ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੜਕ ਹਾਦਸੇ ਅਤੇ ਅਨੁਸ਼ਾਸਨਹੀਣਤਾ ਦੀ ਸਿਖਰ

09:03 AM Feb 10, 2024 IST

ਗੁਰਬਿੰਦਰ ਸਿੰਘ ਮਾਣਕ

Advertisement

ਇਸ ਵਿਚ ਕੋਈ ਦੋ ਰਾਵਾਂ ਨਹੀਂ ਹੋ ਸਕਦੀਆਂ ਕਿ ਸਿੱਖਿਆ, ਵਿਗਿਆਨ ਤੇ ਤਕਨਾਲੋਜੀ, ਆਵਾਜਾਈ ਅਤੇ ਸੰਚਾਰ ਦੇ ਖੇਤਰ ਵਿਚ ਹੋਏ ਅਚੰਭੇ ਭਰੇ ਵਿਕਾਸ ਨੇ ਮਨੁੱਖੀ ਜੀਵਨ ਦੀ ਤੋਰ ਨੂੰ ਮੁੱਢੋਂ ਬਦਲ ਕੇ ਰੱਖ ਦਿੱਤਾ ਹੈ। ਪੁਰਾਣੇ ਵੇਲ਼ਿਆਂ ਵਿਚ ਆਵਾਜਾਈ ਦੇ ਬਹੁਤੇ ਸਾਧਨ ਨਹੀਂ ਸਨ। ਸਮਾਜਿਕ ਆਰਥਿਕ ਵਿਕਾਸ ਨੇ ਮਨੁੱਖੀ ਜੀਵਨ ਦੀ ਰਫਤਾਰ ਨੂੰ ਬਹੁਤ ਤੇਜ਼ ਕਰ ਦਿੱਤਾ ਹੈ। ਤੇਜ਼ ਰਫਤਾਰ ਸਾਧਨਾਂ ਦੀ ਬਦੌਲਤ ਇਕ ਸਥਾਨ ਤੋਂ ਦੂਜੇ ਸਥਾਨ ਤੱਕ ਪਹੁੰਚਣ ਲਈ ਸਮਾਂ ਬਹੁਤ ਥੋੜ੍ਹਾ ਲੱਗਣ ਲੱਗਾ ਹੈ। ਜ਼ਿੰਦਗੀ ਦੀ ਦੌੜ ਵਿਚ ਉਲਝੇ ਅਜੋਕੇ ਮਨੁੱਖ ਕੋਲ ਸਭ ਸੁੱਖ ਆਰਾਮ ਹੋਣ ਦੇ ਬਾਵਜੂਦ ਸਹਿਜਤਾ ਉਸ ਦੀ ਜੀਵਨ ਜਾਚ ਦਾ ਹਿੱਸਾ ਨਹੀਂ ਹੈ। ਇਸ ਕਾਰਨ ਹੀ ਸੜਕ ਹਾਦਸੇ ਮਨੁੱਖੀ ਜਾਨਾਂ ਦਾ ਖੌਅ ਬਣੇ ਹੋਏ ਹਨ। ਜਿਹੜੀ ਗੱਲ ਸਭ ਤੋਂ ਵੱਧ ਚੁਭਦੀ ਹੈ, ਉਹ ਹੈ ਜ਼ਿੰਦਗੀ ਦੇ ਹਰ ਖੇਤਰ ’ਚ ਪਸਰ ਰਹੀ ਅਨੁਸ਼ਾਸਨਹੀਣਤਾ। ਕਿਸੇ ਨਿਯਮ ਕਾਨੂੰਨ ਦੀ ਪਾਲਣਾ ਸਾਡੇ ਜੀਵਨ ਦਾ ਹਿੱਸਾ ਨਹੀਂ ਹੈ। ਇਸ ਗੱਲ ਬਾਰੇ ਕੋਈ ਦੋ ਰਾਵਾਂ ਨਹੀਂ ਕਿ ਬਹੁਤ ਵੱਡੀ ਪੱਧਰ ’ਤੇ ਨਿੱਤ ਵਾਪਰ ਰਹੇ ਸੜਕ ਹਾਦਸੇ ਇਸੇ ਅਨੁਸ਼ਾਸਨਹੀਣਤਾ ਦੀ ਸਿਖਰ ਹਨ।
ਨੈਸ਼ਨਲ ਕਰਾਈਮ ਰਿਕਾਰਡ ਬਿਊਰੋ ਦੇ ਅੰਕੜਿਆਂ ਵਲ ਝਾਤ ਮਾਰੀਏ ਤਾਂ ਭਾਰਤ ਵਿਚ ਸੜਕ ਹਾਦਸਿਆਂ ਵਿਚ ਮਰਨ ਵਾਲੇ ਲੋਕਾਂ ਦੀ ਗਿਣਤੀ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਸਰਕਾਰ ਦੇ ਆਪਣੇ ਅੰਕੜੇ ਹੀ ਸੜਕ ਹਾਦਸਿਆਂ ਦੀ ਗੰਭੀਰਤਾ ਨੂੰ ਪ੍ਰਗਟ ਕਰਨ ਲਈ ਬਹੁਤ ਹਨ। ਕਈ ਸਾਲ ਪਹਿਲਾਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਸੜਕ ਦੁਰਘਟਨਾਵਾਂ ਸਬੰਧੀ 2015 ਦੀ ਰਿਪੋਰਟ ਜਾਰੀ ਕਰਦਿਆਂ ਦੱਸਿਆ ਸੀ ਕਿ ਭਾਰਤ ਵਿਚ ਹਰ ਰੋਜ਼ 1374 ਸੜਕ ਹਾਦਸੇ ਵਾਪਰਦੇ ਹਨ ਜਿਨ੍ਹਾਂ ਵਿਚ 400 ਲੋਕਾਂ ਦੀ ਮੌਤ ਹੋ ਜਾਂਦੀ ਹੈ। ਇਸ ਇਕ ਸਾਲ ਵਿਚ ਹੀ ਭਾਰਤ ਵਿਚ 5 ਲੱਖ ਤੋਂ ਵੱਧ ਸੜਕ ਹਾਦਸੇ ਹੋਏ ਤੇ ਲੱਗਭੱਗ 1.50 ਲੱਖ ਲੋਕਾਂ ਨੂੰ ਜਾਨ ਤੋਂ ਹੱਥ ਧੋਣੇ ਪਏ। ਹਾਦਸਿਆਂ ਵਿਚ ਜ਼ਖਮੀ ਹੋਏ ਲੋਕਾਂ ਦੀ ਗਿਣਤੀ 5 ਲੱਖ ਤੋਂ ਵੀ ਵੱਧ ਦੱਸੀ ਗਈ ਸੀ। ਹੁਣ ਕੇਂਦਰੀ ਸਰਕਾਰ ਦੀ 2021 ਦੇ ਸੜਕ ਹਾਦਸਿਆਂ ਦੇ ਅੰਕੜਿਆਂ ਦੀ ਰਿਪੋਰਟ ਦਰਸਾਉਂਦੀ ਹੈ ਕਿ ਸੜਕ ਹਾਦਸਿਆਂ ਦਾ ਇਹ ਸਿਲਸਿਲਾ ਵਧ ਰਿਹਾ ਹੈ। ਦੇਸ਼ ਵਿਚ ਕੁੱਲ 4,12,432 ਸੜਕ ਹਾਦਸੇ ਵਾਪਰੇ। ਇਨ੍ਹਾਂ ਵਿਚੋਂ 1,42,163 ਹਾਦਸੇ ਬਹੁਤ ਦਰਦਨਾਕ ਸਨ। ਇਨ੍ਹਾਂ ਹਾਦਸਿਆਂ ਵਿਚ 