For the best experience, open
https://m.punjabitribuneonline.com
on your mobile browser.
Advertisement

ਸਰਹੱਦ ਪਾਰ ਘੁਸਪੈਠ ਰੋਕਣ ’ਤੇ ਹੀ ਬੰਗਾਲ ’ਚ ