ਪਰਲ ਪੀੜਤਾਂ ਦੀ ਦਿੱਲੀ ਪ੍ਰਦਰਸ਼ਨ ਲਈ ਲਾਮਬੰਦੀ
ਜਗਜੀਤ ਸਿੰਘ ਸਿੱਧੂ
ਤਲਵੰਡੀ ਸਾਬੋ, 1 ਫਰਵਰੀ
ਪਰਲ ਕੰਪਨੀ ਵਿੱਚ ਨਿਵੇਸ਼ਕਾਂ ਦੇ ਡੁੱਬੇ ਪੈਸੇ ਦਿਵਾਉਣ ਲਈ ਇਨਸਾਫ਼ ਦੀ ਆਵਾਜ਼ ਜਥੇਬੰਦੀ ਵੱਲੋਂ 3 ਫਰਵਰੀ ਨੂੰ ਦਿੱਲੀ ਵਿੱਤ ਮੰਤਰਾਲੇ ਦੇ ਮੁੱਖ ਦਫਤਰ ਅੱਗੇ ਕੀਤੇ ਜਾਣ ਵਾਲੇ ਪ੍ਰਦਰਸ਼ਨ ਸਬੰਧੀ ਪਿੰਡਾਂ ਵਿੱਚ ਨੁੱਕੜ ਮੀਟਿੰਗਾਂ ਕਰਕੇ ਲੋਕਾਂ ਨੂੰ ਲਾਮਬੰਦ ਕੀਤਾ ਗਿਆ। ਇਨਸਾਫ਼ ਦੀ ਅਵਾਜ਼ ਜਥੇਬੰਦੀ ਦੇ ਸੂਬਾ ਪ੍ਰਧਾਨ ਜੱਗਾ ਸਿੰਘ ਸਿੱਧੂ ਅਤੇ ਸਾਬਕਾ ਸੂਬਾ ਪ੍ਰਧਾਨ ਗੁਰਤੇਜ ਸਿੰਘ ਬਹਿਮਣ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵੱਖ-ਵੱਖ ਪਿੰਡਾਂ ਵਿੱਚ ਪਰਲ ਪੀੜਤਾਂ ਨਾਲ ਮੀਟਿੰਗਾਂ ਕਰ ਕੇ ਉਨ੍ਹਾਂ ਨੂੰ 3 ਫਰਵਰੀ ਦੀ ਰਣਨੀਤੀ ਸਬੰਧੀ ਜਾਗਰੂਕ ਕੀਤਾ। ਉਨ੍ਹਾਂ ਦੱਸਿਆ ਕਿ ਪਿਛਲੇ ਸਮੇਂ ਵਿੱਚ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਨੇ ਸੰਸਦ ਵਿੱਚ ਸਰਕਾਰ ਪਾਸੋਂ ਪਰਲ ਪੀੜਤਾਂ ਦਾ ਪੈਸਾ ਨਾ ਦੇਣ ਦਾ ਕਾਰਨ ਪੁੱਛਿਆ ਸੀ ਜਿਸ ਦੇ ਜਵਾਬ ਵਿੱਚ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਸੀ ਕਿ ਉਹ ਪੈਸੇ ਦੇਣ ਲਈ ਤਿਆਰ ਹਾਂ ਪ੍ਰੰਤੂ ਲੋਕ ਪੈਸੇ ਲੈਣ ਨਹੀਂ ਆ ਰਹੇ। ਉਨ੍ਹਾਂ ਕਿਹਾ ਕਿ ਆਪਣੇ ਕਾਗਜ਼ ਲੈ ਕੇ ਆਓ ਅਤੇ ਪੈਸੇ ਲੈ ਜਾਓ। ਕੇਂਦਰੀ ਵਿੱਤ ਮੰਤਰੀ ਦੇ ਉਕਤ ਬਿਆਨ ਨੂੰ ਮੁੱਖ ਰੱਖਦੇ ਹੋਏ ਹੀ ਹੁਣ ਸਾਰੇ ਪਰਲ ਅਤੇ ਸਹਾਰਾ ਕੰਪਨੀਆਂ ਤੋਂ ਪੀੜਤ ਲੋਕ 3 ਫਰਵਰੀ ਨੂੰ ਆਪਣੇ ਕਾਗਜ਼ ਲੈ ਕੇ ਮਹਿੰਦਰਪਾਲ ਸਿੰਘ ਦਾਨਗੜ੍ਹ ਦੀ ਅਗਵਾਈ ਵਿੱਚ ਦਿੱਲੀ ਵਿੱਤ ਮੰਤਰਾਲੇ ਦੇ ਮੁੱਖ ਦਫਤਰ ਅੱਗੇ ਪਹੁੰਚਣਗੇ, ਜਿਸ ਦੇ ਸਬੰਧ ਵਿੱਚ ਪੀੜ੍ਹਤਾਂ ਨੂੰ ਲਾਮਬੰਦ ਕੀਤਾ ਗਿਆ ਹੈ।