਰ ਕੀਤੀ ਜ਼ਮੀਨ ਨੂੰ ਖੇਤੀ ਅਤੇ ਉਦਯੋਗਾਂ ਲਈ ਵਰਤਿਆ ਜਾ ਰਿਹਾ ਹੈ। ਅਜਿਹਾ ਕਰਨ ਨਾਲ ਇਨ੍ਹਾਂ ਕੁਦਰਤੀ ਜਲਗਾਹਾਂ ਵਿੱਚ ਜਮ੍ਹਾਂ ਕੀਤੀ ਗਈ ਕਾਰਬਨ ਸਾਡੇ ਵਾਤਾਵਰਨ ਵਿੱਚ ਛੱਡੀ ਗਈ ਹੈ ਜਿਸ ਨਾਲ ਸਾਡੇ ਆਲੇ-ਦੁਆਲੇ ਦੇ ਤਾਪਮਾਨ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਅਜਿਹਾ ਕਰਨ ਨਾਲ ਸੰਯੁਕਤ ਰਾਸ਼ਟਰ ਸੰਘ ਦੇ ਵਾਤਾਵਰਨ ਤਬਦੀਲੀ ਸੰਬੰਧੀ ਅੰਤਰ-ਸਰਕਾਰੀ ਪੈਨਲ ਵੱਲੋਂ ਆਲਮੀ ਤਪਸ਼ ਨੂੰ ਘੱਟ ਕਰਨ ਦੇ ਉਦੇਸ਼ ਨੂੰ ਢਾਹ ਲੱਗੇਗੀ। ਜ਼ਿਕਰਯੋਗ ਹੈ ਕਿ ਉਕਤ ਪੈਨਲ ਵੱਲੋਂ ਪੈਰਿਸ ਸਮਝੌਤੇ ਤਹਿਤ ਸਾਰੇ ਦੇਸ਼ਾਂ ਦੀਆਂ ਸਰਕਾਰਾਂ ਨੂੰ ਵਿਸ਼ਵ ਦਾ ਔਸਤ ਤਾਪਮਾਨ ਉਦਯੋਗਿਕ ਕ੍ਰਾਂਤੀ ਤੋਂ ਪਹਿਲਾਂ ਦੇ ਤਾਪਮਾਨ ਤੋਂ 1.5 ਡਿਗਰੀ ਸੈਲਸੀਅਸ ਵਾਧੇ ਤੱਕ ਸੀਮਤ ਰੱਖਣ ਲਈ ਆਖਿਆ ਹੋਇਆ ਹੈ।
ਧਿਆਨ ਦੇਣ ਦੀ ਲੋੜ ਹੈ ਕਿ ਵਾਤਾਵਰਨ ਵਿਗਿਆਨੀਆਂ ਨੇ ਸਮੁੱਚੇ ਵਿਸ਼ਵ ਦੇ ਮਨੁੱਖਾਂ ਨੂੰ ਸੁਚੇਤ ਕਰਦਿਆਂ ਕਿਹਾ ਹੈ ਕਿ ਜੇਕਰ ਅਸੀਂ ਭੋਜਨ ਦੀ ਕਿੱਲਤ, ਵਾਤਾਵਰਨ ਵਿੱਚ ਆ ਰਹੀਆਂ ਅਣਕਿਆਸੀਆਂ ਤਬਦੀਲੀਆਂ ਜਿਵੇਂ ਕਿ ਹੜ੍ਹ ਅਤੇ ਆਲਮੀ ਤਪਸ਼ ਦੇ ਪ੍ਰਭਾਵਾਂ ਤੋਂ ਬਚਣਾ ਚਾਹੁੰਦੇ ਹਾਂ ਤਾਂ ਸਾਨੂੰ ਕੋਲਾ, ਪੈਟਰੋਲ, ਡੀਜ਼ਲ ਅਤੇ ਨਰਮ ਕੋਲੇ ਜਿਹੇ ਗ਼ੈਰ-ਨਵਿਆਉਣਯੋਗ ਬਾਲਣਾਂ ਦੀ ਵਰਤੋਂ ਛੱਡ ਕੇ ਗ਼ੈਰ-ਪ੍ਰਦੂਸ਼ਣਕਾਰੀ ਬਾਲਣਾਂ ਜਿਵੇਂ ਸੌਰ ਊਰਜਾ, ਜਲ ਊਰਜਾ ਅਤੇ ਨਿਊਕਲੀ ਊਰਜਾ ਦੀ ਵਰਤੋਂ ਕਰਨੀ ਹੀ ਪਵੇਗੀ।
