ਅਮਨ ਕਾਇਮੀ ਲਾਜ਼ਮੀ
ਏਸ਼ੀਆ ਦੇ ਦੇਸ਼ਾਂ ਅਜ਼ਰਬਾਇਜਾਨ ਤੇ ਅਰਮੀਨੀਆ ਵਿਚਕਾਰ ਲੰਮੇ ਸਮੇਂ ਤੋਂ ਟਕਰਾਅ ਵਾਲੀ ਸਥਿਤੀ ਹੈ। ਅਜ਼ਰਬਾਇਜਾਨ ਕਰਾਬਾਖ਼ ਖਿੱਤੇ ’ਤੇ ਹੱਕ ਜਤਾਉਂਦਾ ਹੈ ਅਤੇ ਪਿਛਲੇ ਕੁਝ ਮਹੀਨਿਆਂ ਵਿਚ ਦੋਵਾਂ ਮੁਲਕਾਂ ਦਰਮਿਆਨ ਜੰਗੀ ਟਕਰਾਅ ਸਿਖ਼ਰ ’ਤੇ ਪਹੁੰਚਿਆ ਹੈ। ਇਸ ਦੇ ਸਿੱਟੇ ਵਜੋਂ ਅਜ਼ਰਬਾਇਜਾਨ ਨੇ ਨਾਗੋਰਨੋ-ਕਰਾਬਾਖ਼ ਖਿੱਤੇ ’ਤੇ ਕਬਜ਼ਾ ਕਰ ਲਿਆ ਹੈ ਅਤੇ ਅਰਮੀਨੀਅਨ ਮੂਲ ਦੇ ਇਕ ਲੱਖ ਤੋਂ ਵੱਧ ਲੋਕ ਇੱਥੋਂ ਭੱਜ ਕੇ ਅਰਮੀਨੀਆ ਚਲੇ ਗਏ ਹਨ। ਅਰਮੀਨੀਅਨ ਮੂਲ ਦੇ ਲੋਕਾਂ ਨੇ ਕਰਾਬਾਖ਼ ਵਿਚ ‘ਖ਼ੁਦਮੁਖਤਾਰ ਹਕੂਮਤ’ ਬਣਾਈ ਹੋਈ ਸੀ ਜਿਸ ਨੂੰ ਭੰਗ ਕਰ ਦਿੱਤਾ ਗਿਆ ਹੈ। 2020 ਵਿਚ ਵੀ ਅਜ਼ਰਬਾਇਜਾਨ ਤੇ ਅਰਮੀਨੀਆ ਵਿਚਕਾਰ ਟਕਰਾਅ ਹੋਇਆ ਸੀ ਤੇ ਫਿਰ ਰੂਸ ਦੀ ਦਖ਼ਲਅੰਦਾਜ਼ੀ ਨਾਲ ਜੰਗਬੰਦੀ ਹੋਈ।
ਅਰਮੀਨੀਆ ਦੇ ਉੱਤਰ ’ਚ ਜਾਰਜੀਆ ਹੈ; ਦੱਖਣ ’ਚ ਇਰਾਨ, ਪੂਰਬ ਵਿਚ ਅਜ਼ਰਬਾਇਜਾਨ ਹੈ ਅਤੇ ਪੱਛਮ ਵਿਚ ਤੁਰਕੀ। ਇਸ ਤਰ੍ਹਾਂ ਇਸ ਦੇ ਇਕ ਪਾਸੇ ਏਸ਼ੀਆ ਦੇ ਦੇਸ਼ ਹਨ ਅਤੇ ਦੂਸਰੇ ਪਾਸੇ ਯੂਰੋਪ ਦੇ। ਇਸ ਦੀ ਆਬਾਦੀ 27 ਲੱਖ ਦੇ ਕਰੀਬ ਹੈ; 80 ਲੱਖ ਤੋਂ ਵੱਧ ਅਰਮੀਨੀ ਵਿਦੇਸ਼ਾਂ ਵਿਚ ਰਹਿੰਦੇ ਹਨ। ਅਰਮੀਨੀਆ ਈਸਾਈ ਧਰਮ ਨੂੰ ਅਪਣਾਉਣ ਵਾਲੇ ਪਹਿਲੇ ਦੇਸ਼ਾਂ ਵਿਚੋਂ ਇਕ ਸੀ ਤੇ ਚੌਥੀ ਸਦੀ ਵਿਚ ਈਸਾਈ ਧਰਮ ਦੇਸ਼ ਦਾ ਰਾਜ-ਧਰਮ ਬਣ ਗਿਆ। ਅਰਮੀਨੀਆ ਦੀ ਐਪੋਸਟੌਲਿਕ ਆਰਥੋਡੌਕਸ ਚਰਚ ਦੀ ਆਪਣੀ ਆਜ਼ਾਦ ਹਸਤੀ ਹੈ। ਅਰਮੀਨੀਆ ਕਦੇ ਆਜ਼ਾਦ ਦੇਸ਼ ਰਿਹਾ, ਕਦੇ ਵੱਖ ਵੱਖ ਬਾਦਸ਼ਾਹਤਾਂ ਦਾ ਹਿੱਸਾ ਅਤੇ ਕਦੇ ਵੱਖ ਵੱਖ ਬਾਦਸ਼ਾਹਤਾਂ ਵਿਚਕਾਰ ਵੰਡਿਆ ਗਿਆ। 