For the best experience, open
https://m.punjabitribuneonline.com
on your mobile browser.
Advertisement

ਕਿਸਾਨ ਸੰਘਰਸ਼: ਅਸੀਂ ਆਪਣਾ ਲਾਲ ਗੁਆ ਬੈਠੇ

08:55 AM Feb 22, 2024 IST
ਕਿਸਾਨ ਸੰਘਰਸ਼  ਅਸੀਂ ਆਪਣਾ ਲਾਲ ਗੁਆ ਬੈਠੇ
ਪਿੰਡ ਬੱਲ੍ਹੋ ਵਿੱਚ ਸ਼ੁਭਕਰਨ ਸਿੰਘ (ਇਨਸੈੱਟ) ਦੇ ਪਰਿਵਾਰ ਨਾਲ ਦੁੱਖ ਵੰਡਾਉਂਦੇ ਹੋਏ ਪਿੰਡ ਵਾਸੀ ਤੇ ਕਿਸਾਨ ਆਗੂ। -ਫੋਟੋ: ਪਵਨ ਸ਼ਰਮਾ
Advertisement

ਚਰਨਜੀਤ ਭੁੱਲਰ/ਰਮਨਦੀਪ ਸਿੰਘ
ਚੰਡੀਗੜ੍ਹ/ਚਾਉਕੇ, 21 ਫਰਵਰੀ
ਬਠਿੰਡਾ ਜ਼ਿਲ੍ਹੇ ਦੇ ਪਿੰਡ ਬੱਲ੍ਹੋ ਦਾ ਸ਼ੁਭਕਰਨ ਸਿੰਘ ਖਨੌਰੀ ਬਾਰਡਰ ’ਤੇ ਚੱਲ ਰਹੇ ਕਿਸਾਨ ਮੋਰਚੇ ਦਾ ਪਹਿਲਾ ‘ਖੇਤੀ ਸ਼ਹੀਦ’ ਬਣ ਗਿਆ ਹੈ। ਉਹ ਕਿਸਾਨੀ ਮੰਗਾਂ ਮਨਵਾਉਣ ਲਈ ਖਨੌਰੀ ਬਾਰਡਰ ’ਤੇ ਚੱਲ ਰਹੇ ਧਰਨੇ ਵਿੱਚ 13 ਫਰਵਰੀ ਤੋਂ ਹੀ ਗਿਆ ਹੋਇਆ ਸੀ। ਅੱਜ ਖਨੌਰੀ ਬਾਰਡਰ ’ਤੇ ਕਿਸਾਨਾਂ ਅਤੇ ਹਰਿਆਣਾ ਪੁਲੀਸ ਵਿੱਚ ਹੋਈ ਤਲਖੀ ਕਾਰਨ ਉਸ ਦੀ ਮੌਤ ਹੋ ਗਈ।
ਜਦੋਂ ਉਹ ਦੋ ਵਰ੍ਹੇ ਪਹਿਲਾਂ ‘ਦਿੱਲੀ ਮੋਰਚਾ’ ਜਿੱਤ ਕੇ ਮੁੜਿਆ ਸੀ, ਉਦੋਂ ਪਰਿਵਾਰ ਨੂੰ ਚੰਗੇ ਦਿਨਾਂ ਦੀ ਆਸ ਬੱਝੀ ਸੀ। 21 ਵਰ੍ਹਿਆਂ ਦੇ ਸ਼ੁਭਕਰਨ ਨੇ ਆਪਣੀ ਮੌਤ ਤੋਂ ਦੋ ਘੰਟੇ ਪਹਿਲਾਂ ਪਿੰਡ ਬਿਰਧ ਦਾਦੀ ਨੂੰ ਫੋਨ ਕਰ ਕੇ ਕਿਹਾ, ‘ਬੇਬੇ ਤੂੰ ਖਿਆਲ ਰੱਖੀਂ, ਅਸੀਂ ਮੋਰਚਾ ਜਿੱਤ ਕੇ ਮੁੜਾਂਗੇ।’ ਉਸ ਦੇ ਮੋਰਚੇ ਤੋਂ ਮੁੜਨ ਤੋਂ ਪਹਿਲਾਂ ਹੀ ਅੱਜ ਮੌਤ ਦੀ ਖ਼ਬਰ ਆ ਗਈ। ਉਹੀ ਦਾਦੀ ਹੁਣ ਬੇਹੋਸ਼ ਪਈ ਹੈ।
ਛੋਟੀ ਉਮਰੇ ਹੀ ਜ਼ਿੰਦਗੀ ਨੇ ਸ਼ੁਭਕਰਨ ਨੂੰ ਪਰਖਣਾ ਸ਼ੁਰੂ ਕਰ ਦਿੱਤਾ ਸੀ। 10 ਵਰ੍ਹਿਆਂ ਦੀ ਉਮਰ ’ਚ ਉਹ ਆਪਣੀ ਮਾਂ ਤੋਂ ਵਿਰਵਾ ਹੋ ਗਿਆ। ਦੋ ਭੈਣਾਂ ਦੇ ਇਕਲੌਤੇ ਭਰਾ ਦਾ ਪਾਲਣ ਪੋਸ਼ਣ ਦਾਦੀ ਪ੍ਰੀਤਮ ਕੌਰ ਨੇ ਕੀਤਾ। 75 ਵਰ੍ਹਿਆਂ ਦੀ ਦਾਦੀ ਪ੍ਰੀਤਮ ਕੌਰ ਕੋਲ ਆਸਾਂ-ਉਮੀਦਾਂ ਦੀ ਪੰਡ ਬਚੀ ਸੀ। ਹੁਣ ਉਸ ਕੋਲ ਸਿਰਫ ਕਰਜ਼ੇ ਦੀ ਪੰਡ ਬਚੀ ਹੈ। ਵੇਰਵਿਆਂ ਅਨੁਸਾਰ ਬੈਂਕ ਦਾ ਕਰਜ਼ਾ ਲਾਹੁਣ ਅਤੇ ਵੱਡੀ ਭੈਣ ਜਸਵੀਰ ਕੌਰ ਦੇ ਵਿਆਹ ਵੇਲੇ ਪਰਿਵਾਰ ਦੀ ਸਾਢੇ ਤਿੰਨ ਏਕੜ ਜ਼ਮੀਨ ’ਚੋਂ ਦੋ ਏਕੜ ਜ਼ਮੀਨ ਵਿੱਕ ਗਈ। ਛੋਟੀ ਭੈਣ ਗੁਰਪ੍ਰੀਤ ਕੌਰ ਹਾਲੇ ਕੁਆਰੀ ਹੈ। ਬਾਪ ਚਰਨਜੀਤ ਸਿੰਘ ਪ੍ਰਾਈਵੇਟ ਬੱਸ ’ਤੇ ਕੰਡਕਟਰ ਹੈ। ਘਰ ਦਾ ਗੁਜ਼ਾਰਾ ਪਿਉ-ਪੁੱਤ ਕਰ ਰਹੇ ਸਨ। ਇਸ ਵੇਲੇ ਸ਼ੁਭਕਰਨ ਦੇ ਪਰਿਵਾਰ ’ਤੇ ਬੈਂਕਾਂ ਦਾ ਕਰੀਬ ਦਸ ਲੱਖ ਦਾ ਕਰਜ਼ਾ ਹੈ। ਗਰੀਬੀ ਦੀ ਤਸਵੀਰ ਉਸ ਦੇ ਘਰ ਤੋਂ ਸਾਫ ਦਿੱਖਦੀ ਹੈ। ਜਦੋਂ ਕਰਜ਼ੇ ਦੀ ਪੰਡ ਵੇਲ ਵਾਂਗੂ ਵਧੀ ਤਾਂ ਸ਼ੁੱਭਕਰਨ ਨੂੰ ਆਪਣੀ ਦਸਵੀਂ ਦੀ ਪੜ੍ਹਾਈ ਵਿਚਕਾਰ ਹੀ ਛੱਡਣੀ ਪਈ।
ਸ਼ੁਭਕਰਨ ਦਾ ਦਾਦਾ ਹਿੰਮਤ ਸਿੰਘ ਸਾਬਕਾ ਫੌਜੀ ਸੀ। ਅਕਸਰ ਚਰਚੇ ਹੁੰਦੇ ਸਨ ਕਿ ਦਾਦਾ ਸਰਹੱਦ ’ਤੇ ਲੜਿਆ ਤੇ ਪੋਤਾ ਕਿਸਾਨ ਮੋਰਚੇ ’ਤੇ ਡਟਿਆ ਹੈ। ਸ਼ੁੱਭਕਰਨ ਏਨੀ ਦਲੇਰੀ ਨਾਲ ਖਨੌਰੀ ਬਾਰਡਰ ’ਤੇ ਖੜ੍ਹਿਆ ਕਿ ਹਰਿਆਣੇ ਵਾਲੇ ਪਾਸਿਓਂ ਆਈ ਮੌਤ ਨੇ ਉਸ ਨੂੰ ਪਲਾਂ ਵਿਚ ਦਬੋਚ ਲਿਆ।
ਸ਼ੁਭਕਰਨ ਕਿਸਾਨੀ ਘੋਲ ਨੂੰ ਹੀ ਆਪਣੇ ਦੁੱਖਾਂ ਦੀ ਦਾਰੂ ਸਮਝਦਾ ਸੀ। ਇਨ੍ਹਾਂ ਘੋਲਾਂ ’ਚੋਂ ਹੀ ਘਰ ਦੇ ਚੰਗੇ ਦਿਨਾਂ ਦੇ ਸੁਫ਼ਨੇ ਦੇਖਦਾ ਸੀ। ਰਿਸ਼ਤੇਦਾਰਾਂ ਨੇ ਦੱਸਿਆ ਕਿ ਮੋਰਚੇ ’ਚੋਂ ਆਪਣੀ ਛੋਟੀ ਭੈਣ ਨੂੰ ਫੋਨ ਕਰ ਕੇ ਧਰਵਾਸ ਤੇ ਹੌਸਲਾ ਦਿੰਦਾ ਸੀ। ਅੱਜ ਇਸ ਭੈਣ ਦਾ ਜਹਾਨ ਸੁੰਨਾ ਹੋ ਗਿਆ ਅਤੇ ਘਰ ’ਚ ਪੱਸਰੀ ਸੁੰਨ ਉਸ ਨੂੰ ਵੱਢ-ਵੱਢ ਖਾ ਰਹੀ ਸੀ।

Advertisement

Advertisement
Author Image

sukhwinder singh

View all posts

Advertisement
Advertisement
×