ਭਾਰਤ-ਚੀਨ ਸਬੰਧਾਂ ’ਚ ਸੁਧਾਰ ਲਈ ਸਰਹੱਦ ’ਤੇ ਸ਼ਾਂਤੀ ਜ਼ਰੂਰੀ: ਜੈਸ਼ੰਕਰ
ਨਿਊ ਯਾਰਕ, 25 ਸਤੰਬਰ
ਭਾਰਤ ਅਤੇ ਚੀਨ ਦੇ ਸਬੰਧਾਂ ਦਾ ਪੂਰੀ ਦੁਨੀਆ ’ਤੇ ਅਸਰ ਪੈਣ ਦਾ ਦਾਅਵਾ ਕਰਦਿਆਂ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਹੈ ਕਿ ਦੋਵੇਂ ਮੁਲਕਾਂ ਵਿਚਕਾਰ ਦੁਵੱਲੇ ਸਬੰਧ ਅਗਾਂਹ ਤੋਰਨ ਲਈ ਪਹਿਲਾਂ ਸਰਹੱਦਾਂ ’ਤੇ ਸ਼ਾਂਤੀ ਬਹਾਲ ਕੀਤੇ ਜਾਣ ਦੀ ਲੋੜ ਹੈ। ਏਸ਼ੀਆ ਸੁਸਾਇਟੀ ਅਤੇ ਏਸ਼ੀਆ ਸੁਸਾਇਟੀ ਪਾਲਿਸੀ ਇੰਸਟੀਚਿਊਟ ਵੱਲੋਂ ਇਥੇ ਕਰਵਾਏ ਗਏ ਪ੍ਰੋਗਰਾਮ ਦੌਰਾਨ ਜੈਸ਼ੰਕਰ ਨੇ ਕਿਹਾ ਕਿ ਭਾਰਤ ਅਤੇ ਚੀਨ ਦਾ ਨਾਲੋਂ-ਨਾਲ ਵਿਕਾਸ ਬਹੁਤ ਨਿਵੇਕਲੀ ਸਮੱਸਿਆ ਹੈ। ਉਨ੍ਹਾਂ ਇਹ ਵੀ ਭਰੋਸਾ ਜਤਾਇਆ ਕਿ ਭਾਰਤ ਦੇ ਬੰਗਲਾਦੇਸ਼ ਅਤੇ ਸ੍ਰੀਲੰਕਾ ਨਾਲ ਸਬੰਧ ਹਾਂ-ਪੱਖੀ ਅਤੇ ਉਸਾਰੂ ਰਹਿਣਗੇ। ਉਨ੍ਹਾਂ ਕਿਹਾ ਕਿ ਭਾਰਤ ਹਰੇਕ ਗੁਆਂਢੀ ਮੁਲਕ ਦੇ ਸਿਆਸੀ ਹਾਲਾਤ ’ਤੇ ਕੰਟਰੋਲ ਨਹੀਂ ਕਰਨਾ ਚਾਹੁੰਦਾ ਹੈ।
ਜੈਸ਼ੰਕਰ ਨੇ ‘ਭਾਰਤ, ਏਸ਼ੀਆ ਅਤੇ ਦੁਨੀਆ’ ਵਿਸ਼ੇ ’ਤੇ ਬੋਲਦਿਆਂ ਕਿਹਾ, ‘ਮੈਨੂੰ ਜਾਪਦਾ ਹੈ ਕਿ ਭਾਰਤ-ਚੀਨ ਸਬੰਧ ਏਸ਼ੀਆ ਦੇ ਭਵਿੱਖ ਲਈ ਅਹਿਮ ਹਨ। ਤੁਸੀਂ ਆਖ ਸਕਦੇ ਹੋ ਕਿ ਜੇ ਦੁਨੀਆ ਨੂੰ ਬਹੁ-ਧਰੁਵੀ ਬਣਾਉਣਾ ਹੈ ਤਾਂ ਏਸ਼ੀਆ ਨੂੰ ਬਹੁ-ਧਰੁਵੀ ਹੋਣਾ ਹੋਵੇਗਾ। ਇਸ ਲਈ ਚੀਨ ਨਾਲ ਸਬੰਧ ਸਿਰਫ਼ ਏਸ਼ੀਆ ਨਹੀਂ ਸਗੋਂ ਦੁਨੀਆ ਦੇ ਭਵਿੱਖ ’ਤੇ ਵੀ ਅਸਰ ਪਾਉਣਗੇ।’’ ਉਨ੍ਹਾਂ ਕਿਹਾ ਕਿ ਦੋ ਅਜਿਹੇ ਮੁਲਕ ਹਨ ਜੋ ਗੁਆਂਢੀ ਹਨ ਅਤੇ ਇਸ ਗੱਲੋਂ ਅਨੋਖੇ ਹਨ ਕਿ ਉਹ ਇਕ ਅਰਬ ਤੋਂ ਵਧ ਆਬਾਦੀ ਵਾਲੇ ਦੇਸ਼ ਵੀ ਹਨ। ਦੋਵੇਂ ਆਲਮੀ ਪ੍ਰਬੰਧ ’ਚ ਉਭਰ ਰਹੇ ਹਨ ਅਤੇ ਉਨ੍ਹਾਂ ਦੀਆਂ ਸਰਹੱਦਾਂ ਅਸਪੱਸ਼ਟ ਹਨ ਤੇ ਇਕ ਸਾਂਝੀ ਸਰਹੱਦ ਵੀ ਹੈ। ਇਸ ਲਈ ਇਹ ਬਹੁਤ ਗੁੰਝਲਦਾਰ ਮੁੱਦਾ ਹੈ। ਵਿਦੇਸ਼ ਮੰਤਰੀ ਨੇ ਕਿਹਾ, ‘‘ਜਦੋਂ ਮੈਂ ਆਖਦਾ ਹਾਂ ਕਿ ਚੀਨ ਨਾਲ ਕਰੀਬ 75 ਫ਼ੀਸਦੀ ਮਸਲਾ ਹਲ ਕਰ ਲਿਆ ਗਿਆ ਹੈ ਤਾਂ ਇਹ ਸਿਰਫ਼ ਫ਼ੌਜਾਂ ਦੇ ਪਿਛਾਂਹ ਹਟਣ ਦੇ ਸਬੰਧ ’ਚ ਹੈ। ਇਸ ਲਈ ਇਹ ਸਮੱਸਿਆ ਦਾ ਇਕ ਹਿੱਸਾ ਹੈ। ਅਜੇ ਮੁੱਖ ਮੁੱਦਾ ਗਸ਼ਤ ਦਾ ਵੀ ਹੈ।’ ਜੈਸ਼ੰਕਰ ਨੇ ਕਿਹਾ ਕਿ ਭਾਰਤ ਅਤੇ ਚੀਨ ਵਿਚਕਾਰ 3,500 ਕਿਲੋਮੀਟਰ ਦਾ ਸਰਹੱਦੀ ਵਿਵਾਦ ਹੈ। ਇਸ ਲਈ ਇਹ ਯਕੀਨੀ ਬਣਾਉਣਾ ਜ਼ਰੂਰੀ ਹੈ ਕਿ ਸਰਹੱਦ ’ਤੇ ਸ਼ਾਂਤੀ ਹੋਵੇ ਤਾਂ ਜੋ ਹੋਰ ਮੁੱਦਿਆਂ ’ਤੇ ਗੱਲ ਅੱਗੇ ਵਧ ਸਕੇ। -ਪੀਟੀਆਈ
‘ਰੂਸ ਤੇ ਯੂਕਰੇਨ ਵਿਚਾਲੇ ਗੱਲਬਾਤ ਸ਼ੁਰੂ ਕਰਾਉਣ ਦੀਆਂ ਭਾਰਤ ਕਰ ਰਿਹੈ ਕੋਸ਼ਿਸ਼ਾਂ’
ਨਿਊਯਾਰਕ:
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਹੈ ਕਿ ਭਾਰਤ ਇਸ ਗੱਲ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ ਕਿ ਰੂਸ ਅਤੇ ਯੂਕਰੇਨ ਵਿਚਕਾਰ ਗੱਲਬਾਤ ਸ਼ੁਰੂ ਹੋਵੇ ਤਾਂ ਜੋ ਜੰਗ ਦਾ ਖ਼ਾਤਮਾ ਹੋ ਸਕੇ। ਜੈਸ਼ੰਕਰ ਨੇ ਕਿਹਾ ਕਿ ਵਿਵਾਦਾਂ ਦੇ ਨਿਬੇੜੇ ਲਈ ਜੰਗ ਕੋਈ ਹਲ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਰਤ ਦਾ ਮੰਨਣਾ ਹੈ ਕਿ ਜੰਗ ਦੇ ਖੇਤਰ ’ਚੋ ਸਮੱਸਿਆ ਦਾ ਕੋਈ ਹਲ ਨਹੀਂ ਨਿਕਲੇਗਾ। ਰੂਸ-ਯੂਕਰੇਨ ਜੰਗ ਰੋਕਣ ’ਚ ਭਾਰਤ ਵੱਲੋਂ ਕੀਤੇ ਜਾ ਰਹੇ ਯਤਨਾਂ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ’ਚ ਜੈਸ਼ੰਕਰ ਨੇ ਕਿਹਾ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਕਿਸੇ ਨਾ ਕਿਸੇ ਸਮੇਂ ’ਤੇ ਦੋਵੇਂ ਮੁਲਕਾਂ ਵਿਚਕਾਰ ਗੱਲਬਾਤ ਜ਼ਰੂਰ ਸ਼ੁਰੂ ਹੋਵੇਗੀ। -ਪੀਟੀਆਈ