ਕਿਸਾਨੀ ਲੜਾਈ ਪੰਜਾਬ, ਹਰਿਆਣਾ ਦੀ ਨਹੀਂ ਸਗੋਂ ਸਮੁੱਚੇ ਦੇਸ਼ ਦੀ: ਡੱਲੇਵਾਲ
ਗੁਰਨਾਮ ਸਿੰਘ ਚੌਹਾਨ
ਪਾਤੜਾਂ, 1 ਦਸੰਬਰ
ਢਾਬੀ ਗੁੱਜਰਾਂ ਬਾਰਡਰ ’ਤੇ ਮਰਨ ਵਰਤ ’ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਹੈ ਕਿ ਜੇ ਸਰਕਾਰ ਉਨ੍ਹਾਂ ਨਾਲ ਗੱਲਬਾਤ ਨਹੀਂ ਕਰਦੀ ਤਾਂ ਘਬਰਾਉਣ ਦੀ ਕੋਈ ਲੋੜ ਨਹੀਂ। ਉਨ੍ਹਾਂ ਕਿਹਾ ਕਿ 6 ਦਸੰਬਰ ਨੂੰ ਕਿਸਾਨ ਜਥੇ ਪੈਦਲ ਦਿੱਲੀ ਕੂਚ ਕਰਨਗੇ। ਭੁੱਖ ਹੜਤਾਲ ’ਤੇ ਬੈਠੇ ਕਿਸਾਨ ਆਗੂ ਡੱਲੇਵਾਲ ਨੇ ਕਿਹਾ ਹੈ ਕਿ ਇਹ ਲੜਾਈ ਪੰਜਾਬ ਜਾਂ ਹਰਿਆਣਾ ਦੀ ਨਹੀਂ ਸਗੋਂ ਸਮੁੱਚੇ ਦੇਸ਼ ਦੀ ਹੈ। ਕੇਂਦਰ ਨੇ ਕਿਸਾਨ ਜਥੇਬੰਦੀਆਂ ਨੂੰ ਕਮੇਟੀ ਬਣਾਉਣ ਦਾ ਵਿਸ਼ਵਾਸ ਦੇ ਕੇ ਮੋਰਚਾ ਚੁਕਵਾਇਆ ਸੀ ਪਰ ਅੱਜ ਤੱਕ ਮੰਨੀਆਂ ਮੰਗਾਂ ਪੂਰੀਆਂ ਨਹੀਂ ਹੋਈਆਂ। ਉਨ੍ਹਾਂ ਕਿਹਾ ਕਿ ਸਰਕਾਰ ਤਾਂ ਚਾਹੁੰਦੀ ਹੈ ਕਿ ਉਹ ਦਿੱਲੀ ਪਾਸੇ ਧਿਆਨ ਲਾ ਦੇਣ ਅਤੇ ਕਿਸਾਨਾਂ ਦਾ ਮੋਰਚਾ ਫੇਲ੍ਹ ਹੋ ਜਾਵੇ ਪਰ ਅਜਿਹਾ ਨਹੀਂ ਹੋਵੇਗਾ। ਇੱਥੇ ਬੈਠੇ ਕਿਸਾਨ ਇੱਥੇ ਹੀ ਰਹਿਣਗੇ ਦਿੱਲੀ ਜਾਣ ਵਾਲੇ ਕਿਸਾਨਾਂ ਦੀ ਅਗਵਾਈ ਉਨ੍ਹਾਂ ਦੀ ਲੀਡਰਸ਼ਿਪ ਕਰੇਗੀ। ਅੱਜ ਮਾਲੇਰਕੋਟਲਾ ਤੋਂ ਮੁਸਲਿਮ ਭਾਈਚਾਰੇ ਦਾ ਵਫ਼ਦ ਜਗਜੀਤ ਸਿੰਘ ਡੱਲੇਵਾਲ ਦੀ ਹਮਾਇਤ ਕਰਨ ਲਈ ਖਨੌਰੀ ਬਾਰਡਰ ’ਤੇ ਪਹੁੰਚਿਆ। ਮੁਸਲਿਮ ਭਾਈਚਾਰੇ ਦੇ ਆਗੂਆਂ ਨੇ ਪੰਡਾਲ ਵਿੱਚ ਵੀ ਨਮਾਜ਼ ਅਦਾ ਕਰਕੇ ਮੋਰਚੇ ਦੀ ਸਫਲਤਾ ਲਈ ਦੁਆ ਕੀਤੀ।
ਹੋਰਨਾਂ ਸੂਬਿਆਂ ਵਿੱਚ ਡੱਲੇਵਾਲ ਦੇ ਹੱਕ ਵਿੱਚ ਨਿੱਤਰੇ ਕਿਸਾਨ
ਕਰਨਾਟਕ ਦੇ ਕਿਸਾਨ ਆਗੂ ਕੁਰਬਰੂ ਸ਼ਾਂਤਾਕੁਮਾਰ ਨੇ ਅੱਜ ਬੰਗਲੂਰੂ ਵਿੱਚ ਐਲਾਨ ਕੀਤਾ ਕਿ 6 ਦਸੰਬਰ ਤੋਂ ਉਨ੍ਹਾਂ ਦੀ ਜਥੇਬੰਦੀ ਵੱਲੋਂ ਡੱਲੇਵਾਲ ਦੇ ਸਮਰਥਨ ਵਿੱਚ ਬੰਗਲੂਰੂ ਵਿੱਚ ਮਰਨ ਵਰਤ ਸ਼ੁਰੂ ਕੀਤਾ ਜਾਵੇਗਾ ਅਤੇ ਹਰ ਰੋਜ਼ 50 ਕਿਸਾਨ ਮਰਨ ਵਰਤ ’ਤੇ ਬੈਠਣਗੇ। ਤਾਮਿਲ ਨਾਡੂ ਦੇ ਕਿਸਾਨ ਆਗੂ ਪੀਆਰ ਪਾਂਡਿਅਨ ਨੇ ਕਿਹਾ ਕਿ ਜੇ ਕੇਂਦਰ ਸਰਕਾਰ ਨੇ ਕਿਸਾਨਾਂ ਦੀ ਗੱਲ ਨਾ ਸੁਣੀ ਤਾਂ ਉਨ੍ਹਾਂ ਵੱਲੋਂ 14 ਦਸੰਬਰ ਤੋਂ ਡੱਲੇਵਾਲ ਦੇ ਮਰਨ ਵਰਤ ਦੇ ਸਮਰਥਨ ਵਿੱਚ ਤਾਮਿਲਨਾਡੂ ਵਿੱਚ ਰੇਲ ਰੋਕੋ ਅੰਦੋਲਨ ਸ਼ੁਰੂ ਕੀਤਾ ਜਾਵੇਗਾ
ਸੰਸਦ ’ਚ ਕਿਸਾਨਾਂ ਦੀ ਗੱਲ ਕਰਨਾ ਚਾਹੁੰਦੀ ਹੈ ਭਾਜਪਾ: ਬਿੱਟੂ
ਜਲੰਧਰ (ਪਾਲ ਸਿੰਘ ਨੌਲੀ): ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਾਂਗਰਸ ’ਤੇ ਵਰ੍ਹਦਿਆਂ ਕਿਹਾ ਕਿ ਉਹ ਸੰਸਦ ਦਾ ਸੈਸ਼ਨ ਨਹੀਂ ਚੱਲਣ ਦੇ ਰਹੀ ਜਿੱਥੇ ਮੋਦੀ ਸਰਕਾਰ ਕਿਸਾਨਾਂ ਤੇ ਮਜ਼ਦੂਰਾਂ ਦੀ ਗੱਲ ਕਰਨਾ ਚਾਹੁੰਦੀ ਹੈ। ਉਹ ਅੱਜ ਇੱਥੇ ਜਲੰਧਰ ਛਾਉਣੀ ਦੇ ਰੇਲਵੇ ਸਟੇਸ਼ਨ ਦੇ ਚੱਲ ਰਹੇ ਕੰਮ ਦਾ ਜਾਇਜ਼ਾ ਲੈਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਐੱਮਐੱਸਪੀ ਦੀ 44 ਹਜ਼ਾਰ ਕਰੋੜ ਰੁਪਏ ਦੀ ਰਾਸ਼ੀ ਪੰਜਾਬ ਦੇ ਖਾਤੇ ਵਿੱਚ ਪਾ ਦਿੱਤੀ ਸੀ ਪਰ ਕਾਂਗਰਸ ਤੇ ‘ਆਪ’ ਨੇ ਰਲ ਕਿਸਾਨਾਂ ਦੀ ਲੁੱਟ ਕੀਤੀ। ਉਨ੍ਹਾਂ ਕਿਹਾ, ‘‘300 ਰੁਪਏ ਪ੍ਰਤੀ ਕੁਇੰਟਲ ਝੋਨੇ ’ਚ ਕੱਟ ਲੱਗਾ। ਇਹ ਹਜ਼ਾਰਾਂ ਕਰੋੜਾਂ ਰੁਪਏ ਕਿਸ ਦੀਆਂ ਜੇਬਾਂ ਵਿੱਚ ਗਏ?’’ ਬਿੱਟੂ ਨੇ ਕਾਂਗਰਸੀ ਸੰਸਦ ਮੈਂਬਰਾਂ ਨੂੰ ਝੋਨੇ ’ਚ ਲੱਗੇ ਕੱਟ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਦਾ ਮੁੱਦਾ ਉਠਾਉਣ ਦੀ ਸਲਾਹ ਵੀ ਦਿੱਤੀ। ਬਿੱਟੂ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸ਼ਹਿਰਾਂ ’ਚ ਭਾਜਪਾ ਦੇ ਮੇਅਰ ਬਣਾਉਣ, ਜਿਸ ਮਗਰੋਂ ਗਰਾਂਟਾਂ ਦੇ ਗੱਫੇ ਆਉਣਗੇ। ਉਨ੍ਹਾਂ ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ’ਚ ਭਾਜਪਾ ਨੂੰ ਖੁੱਲ੍ਹ ਕੇ ਪ੍ਰਚਾਰ ਕਰਨ ਦੇਣ ਲਈ ਕਿਸਾਨਾਂ ਦਾ ਧੰਨਵਾਦ ਕੀਤਾ ਅਤੇ ਦਾਅਵਾ ਕੀਤਾ ਇਹ ਚਾਰੋਂ ਸੀਟਾਂ ਕਾਂਗਰਸ ਕੋਲ ਸਨ ਤੇ ਭਾਜਪਾ ਨੇ ਉਥੇ ਬਹੁਤ ਵਧੀਆ ਕਾਰਗੁਜ਼ਾਰੀ ਦਿਖਾਈ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੀ ਲੜਾਈ ਕਾਂਗਰਸ ਨਾਲ ਹੈ ਕਿਉਂਕਿ ਪੰਜਾਬ ਦੇ ਲੋਕਾਂ ਨੇ ਭਵਿੱਖ ਵਿੱਚ ‘ਆਪ’ ਨੂੰ ਵੋਟਾਂ ਨਹੀਂ ਪਾਉਣੀਆਂ। ਰਵਨੀਤ ਬਿੱਟੂ ਨੇ ਜਲੰਧਰ ਛਾਉਣੀ ਦੇ ਰੇਲਵੇ ਸਟੇਸ਼ਨ ਨਵੀਂ ਬਣ ਰਹੀ ਇਮਾਰਤ ਦੇ ਕੰਮ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ ਤੇ 2025 ਦੀ ਪਹਿਲੀ ਤਿਮਾਹੀ ਦੌਰਾਨ ਨਵੀਂ ਇਮਾਰਤ ਲੋਕ ਅਰਪਣ ਕਰ ਦਿੱਤੀ ਜਾਵੇਗੀ।