ਮਜ਼ਬੂਤ ਸਮਾਜ ਸਿਰਜਣ ਲਈ ਸ਼ਾਂਤੀ ਜ਼ਰੂਰੀ
ਕਮਲਜੀਤ ਕੌਰ ਗੁੰਮਟੀ
ਮੌਜੂਦਾ ਦੌਰ ਵਿੱਚ ਮਨੁੱਖ ਨੂੰ ਮਨੁੱਖ ਤੋਂ ਬਚਣ ਲਈ ਹਥਿਆਰਾਂ ਦੀ ਲੋੜ ਪੈ ਰਹੀ ਹੈ। ਵਿਕਾਸਸ਼ੀਲ ਦੇਸ਼ਾਂ ਦੀ ਸਥਿਤੀ ਵੀ ਅਜਿਹੀ ਬਣੀ ਹੋਈ ਹੈ। ਇਕ ਮੁਲਕ ਦੂਜੇ ਨੂੰ ਹਥਿਆਉਣਾ ਜਾਂ ਦਬਾਉਣਾ ਚਾਹੁੰਦਾ ਹੈ। ਇਸੇ ਤਰ੍ਹਾਂ ਸਾਡੇ ਸਮਾਜ ਵਿੱਚ ਲੋਕ ਇੱਕ ਦੂਜੇ ਨੂੰ ਨੀਵਾਂ ਦਿਖਾ ਕੇ ਅੱਗੇ ਨਿਕਲਣ ਲਈ ਮਨਾਂ ਅੰਦਰ ਨਫ਼ਰਤ ਦੀਆਂ ਭਾਵਨਾਵਾਂ ਪੈਦਾ ਕਰ ਲੈਂਦੇ ਹਨ ਅਤੇ ਸਮਾਜ ਦੀ ਸ਼ਾਂਤੀ ਨੂੰ ਭੰਗ ਕਰਦੇ ਹਨ।
ਸ਼ਾਂਤੀ ਦੀ ਸ਼ੁਰੂਆਤ ਮਨੁੱਖੀ ਮਨ ਦੇ ਅੰਦਰੋਂ ਹੋਣੀ ਜ਼ਰੂਰੀ ਹੈ। ਅਸ਼ਾਂਤ ਚਿੱਤ ਵਿਅਕਤੀ ਪਰਿਵਾਰ, ਗੁਆਂਢ, ਸਮਾਜ, ਸੂਬੇ, ਦੇਸ਼ ਅਤੇ ਪੂਰੀ ਦੁਨੀਆਂ ਲਈ ਖ਼ਤਰਨਾਕ ਸਾਬਤ ਹੋ ਸਕਦਾ ਹੈ। ਸਾਡੇ ਸਮਾਜ ਦੀ ਮੁੱਢਲੀ ਇਕਾਈ ਪਰਿਵਾਰ ਹਨ। ਸਿਆਣੇ ਮਾਪੇ ਆਪਣੇ ਬੱਚਿਆਂ ਨੂੰ ਗਲਤੀ ’ਤੇ ਝਿੜਕਦੇ ਨਹੀਂ ਸਗੋਂ ਪਿਆਰ ਨਾਲ ਸਮਝਾਉਂਦੇ ਹਨ, ਤਾਂ ਕਿ ਪਰਿਵਾਰ ਵਿੱਚ ਸ਼ਾਂਤੀ ਬਣੀ ਰਹੇ। ਅੱਜ ਕੱਲ੍ਹ ਦੀ ਭੱਜ ਦੌੜ ਭਰੀ ਜ਼ਿੰਦਗੀ ਨੇ ਪਰਿਵਾਰਾਂ ਦੀ ਸ਼ਾਂਤੀ ਨੂੰ ਖੋਹ ਲਿਆ ਹੈ। ਅਜੋਕੀ ਨੌਜਵਾਨ ਪੀੜ੍ਹੀ ਦਾ ਇਸ ਵਿੱਚ ਬੜਾ ਵੱਡਾ ਯੋਗਦਾਨ ਹੈ। ਨੌਜਵਾਨ ਕਿਸੇ ਵੀ ਵਾਹਨ ਨੂੰ ਚਲਾਉਣ ਬੈਠਦੇ ਹਨ ਤਾਂ ਉਸਦੀ ਰਫਤਾਰ ਇੰਨੀ ਤੇਜ਼ ਹੁੰਦੀ ਹੈ ਕਿ ਇਹ ਰਾਹਗੀਰਾਂ ਲਈ ਹੀ ਨਹੀਂ ਖ਼ੁਦ ਉਸ ਲਈ ਵੀ ਖ਼ਤਰਾ ਬਣ ਜਾਂਦੀ ਹੈ। ਉਸ ਤੇਜ਼ ਰਫ਼ਤਾਰੀ ਦਾ ਮਕਸਦ ਫੁਕਰੇਬਾਜ਼ੀ ਤੋਂ ਬਿਨਾ ਹੋਰ ਬਹੁਤਾ ਵੱਡਾ ਨਹੀਂ ਹੁੰਦਾ।
ਨਸ਼ੀਲੇ ਪਦਾਰਥ ਵੇਚਣ ਵਾਲੇ ਪੈਸੇ ਦੀ ਲਾਲਸਾ ਵਿੱਚ ਅੰਨ੍ਹੇ ਹੋ ਕੇ ਭੁੱਲ ਜਾਂਦੇ ਹਨ ਕੇ ਇਹੋ ਜਿਹੇ ਪਦਾਰਥਾਂ ਦੇ ਸਾਡੇ ਸਮਾਜ ਤੱਕ ਪਹੁੰਚਣ ਨਾਲ ਕਿੰਨਾ ਵੱਡਾ ਨੁਕਸਾਨ ਹੋਵੇਗਾ। ਜਦੋਂ ਸਮਾਜ ਵਿੱਚ ਰਹਿੰਦੇ ਨਾਗਰਿਕ ਇਨ੍ਹਾਂ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਦੇ ਹਨ ਤਾਂ ਵੀ ਸਮਾਜ ਦੀ ਸ਼ਾਂਤੀ ਤਾਂ ਭੰਗ ਹੁੰਦੀ ਹੀ ਹੈ ਨਾਲ਼ ਨਾਲ ਆਉਣ ਵਾਲੀਆਂ ਨਸਲਾਂ ਦੀ ਬਰਬਾਦੀ ਵੀ ਹੁੰਦੀ ਹੈ।
ਧਰਮ ਸਾਨੂੰ ਅਜਿਹੇ ਤਰੀਕੇ ਦੱਸਦਾ ਹੈ ਜਿਸ ਨਾਲ ਮਨ ਦੀ ਸ਼ਾਂਤੀ ਬਣੀ ਰਹੇ। ਧਰਮ ਦੇ ਠੇਕੇਦਾਰ ਆਪਣੀ ਮੰਦੀ ਸੋਚ ਨਾਲ ਦੰਗੇ ਫਸਾਦ ਕਰਵਾ ਕੇ ਧਰਮ ਅਤੇ ਨਸਲ ਨੂੰ ਅਧਾਰ ਬਣਾ ਕੇ ਸਮਾਜ ਦੀ ਸ਼ਾਂਤੀ ਨੂੰ ਭੰਗ ਕਰਦੇ ਹਨ। ਕੋਈ ਸਮਾਂ ਸੀ ਜਦੋਂ ਕਿਧਰੇ ਕੋਈ ਵਾਰਦਾਤ ਹੋ ਜਾਂਦੀ ਤਾਂ ਉਸ ਦਾ ਖ਼ੌਫ਼ ਵਰ੍ਹਿਆਂ ਤੱਕ ਆਲੇ ਦੁਆਲੇ ਪਸਰਿਆ ਰਹਿੰਦਾ। ਪਰ ਅੱਜ ਹਰ ਰੋਜ਼ ਅਖਬਾਰਾਂ ਦੀਆਂ ਸੁਰਖੀਆਂ ਅਜਿਹੀਆਂ ਘਟਨਾਵਾਂ ਨਾਲ ਹੀ ਭਰੀਆਂ ਹੁੰਦੀਆਂ ਹਨ। ਸਿਆਸਤਦਾਨ ਲੋਕ ਧੜੇਬੰਦੀ ਕਰਵਾ ਕੇ ਕੁਰਸੀ ਦੀ ਲੜਾਈ ਲਈ ਸਮਾਜ ਦੀ ਸ਼ਾਂਤੀ ਨੂੰ ਭੰਗ ਕਰਦੇ ਹਨ। ਨੌਜਵਾਨਾਂ ਨੂੰ ਸੜਕਾਂ ’ਤੇ ਲਿਆ ਕੇ ਹੁੱਲੜਬਾਜ਼ੀ ਅਤੇ ਨਾਅਰੇਬਾਜ਼ੀ ਲਈ ਉਕਸਾਉਂਦੇ ਹਨ। ਚੱਕ ਦਿਆਂਗੇ, ਮਾਰ ਦਿਆਂਗੇ ਵੱਢ ਦਿਆਂਗੇ ਵਰਗੇ ਨਾਅਰਿਆਂ ਦੀ ਆਵਾਜ਼ ਅਸਮਾਨ ਤੱਕ ਗੂੰਜਦੀ ਹੈ।
ਜਿਸ ਤਰ੍ਹਾਂ ਕੋਰੋਨਾ ਕਾਲ ਸਮੇਂ ਪੂਰੀ ਦੁਨੀਆਂ ਨੇ ਇਸ ਸੰਤਾਪ ਨੂੰ ਆਪਣੇ ਤਨ ਤੇ ਹੰਢਾਇਆ ਹੈ। ਅਜਿਹੀਆਂ ਘਟਨਾਵਾਂ ਮਨੁੱਖੀ ਜੀਵਨ ਵਿੱਚੋਂ ਸ਼ਾਂਤੀ ਨੂੰ ਖਤਮ ਕਰ ਦਿੰਦੀਆਂ ਹਨ। ਸਮਾਜ ਵਿੱਚ ਰਹਿੰਦੇ ਵਿਅਕਤੀ ਇੱਕ ਦੂਜੇ ’ਤੇ ਨਿਰਭਰ ਹਨ। ਇਸ ਸਮਾਜਕ ਵਰਤਾਰੇ ਨੂੰ ਅਸੀਂ ਝੁਠਲਾ ਨਹੀਂ ਸਕਦੇ। ਜਨਿ੍ਹਾਂ ਵਿਅਕਤੀਆਂ ਦਾ ਆਚਰਨ ਸਮਾਜਿਕ ਮਾਨਤਾਵਾਂ ਅਨੁਸਾਰ ਨਹੀਂ ਹੁੰਦਾ, ਉਹ ਸਮਾਜ ਲਈ ਖ਼ਤਰਾ ਬਣਦੇ ਹਨ ਤੇ ਸਮਾਜ ਦੀ ਸ਼ਾਂਤੀ ਦੇ ਰਾਹ ਵਿੱਚ ਰੋੜਾ ਵੀ ਬਣਦੇ ਹਨ। ਬਹੁਤੇ ਦੇਸ਼ ਆਪਣੀ ਗਰੀਬੀ ਵਿੱਚ ਵੀ ਸਭ ਤੋਂ ਵੱਧ ਪੈਸਾ ਹਥਿਆਰਾਂ ਲਈ ਰੱਖਦੇ ਹਨ। ਉਨ੍ਹਾਂ ਨੂੰ ਇਹ ਸੁਨੇਹਾ ਪਤਾ ਨਹੀਂ ਕਿਵੇਂ ਸਾਰਥਿਕ ਲੱਗਦਾ ਹੈ ਕਿ ਹਥਿਆਰਾਂ ਨਾਲ ਸਮਾਜ ਵਿੱਚ ਸ਼ਾਂਤੀ ਹੋ ਸਕਦੀ ਹੈ। ਹਥਿਆਰ ਬਣਾਉਣ ਅਤੇ ਵੇਚਣ ਵਾਲੇ ਮੁਲਕ ਇਨ੍ਹਾਂ ਦੇਸ਼ਾਂ ਨੂੰ ਵੇਚ ਕੇ ਬੜੇ ਖੁਸ਼ ਹੁੰਦੇ ਹਨ। ਕੁਦਰਤ ਨੇ ਸਾਨੂੰ ਧਰਤੀ ਦਿੱਤੀ ਹੈ, ਪਰ ਮਨੁੱਖ ਨੇ ਹੱਦਾਂ ਸਿਰਜ ਲਈਆਂ ਹਨ। ਮਨੁੱਖ ਨੇ ਕੁਦਰਤ ਦੇ ਬਣਾਏ ਹੱਦਾਂ ਬੰਨੇ, ਪਹਾੜ, ਸਮੁੰਦਰ ਸਭ ਕੁਝ ਟੱਪ ਲਿਆ। ਆਪਣੀਆਂ ਹੱਥੀ ਬਣਾਈਆਂ ਹੱਦਾਂ ਨੂੰ ਟੱਪਣ ਲਈ ਜਾਨ ਦੀ ਬਾਜ਼ੀ ਲਗਾਉਣੀ ਪੈਂਦੀ ਹੈ। ਇਸ ਸਮੇਂ ਸੰਸਾਰ ਵਿਚ ਚੱਲ ਰਹੀਆਂ ਦੋ ਜੰਗਾਂ, ਰੂਸ-ਯੂਕਰੇਨ ਅਤੇ ਦੂਜੀ ਇਜ਼ਰਾਈਲ-ਫ਼ਲਸਤੀਨ ਅਜਿਹੀ ਸੋਚ ਦਾ ਹੀ ਨਤੀਜਾ ਹਨ।
ਸਾਡੇ ਸਮਾਜ ਵਿੱਚ ਰਹਿੰਦਿਆਂ ਜਦ ਅਸੀਂ ਹਿੰਸਾ ਬਾਰੇ ਚਰਚਾ ਕਰਦੇ ਹਾਂ ਤਾਂ ਅਸੀਂ ਇੱਕ ਅਜਿਹੇ ਵਰਤਾਰੇ ਬਾਰੇ ਚਰਚਾ ਕਰ ਰਹੇ ਹੁੰਦੇ ਹਾਂ ਜਿਸ ਦੇ ਅੰਤਿਮ ਸਿੱਟਿਆਂ ਬਾਰੇ ਕੋਈ ਭਵਿੱਖਬਾਣੀ ਨਹੀਂ ਕੀਤੀ ਜਾ ਸਕਦੀ, ਪਰ ਹਿੰਸਾ ਦੇ ਨਤੀਜੇ ਭਿਆਨਕ ਹੀ ਨਿਕਲਦੇ ਹਨ। ਅਜਿਹੀਆਂ ਹਿੰਸਕ ਗਤੀਵਿਧੀਆਂ ਤੋਂ ਬਚਣ ਦੀ ਕੋਸ਼ਿਸ਼ ਕਰਨੀ ਚਾਹੀਦੀ, ਜਨਿ੍ਹਾਂ ਨਾਲ ਸਮਾਜ ਦੀ ਸ਼ਾਂਤੀ ਭੰਗ ਹੁੰਦੀ ਹੈ। ਮਜ਼ਬੂਤ ਸਮਾਜ ਦੀ ਸਿਰਜਣਾ ਲਈ ਸ਼ਾਂਤੀ ਅਤਿ ਜ਼ਰੂਰੀ ਹੈ। ਸ਼ਾਂਤੀ ਨੂੰ ਸਿਰਜਣ ਲਈ ਸਮਾਜ ਦੇ ਹਰ ਇੱਕ ਨਾਗਰਿਕ ਦੀ ਭਾਗੀਦਾਰੀ ਅਹਿਮ ਹੈ।
ਸੰਪਰਕ: 98769-26873