1,52,972 ਕੀਮਤੀ ਮਨੁੱਖੀ ਜਾਨਾਂ ਖਤਮ ਹੋ ਗਈਆਂ। ਇਸ ਤੋਂ ਬਿਨਾਂ 3,84,448 ਲੋਕ ਜ਼ਖਮੀ ਹੋਏ। ਮਰਨ ਵਾਲਿਆਂ ਵਿਚ 67% ਲੋਕ 18 ਤੋਂ 45 ਸਾਲ ਦੀ ਉਮਰ ਵਾਲੇ ਸਨ। ਹਰ ਸਾਲ ਦੇਸ਼ ਵਿਚ ਅੰਦਾਜ਼ਨ 1.50 ਲੱਖ ਲੋਕ ਮਾਰੇ ਜਾਂਦੇ ਹਨ। ਇਸ ਦਾ ਭਾਵ ਹੈ ਕਿ ਹਰ ਰੋਜ਼ 1130 ਹਾਦਸੇ ਵਾਪਰਦੇ ਹਨ ਤੇ 422 ਲੋਕਾਂ ਨੂੰ ਸੜਕਾਂ ਨਿਗਲ ਲੈਂਦੀਆਂ ਹਨ। ਇਸ ਤੋਂ ਬਿਨਾਂ ਬਹੁਤ ਸਾਰੇ ਹਾਦਸੇ ਦਰਜ ਹੀ ਨਹੀਂ ਹੁੰਦੇ।
ਪਿਛਲੇ ਕੁਝ ਸਮੇਂ ਤੋਂ ਸੜਕ ਹਾਦਸਿਆਂ ਦੇ ਪੱਖ ਤੋਂ ਪੰਜਾਬ ਦੀ ਸਥਿਤੀ ਬਦ ਤੋਂ ਬਦਤਰ ਹੋ ਰਹੀ ਹੈ। ਕੌਮੀ ਅਪਰਾਧ ਬਿਊਰੋ ਦੀ ਰਿਪੋਰਟ ਅਨੁਸਾਰ ਸੜਕ ਹਾਦਸਿਆਂ ਵਿਚ ਮਾਰੇ ਜਾਣ ਵਾਲੇ ਲੋਕਾਂ ਦੀ ਗਿਣਤੀ ਪੱਖੋਂ ਪੰਜਾਬ ਦੇਸ਼ ਦੇ ਪਹਿਲੇ ਪੰਜ ਰਾਜਾਂ ਵਿਚ ਆਉਂਦਾ ਹੈ। ਇਕ ਅਨੁਮਾਨ ਅਨੁਸਾਰ ਪੰਜਾਬ ਵਿਚ 2009 ਵਿਚ 6425 ਸੜਕ ਹਾਦਸੇ ਵਾਪਰੇ ਜਿਨ੍ਹਾਂ ਵਿਚ 3622 ਲੋਕਾਂ ਦੀਆਂ ਜਾਨਾਂ ਗਈਆਂ। 2010 ਵਿਚ ਸੜਕ ਹਾਦਸਿਆਂ ਦੀ ਗਿਣਤੀ ਵਧ ਕੇ 6641 ਹੋ ਗਈ ਤੇ 3424 ਲੋਕਾਂ ਨੂੰ ਜਾਨ ਗੁਆਉਣੀ ਪਈ। 2018 ਵਿਚ 4,740 ਮੌਤਾਂ, 2019 ਵਿਚ 4,525 ਮੌਤਾਂ, 2020 ਵਿਚ 3,898 ਮੌਤਾਂ ਸੜਕ ਹਾਦਸਿਆਂ ਕਾਰਨ ਹੋਈਆਂ। ਪੰਜਾਬ ਵਿਚ ਹੁੰਦੇ ਹਾਦਸਿਆਂ ਵਿਚ ਮੌਤ ਦਰ 76% ਹੈ। ਪੰਜਾਬ ਰੋਡ ਐਕਸੀਡੈਂਟ ਐਂਡ ਟਰੈਫਿਕ-2021 ਦੇ ਅੰਕੜਿਆਂ ਅਨੁਸਾਰ ਪੰਜਾਬ ਵਿਚ ਹਰ ਦਿਨ 13 ਵਿਅਕਤੀ ਹਾਦਸਿਆਂ ਦੀ ਭੇਟ ਚੜ੍ਹਦੇ ਰਹੇ ਹਨ। ਸਭ ਤੋਂ ਦੁਖਦਾਈ ਪੱਖ ਇਹ ਹੈ ਕਿ ਕੁੱਲ 4589 ਮੌਤਾਂ ਵਿਚੋਂ 3276 ਮੌਤਾਂ ਦਾ ਕਾਰਨ ਵਾਹਨਾਂ ਦੀ ਤੇਜ਼ ਰਫਤਾਰ ਮੰਨਿਆ ਗਿਆ ਹੈ।
ਟਰੈਫਿਕ ਚਲਾਨਾਂ ਸਬੰਧੀ ਰਾਜ ਸਭਾ ਵਿਚ ਦਿੱਤੇ ਅੰਕੜਿਆਂ ਅਨਸਾਰ ਸਤੰਬਰ 2019 ਤੋਂ ਫਰਵਰੀ 2023 ਦੌਰਾਨ ਪੰਜਾਬ ਵਿਚ ਬਹੁਤ ਥੋੜ੍ਹੇ ਚਲਾਨ ਹੋਏ। ਪੰਜਾਬ ਨੇ ਕੇਵਲ 20.36 ਕਰੋੜ ਜੁਰਮਾਨਾ ਵਸੂਲਿਆ; ਚੰਡੀਗੜ੍ਹ ਨੇ 61 ਕਰੋੜ, ਹਰਿਆਣਾ ਨੇ 997.16 ਕਰੋੜ ਤੇ ਹਿਮਾਚਲ ਨੇ 319.75 ਕਰੋੜ ਜੁਰਮਾਨੇ ਦੀ ਵਸੂਲੀ ਕੀਤੀ। ਪੰਜਾਬ ਵਿਚ ਦਸੰਬਰ 2021 ਤੱਕ ਕੁੱਲ 1.21 ਕਰੋੜ ਵਾਹਨ ਰਜਿਸਟਰਡ ਹਨ। ਤੇਜ਼ ਰਫਤਾਰ ਤੇ ਗ਼ਲਤ ਸਾਈਡ ਕਾਰਨ ਹਾਦਸੇ ਆਮ ਵਰਤਾਰਾ ਹੈ। ਇਹ ਠੀਕ ਹੈ ਕਿ ਵਾਹਨ ਚਾਲਕਾਂ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਪਰ ਨਿਯਮ ਲਾਗੂ ਕਰਾਉਣ ਵਾਲੀ ਟਰੈਫਿਕ ਪੁਲੀਸ ਆਪਣੀ ਜ਼ਿੰਮੇਵਾਰੀ ਤੋਂ ਬਚ ਨਹੀਂ ਸਕਦੀ। ਜੇ ਨਿਯਮ ਬਿਨਾਂ ਕਿਸੇ ਵਿਤਕਰੇ ਜਾਂ ਸਿਫਾਰਸ਼ ਦੇ ਸਖਤੀ ਨਾਲ ਲਾਗੂ ਕੀਤੇ ਜਾਣ ਤਾਂ ਬਹੁਤ ਸਾਰੀਆਂ ਬੇਨਿਯਮੀਆਂ ਤੋਂ ਬਚਿਆ ਜਾ ਸਕਦਾ ਹੈ।
ਹਾਦਸਿਆਂ ਦੀ ਦਰ ਹਰ ਸਾਲ ਵਧ ਰਹੀ ਹੈ ਤੇ ਮੌਤਾਂ ਦੀ ਗਿਣਤੀ ਵੀ। 2015 ਵਿਚ ਸੜਕ ਹਾਦਸਿਆਂ ਵਿਚ ਮਰਨ ਵਾਲਿਆਂ ਦੀ ਗਿਣਤੀ ਵਿਚ ਪਿਛਲੇ ਸਾਲ ਨਾਲੋਂ 20% ਦਾ ਵਾਧਾ ਹੋਇਆ। ਹਾਦਸਿਆਂ ਦੇ ਬਹੁਤੇ ਸਿ਼ਕਾਰ 15 ਤੋਂ 34 ਸਾਲ ਉਮਰ ਵਰਗ ਵਾਲੇ ਹੁੰਦੇ ਹਨ। ਸਥਿਤੀ ਇੰਨੀ ਬਦਤਰ ਹੋ ਚੁੱਕੀ ਹੈ ਕਿ ਨਿੱਤ ਦਿਨ ਸੜਕਾਂ ਖ਼ੂਨ ਨਾਲ ਲੱਥ-ਪੱਥ ਹੋ ਰਹੀਆਂ ਹਨ ਤੇ ਘਰਾਂ ਵਿਚ ਸੱਥਰ ਵਿਛ ਰਹੇ ਹਨ। ਕਈ ਵਾਰ ਤਾਂ ਸਾਰੇ ਦਾ ਸਾਰਾ ਪਰਿਵਾਰ ਹੀ ਹਾਦਸੇ ਦੀ ਭੇਂਟ ਚੜ੍ਹ ਜਾਂਦਾ ਹੈ।
ਹਾਦਸਿਆਂ ਦੇ ਭਾਵੇਂ ਕਈ ਕਾਰਨ ਹਨ ਪਰ ਮਾਹਿਰਾਂ ਦੀ ਰਾਏ ਹੈ ਕਿ ਬਹੁਤੇ ਸੜਕ ਹਾਦਸਿਆਂ ਦਾ ਕਾਰਨ ਮਨੁੱਖੀ ਗ਼ਲਤੀ ਹੈ। ਸੜਕੀ ਆਵਾਜਾਈ ਮੰਤਰਾਲੇ ਦੀ ਰਿਪੋਰਟ ਅਨੁਸਾਰ 77.1% ਹਾਦਸੇ ਡਰਾਇਵਰ ਦੀ ਗ਼ਲਤੀ ਕਾਰਨ ਵਾਪਰਦੇ ਹਨ। ਵਾਹਨ ਦੀ ਮਿਥੀ ਗਤੀ ਸੀਮਾ ਤੋਂ ਵੱਧ ਸਪੀਡ ਹਾਦਸੇ ਨੂੰ ਸੱਦਾ ਦੇਣ ਬਰਾਬਰ ਹੈ। ਵਾਹਨ ਚਾਲਕ ਦਾ ਵਾਹਨ ’ਤੇ ਕੰਟਰੋਲ ਨਾ ਰਹਿਣ ਕਾਰਨ ਹਾਦਸਾ ਵਾਪਰ ਜਾਂਦਾ ਹੈ। ਸੜਕੀ ਨੇਮਾਂ ਤੋਂ ਅਣਭਿੱਜ ਡਰਾਇਵਰ ਨਿਯਮਾਂ ਦੀ ਪਾਲਣਾ ਕਰਨ ਦੀ ਥਾਂ ਧੱਕੇ ਨਾਲ ਹੀ ਸੜਕ ’ਤੇ ਵਾਹਨ ਭਜਾਈ ਫਿਰਦੇ ਹਨ ਤੇ ਆਪਣੇ ਸਮੇਤ ਦੂਜਿਆਂ ਲਈ ਹਰ ਸਮੇਂ ਖ਼ਤਰਾ ਬਣੇ ਰਹਿੰਦੇ ਹਨ। ਜਿਵੇਂ ਹੋਰ ਖੇਤਰਾਂ ਵਿਚ ਭ੍ਰਿਸ਼ਟਾਚਾਰ ਭਾਰੂ ਹੈ, ਉਸੇ ਤਰ੍ਹਾਂ ਲਾਇਸੈਂਸ ਪ੍ਰਣਾਲੀ ਵੀ ਬੁਰੀ ਤਰ੍ਹਾਂ ਇਸ ਦੀ ਲਪੇਟ ਵਿਚ ਹੈ। ਨਿਯਮ ਲਾਗੂ ਕਰਾਉਣ ਵਾਲੀ ਟਰੈਫਿਕ ਪੁਲੀਸ ਵੀ ਕਈ ਤਰ੍ਹਾਂ ਦੇ ਦਬਾਵਾਂ ਵਿਚ ਕੰਮ ਕਰਦੀ ਹੈ। ਇਸ ਤਰ੍ਹਾਂ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਨਾ ਕਿਸੇ ਤਰ੍ਹਾਂ ਬਚ ਜਾਂਦੇ ਹਨ। ਕੁਝ ਸਾਲ ਪਹਿਲਾਂ ਸੁਪਰੀਮ ਕੋਰਟ ਨੇ ਕਮਰਸ਼ੀਅਲ ਵਾਹਨਾਂ ਵਿਚ ਸਪੀਡ ਨੂੰ ਕੰਟਰੋਲ ਕਰਨ ਲਈ ਸਪੀਡ ਗਵਰਨਰ ਲਾਉਣ ਦਾ ਆਦੇਸ਼ ਦਿੱਤਾ ਸੀ। ਮਕਸਦ ਸੀ ਕਿ 80 ਕਿਲੋਮੀਟਰ ਪ੍ਰਤੀ ਘੰਟਾ ਸਪੀਡ ਬੰਨ੍ਹ ਦਿੱਤੀ ਜਾਵੇ। ਪੰਜਾਬ ਸਰਕਾਰ ਨੇ ਵੀ ਇਸ ਫੈਸਲੇ ਦੀ ਰੌਸ਼ਨੀ ਵਿਚ 2012 ਵਿਚ ਨੋਟੀਫਿਕੇਸ਼ਨ ਜਾਰੀ ਕਰ ਕੇ ਸਪੀਡ ਗਵਰਨਰ ਲਗਾਉਣ ਦਾ ਫੈਸਲਾ ਕੀਤਾ ਸੀ ਪਰ ਅੱਜ ਤੱਕ ਵੀ ਇਹ ਸਕੀਮ ਲਾਗੂ ਨਹੀਂ ਹੋ ਸਕੀ। ਸਿੱਟੇ ਵਜੋਂ ਤੇਜ਼ ਰਫਤਾਰੀ ’ਤੇ ਕੋਈ ਕੰਟਰੋਲ ਨਾ ਹੋਣ ਕਾਰਨ ਸੜਕ ’ਤੇ ਚਲਦੇ ਵਾਹਨ ਸਭ ਹੱਦਾਂ ਬੰਨੇ ਤੋੜਦੇ ਹੋਏ ਖ਼ੌਫ ਤੇ ਆਤੰਕ ਦਾ ਮਾਹੌਲ ਸਿਰਜ ਰਹੇ ਹਨ।
ਨਸ਼ੇ ਦੀ ਵਰਤੋਂ ਕਰ ਕੇ ਡਰਾਇਵਿੰਗ ਕਰਨਾ ਵੀ ਗੰਭੀਰ ਮੁੱਦਾ ਹੈ। ਨਸ਼ੇ ਕਾਰਨ ਡਰਾਇਵਰ ਦੀਆਂ ਗਿਆਨ ਇੰਦਰੀਆਂ ਪ੍ਰਭਾਵਿਤ ਹੋ ਜਾਂਦੀਆਂ ਹਨ। ਉਸ ਦਾ ਧਿਆਨ ਭਟਕ ਜਾਂਦਾ ਹੈ ਤੇ ਵਾਹਨ ਦੀ ਗਤੀ ’ਤੇ ਉਸ ਦਾ ਕਾਬੂ ਨਹੀਂ ਰਹਿੰਦਾ। ਸੜਕ ’ਤੇ ਪੈਦਲ ਜਾਣ ਵਾਲਿਆਂ ਨੂੰ ਲਪੇਟ ਵਿਚ ਲੈਣ ਦੀਆਂ ਘਟਨਾਵਾਂ ਵਿਚ ਵਾਧਾ ਹੋ ਰਿਹਾ ਹੈ। ਵਾਹਨ ਚਾਲਕ ਵਲੋਂ ਮੋਬਾਇਲ ਦੀ ਵਰਤੋਂ ਨਾਲ ਵੀ ਹਾਦਸੇ ਵਾਪਰ ਰਹੇ ਹਨ। ਹੈਲਮਟ ਅਤੇ ਸੀਟ ਬੈਲਟ ਦੀ ਵਰਤੋਂ ਨਾ ਕਰਨੀ ਵੀ ਅਸੀਂ ਸ਼ਾਨ ਸਮਝਦੇ ਹਾਂ; ਇਨ੍ਹਾਂ ਦੀ ਵਰਤੋਂ ਨਾਲ ਬਹੁਤ ਹੱਦ ਤੱਕ ਬਚਾਅ ਹੋ ਸਕਦਾ ਹੈ। ਪੰਜਾਬ ਸਰਕਾਰ ਹੁਣ ਸੜਕਾਂ ’ਤੇ ਹੁੰਦੀਆਂ ਟਰੈਫਿਕ ਬੇਨਿਯਮੀਆਂ ਨੂੰ ਠੱਲ੍ਹ ਪਾਉਣ ਲਈ ਸੜਕ ਸੁਰੱਖਿਆ ਬਲ ਤਾਇਨਾਤ ਕਰ ਰਹੀ ਹੈ। ਇਸ ਵਿਚ 1300 ਦੇ ਲੱਗਭੱਗ ਮੁਲਾਜ਼ਮ ਨਿਯੁਕਤ ਕੀਤੇ ਜਾ ਰਹੇ ਹਨ। ਇਨ੍ਹਾਂ ਕੋਲ ਜਾਂਚ ਕਰਨ ਲਈ ਆਧੁਨਿਕ ਸਾਜੋ਼-ਸਮਾਨ ਹੋਵੇਗਾ ਜਿਨ੍ਹਾਂ ਨਾਲ ਵਾਹਨਾਂ ਦੀ ਸਪੀਡ ਅਤੇ ਸਾਹ ਦੀ ਜਾਂਚ ਕੀਤੀ ਜਾ ਸਕੇਗੀ। ਅਵਾਰਾ ਜਾਨਵਰ ਵੀ ਸੜਕ ਹਾਦਸਿਆਂ ਵਿਚ ਵਾਧਾ ਕਰ ਰਹੇ ਹਨ। ਇਸ ਪ੍ਰਤੀ ਵੀ ਸਰਕਾਰ ਨੂੰ ਗੰਭੀਰ ਹੋਣ ਦੀ ਲੋੜ ਹੈ। ਲਗਾਤਾਰ ਸਫਰ ਵਿਚ ਰਹਿਣ ਕਾਰਨ ਡਰਾਇਵਰ ਉਨੀਂਦਰੇ ਦਾ ਸ਼ਿਕਾਰ ਹੋ ਜਾਂਦੇ ਹਨ ਜਿਸ ਕਾਰਨ ਹਾਦਸੇ ਵਾਪਰ ਜਾਂਦੇ ਹਨ।
ਮਨੁੱਖੀ ਜ਼ਿੰਦਗੀ ਬਹੁਤ ਕੀਮਤੀ ਹੈ। ਕਿਸੇ ਛੋਟੀ ਜਿਹੀ ਗ਼ਲਤੀ ਨਾਲ ਇਸ ਨੂੰ ਭੰਗ ਦੇ ਭਾੜੇ ਗੁਆ ਦੇਣਾ ਸਿਰੇ ਦੀ ਨਾਲਾਇਕੀ ਹੈ। ਸੜਕਾਂ ’ਤੇ ਨਿੱਤ ਡੁੱਲ੍ਹ ਰਿਹਾ ਖੂੁਨ ਸਾਡੇ ਮਨਾਂ ਵਿਚ ਘਰ ਕਰ ਚੁੱਕੀ ਅਨੁਸ਼ਾਸਨਹੀਣਤਾ ਦਾ ਸਿੱਟਾ ਹੈ। ਕਿਸੇ ਦੂਜੇ ਨੂੰ ਦੋਸ਼ ਦੇਣ ਦੀ ਥਾਂ ਆਪਣੇ ਆਪਣੇ ਗਿਰੇਵਾਨ ਵਿਚ ਝਾਤੀ ਮਾਰੀਏ ਕਿ ਸੜਕ ’ਤੇ ਜਾਂਦੇ ਸਮੇਂ ਅਸੀਂ ਕਿਸੇ ਨਿਯਮ ਦੀ ਉਲੰਘਣਾ ਤਾਂ ਨਹੀਂ ਕਰ ਰਹੇ।
ਸੰਪਰਕ: 98153-56086

Advertisement
Advertisement