ਪੀਟਲੈਂਡਾਂ ਸਬੰਧੀ ਕੁਝ ਦਿਲਚਸਪ ਗੱਲਾਂ: ਪੀਟਲੈਂਡਜ਼ ਦੁਨੀਆ ਦੇ 180 ਦੇਸ਼ਾਂ ਵਿੱਚ ਪਾਏ ਜਾਂਦੇ ਹਨ। ਇਨ੍ਹਾਂ ਨੂੰ ਕਾਰਬਨ ਸਿੰਕ ਭਾਵ ਕਿ ਕਾਰਬਨ ਦੇ ਖੂਹ ਵੀ ਕਿਹਾ ਜਾਂਦਾ ਹੈ। ਭਾਵੇਂ ਕਿ ਇਹ ਧਰਤੀ ਦੇ ਜ਼ਮੀਨੀ ਰਕਬੇ ਦੇ ਮਹਿਜ਼ ਤਿੰਨ ਫ਼ੀਸਦ ਹਿੱਸੇ ’ਤੇ ਮੌਜੂਦ ਹਨ, ਫਿਰ ਵੀ ਇਹ ਸੰਸਾਰ ਦੇ ਸਾਰੇ ਜੰਗਲਾਂ ਅੰਦਰ ਜਮ੍ਹਾਂ ਹੋਈ ਕੁੱਲ ਕਾਰਬਨ ਤੋਂ ਦੁੱਗਣੀ ਕਾਰਬਨ ਆਪਣੇ ਅੰਦਰ ਸਮੋਈ ਬੈਠੇ ਹਨ ਅਤੇ ਧਰਤੀ ਦੀ ਮਿੱਟੀ ਵਿੱਚ ਇੱਕਠੀ ਹੋਈ ਪਈ ਕਾਰਬਨ ਦਾ ਤੀਜਾ ਹਿੱਸਾ ਪੀਟਲੈਂਡਾਂ ਵਿੱਚ ਹੀ ਇੱਕਠਾ ਹੋਇਆ ਪਿਆ ਹੈ। ਉੱਤਰੀ ਸਕਾਟਲੈਂਡ ਦੇ ਸਦਰਲੈਂਡ ਇਲਾਕੇ ’ਚ 4000 ਵਰਗ ਕਿਲੋਮੀਟਰ ਖੇਤਰਫਲ ਵਿੱਚ ਫੈਲਿਆ ‘ਦਿ ਫਲੋਅ ਕੰਟਰੀ’ ਨਾਂ ਦਾ ਪੀਟਲੈਂਡ ਯੂਰਪ ਦਾ ਸਭ ਤੋਂ ਵੱਡਾ ਪੀਟਲੈਂਡ ਹੈ। ਸਫੈੱਗਨਮ ਕਾਈ ਤੋਂ ਬਣਿਆ ਇਹ ਪੀਟਲੈਂਡ ਦਸ ਹਜ਼ਾਰ ਸਾਲ ਤੋਂ ਵੀ ਵੱਧ ਪੁਰਾਣਾ ਹੈ। ਏਸ਼ੀਆ ਵਿੱਚ ਸਭ ਤੋਂ ਵੱਧ ਪੀਟ ਇੰਡੋਨੇਸ਼ੀਆ ਵਿੱਚ ਪਾਏ ਜਾਂਦੇ ਹਨ। ਇੱਥੇ ਇਹ ਕਰੀਬ ਡੇਢ ਕਰੋੜ ਹੈਕਟੇਅਰ ਰਕਬੇ ਵਿੱਚ ਫੈਲੇ ਹੋਏ ਹਨ। ਪੀਟਸ ਨੂੰ ਜਦ ਸੁਕਾ ਕੇ ਬਾਲਿਆ ਜਾਂਦਾ ਹੈ ਤਾਂ ਇਸ ਵਿੱਚੋਂ ਵੱਖਰੀ ਕਿਸਮ ਦੀ ਮਹਿਕ ਆਉਂਦੀ ਹੈ ਅਤੇ ਇਸ ਨੂੰ ਬਾਲ ਕੇ ਬਣਾਈ ਗਈ ਸ਼ਰਾਬ ਇਸ ਨੂੰ ਇੱਕ ਖ਼ਾਸ ਤਰ੍ਹਾਂ ਦੀ ਸੁਗੰਧ ਪ੍ਰਦਾਨ ਕਰਦੀ ਹੈ ਜਿਸ ਨੂੰ ਲੋਕਾਂ ਵੱਲੋਂ ਵਿਸ਼ੇਸ਼ ਤੌਰ ’ਤੇ ਪਸੰਦ ਕੀਤਾ ਜਾਂਦਾ ਹੈ। ਮਨੁੱਖ ਆਦਿ ਕਾਲ ਤੋਂ ਪੀਟ ਨੂੰ ਬਾਲਣ ਦੇ ਤੌਰ ’ਤੇ ਵਰਤ ਰਿਹਾ ਹੈ। ਅੱਜ ਵੀ ਵਿਸ਼ਵ ਦੇ ਵੱਖ-ਵੱਖ ਇਲਾਕਿਆਂ ਵਿੱਚ ਵਸਦੇ ਅਨੇਕਾਂ ਕਬੀਲੇ ਇਸ ਨੂੰ ਈਂਧਣ ਵਜੋਂ ਵਰਤਦੇ ਹਨ।
ਸੰਪਰਕ: 62842-20595