ਮਾਲਵਿੰਦਰ ਮਾਲੀ ਦੀ ਰਿਹਾਈ ਲਈ ਸ਼ਾਂਤਮਈ ਪ੍ਰਦਰਸ਼ਨ
ਨਿੱਜੀ ਪੱਤਰ ਪ੍ਰੇਰਕ
ਫਤਹਿਗੜ੍ਹ ਸਾਹਿਬ, 29 ਅਕਤੂਬਰ
ਮੁਹਾਲੀ ਦੇ ਪੱਤਰਕਾਰ ਅਤੇ ਰਾਜਸੀ ਵਿਸ਼ਲੇਸ਼ਕ ਮਾਲਵਿੰਦਰ ਸਿੰਘ ਮਾਲੀ ਖਿਲਾਫ਼ ਦਰਜ ਕੇਸ ਵਾਪਸ ਕਰਵਾਉਣ ਦੀ ਮੰਗ ਨੂੰ ਲੈ ਕੇ ਕਿਸਾਨ, ਬੁੱਧੀਜੀਵੀ, ਮੀਡੀਆ ਅਤੇ ਅਕਾਲੀ ਦਲ ਅੰਮ੍ਰਿਤਸਰ ਦੇ ਕਾਰਕੁਨਾਂ ਨੇ ਜ਼ਿਲਾ ਕੰਪਲੈਕਸ ਫ਼ਤਹਿਗੜ੍ਹ ਸਾਹਿਬ ਦੇ ਹੱਕ ਵਿੱਚ ਸ਼ਾਂਤਮਈ ਧਰਨਾ ਦੇ ਕੇ ਮੰਗ ਕੀਤੀ ਕਿ ਮਾਲੀ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਧਰਨੇ ਵਿੱਚ ਮਨਰੇਗਾ ਕਰਮਚਾਰੀ ਯੂਨੀਅਨ ਦੀ ਸੂਬਾਈ ਆਗੂ ਮਨਪ੍ਰੀਤ ਕੌਰ, ਧਰਨੇ ਵਿਚ ਅਕਾਲੀ ਦਲ ਅੰਮ੍ਰਿਤਸਰ ਦੇ ਯੂਥ ਵਿੰਗ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਝਾਂਮਪੁਰ, ਸੀਨੀਅਰ ਮੀਤ ਪ੍ਰਧਾਨ ਧਰਮ ਸਿੰਘ ਕਲੌੜ, ਯੂਥ ਵਿੰਗ ਦੇ ਮੁੱਖ ਬੁਲਾਰੇ ਹਰਜੀਤ ਸਿੰਘ, ਜਥੇਦਾਰ ਜ਼ੋਰਾ ਸਿੰਘ ਮਕਾਰੋਪੁਰ, ਬਸੀ ਪਠਾਣਾਂ ਦੇ ਸ਼ਹਿਰੀ ਪ੍ਰਧਾਨ ਬਹਾਦਰ ਸਿੰਘ ਬੱਬੂ, ਜਥੇਦਾਰ ਸਿਵਦੇਵ ਸਿੰਘ, ਭੁਪਿੰਦਰ ਸਿੰਘ, ਪੰਜਾਬ ਚੰਡੀਗੜ੍ਹ ਜਨਰਲਿਸਟ ਯੂਨੀਅਨ ਦੇ ਸੂਬਾ ਸਕੱਤਰ ਜਨਰਲ ਭੂਸ਼ਨ ਸੂਦ, ਪੱਤਰਕਾਰ ਯੂਨੀਅਨ ਦੇ ਜ਼ਿਲਾ ਪ੍ਰਧਾਨ ਰਣਵੀਰ ਕੁਮਾਰ ਜੱਜੀ ਤੋਂ ਇਲਾਵਾ ਪੱਤਰਕਾਰ ਭਾਈਚਾਰੇ ਨੇ ਮੰਗ ਕੀਤੀ ਕਿ ਕਿਸੇ ਵੀ ਪੱਤਰਕਾਰ ਖਿਲਾਫ਼ ਡੀਪੀਆਰਓ ਤੋਂ ਪੜਤਾਲ ਉਪਰੰਤ ਹੀ ਕਾਰਵਾਈ ਕੀਤੀ ਜਾਵੇ। ਧਰਨੇ ’ਚ ਮੰਡੀ ਗੋਬਿੰਦਗੜ੍ਹ ਦੇ ਪ੍ਰਧਾਨ ਇੰਦਰਜੀਤ ਮੰਗੋ, ਅਮਲੋਹ ਦੇ ਪ੍ਰਧਾਨ ਰਜਨੀਸ਼ ਡੱਲਾ ਤੇ ਪ੍ਰੈੱਸ ਕਲੱਬ ਦੇ ਚੇਅਰਮੈਨ ਸਵਰਨਜੀਤ ਸਿੰਘ ਸੇਠੀ ਆਦਿ ਸ਼ਾਮਲ ਹੋਏ।