19ਵੀਂ ਸਦੀ ਦੇ ਅਖ਼ੀਰ ਵਿਚ ਇਹ ਓਟੋਮਨ ਸਲਤਨਤ ਦਾ ਹਿੱਸਾ ਸੀ ਅਤੇ ਸੁਲਤਾਨ ਅਬਦੁਲ ਹਮੀਦ ਦੇ ਰਾਜ ਵਿਚ ਅਰਮੀਨੀਅਨ ਲੋਕਾਂ ’ਤੇ ਵੱਡੇ ਜ਼ੁਲਮ ਢਾਹੇ ਗਏ; 1894 ਤੋਂ 1896 ਵਿਚਕਾਰ ਵੱਖ ਵੱਖ ਅਨੁਮਾਨਾਂ ਅਨੁਸਾਰ 80,000 ਤੋਂ 3,00,000 ਅਰਮੀਨੀਅਨ ਲੋਕਾਂ ਨੂੰ ਕਤਲ ਕੀਤਾ ਗਿਆ। ਪਹਿਲੀ ਆਲਮੀ ਜੰਗ ਦੌਰਾਨ 1905 ਤੋਂ 1917 ਵਿਚਕਾਰ ਫਿਰ ਅਜਿਹੇ ਜ਼ੁਲਮ ਹੋਏ ਜਨਿ੍ਹਾਂ ਵਿਚ 10 ਤੋਂ 15 ਲੱਖ ਦੇ ਵਿਚਕਾਰ ਅਰਮੀਨੀਅਨ ਮਾਰੇ ਗਏ। ਇਸ ਨੂੰ ਵੀਹਵੀਂ ਸਦੀ ਦੀ ਪਹਿਲੀ ਨਸਲਕੁਸ਼ੀ ਕਿਹਾ ਜਾਂਦਾ ਹੈ ਜਿਸ ਲਈ ਤੁਰਕੀ ਨੂੰ ਜ਼ਿੰਮੇਵਾਰ ਸਮਝਿਆ ਜਾਂਦਾ ਹੈ। ਜੰਗ ਤੋਂ ਬਾਅਦ ਅਰਮੀਨੀਆ ਆਜ਼ਾਦ ਮੁਲਕ ਵਜੋਂ ਉਭਰਿਆ ਪਰ 1922 ਵਿਚ ਇਸ ਨੂੰ ਸੋਵੀਅਨ ਯੂਨੀਅਨ ਦਾ ਹਿੱਸਾ ਬਣਾ ਲਿਆ ਗਿਆ। 1991 ਵਿਚ ਸੋਵੀਅਤ ਯੂਨੀਅਨ ਦੇ ਭੰਗ ਹੋਣ ਤੋਂ ਬਾਅਦ ਇਹ ਫਿਰ ਆਜ਼ਾਦ ਮੁਲਕ ਬਣਿਆ।
1991 ਤੋਂ ਬਾਅਦ ਨਾਗੋਰਨੋ-ਕਰਾਬਾਖ਼ ਖਿੱਤਾ ਅਜ਼ਰਬਾਇਜਾਨ ਤੇ ਅਰਮੀਨੀਆ ਵਿਚਕਾਰ ਟਕਰਾਅ ਦਾ ਕਾਰਨ ਬਣਿਆ; ਤੁਰਕੀ ਨੇ ਅਜ਼ਰਬਾਇਜਾਨ ਦਾ ਸਾਥ ਦਿੱਤਾ। ਇਹ ਖਿੱਤਾ ਅਜ਼ਰਬਾਇਜਾਨ ਦਾ ਹਿੱਸਾ ਹੈ ਪਰ ਇੱਥੇ ਮੁੱਖ ਵਸੋਂ ਅਰਮੀਨੀਅਨ ਮੂਲ ਦੇ ਲੋਕਾਂ ਦੀ ਹੈ। ਅਰਮੀਨੀਆ ਦਾ ਦੋਸ਼ ਹੈ ਕਿ ਅਜ਼ਰਬਾਇਜਾਨ ਦੀ ਫ਼ੌਜ ਅਰਮੀਨੀਅਨ ਲੋਕਾਂ ਨੂੰ ਖਿੱਤੇ ’ਚੋਂ ਕੱਢਣ ’ਤੇ ਤੁਲੀ ਹੋਈ ਹੈ। ਸਿਆਸੀ ਮਾਹਿਰਾਂ ਅਨੁਸਾਰ ਹਾਲਾਤ ਅਜਿਹੇ ਹਨ ਕਿ ਖਿੱਤੇ ’ਚ ਅਰਮੀਨੀਅਨ ਲੋਕਾਂ ਦਾ ਰਹਿਣਾ ਮੁਸ਼ਕਿਲ ਹੋ ਗਿਆ ਹੈ; 99% ਤੋਂ ਜ਼ਿਆਦਾ ਅਰਮੀਨੀਅਨ ਖਿੱਤੇ ਨੂੰ ਛੱਡ ਕੇ ਅਰਮੀਨੀਆ ਪਹੁੰਚ ਜਾਣਗੇ। ਹੁਣ ਹੋ ਰਹੇ ਟਕਰਾਅ ਤੋਂ ਪਹਿਲਾਂ ਖਿੱਤੇ ਦੀ ਵਸੋਂ 1,20,000 ਤੋਂ ਕੁਝ ਜ਼ਿਆਦਾ ਸੀ; ਹੁਣ ਇੱਥੇ ਸਿਰਫ਼ 20,000 ਵਾਸੀ ਹਨ। ਕੂਟਨੀਤਕ ਮਾਹਿਰ ਅਜ਼ਰਬਾਇਜਾਨ ’ਤੇ ਇਸ ਇਲਾਕੇ ’ਚੋਂ ਅਰਮੀਨੀਅਨ ਮੂਲ ਦੇ ਵਸਨੀਕਾਂ ਨੂੰ ਕੱਢਣ ਲਈ ਫ਼ੌਜੀ ਤਾਕਤ ਦੀ ਵਰਤੋਂ ਦਾ ਦੋਸ਼ ਲਗਾ ਕੇ ਇਸ ਕਾਰਵਾਈ ਨੂੰ ਨਸਲੀ ਸਫ਼ਾਈ (Ethnic Cleansing) ਦਾ ਨਾਂ ਦੇ ਰਹੇ ਹਨ। ਘਟਨਾਵਾਂ ਦੱਸਦੀਆਂ ਹਨ ਕਿ ਅੱਜ ਵੀ ਦੁਨੀਆ ’ਚ ਵੱਖ ਵੱਖ ਕੌਮਾਂ ਵਿਚਕਾਰ ਕਿੰਨੀ ਨਫ਼ਰਤ ਤੇ ਦੁਸ਼ਮਣੀ ਹੈ। ਅਜ਼ਰਬਾਇਜਾਨ ’ਚ 97% ਆਬਾਦੀ ਮੁਸਲਿਮ ਹੈ ਜਨਿ੍ਹਾਂ ’ਚੋਂ 60% ਲੋਕ ਸ਼ੀਆ ਹਨ। ਸੰਵਿਧਾਨਕ ਤੌਰ ’ਤੇ ਅਜ਼ਰਬਾਇਜਾਨ ਧਰਮ ਨਿਰਪੱਖ ਦੇਸ਼ ਹੈ। ਅੰਤਰਰਾਸ਼ਟਰੀ ਭਾਈਚਾਰਾ ਅਮਨ ਕਾਇਮ ਕਰਵਾਉਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ ਪਰ ਜੋ ਹੋਣਾ ਸੀ, ਉਹ ਹੋ ਚੁੱਕਾ ਹੈ। ਇਕ ਲੱਖ ਤੋਂ ਵੱਧ ਅਰਮੀਨੀਅਨ ਪਨਾਹਗੀਰ ਬਣ ਗਏ ਹਨ। ਏਨਾ ਵੱਡਾ ਦੁਖਾਂਤ ਵਾਪਰਿਆ ਹੈ ਪਰ ਰੂਸ-ਯੂਕਰੇਨ ਜੰਗ ਕਾਰਨ ਲੋਕਾਂ ਦਾ ਧਿਆਨ ਇਸ ਖਿੱਤੇ ਵਿਚ ਵਾਪਰ ਰਹੀਆਂ ਘਟਨਾਵਾਂ ਵੱਲ ਨਹੀਂ ਗਿਆ। ਇਸ ਸਥਿਤੀ ਵਿਚ ਹਾਲ ਦੀ ਘੜੀ ਅਰਮੀਨੀਅਨ ਪਨਾਹਗੀਰਾਂ ਦੇ ਮੁੜ ਵਸੇਬੇ ’ਤੇ ਧਿਆਨ ਕੇਂਦਰਿਤ ਕਰਨਾ ਜ਼ਰੂਰੀ ਹੈ।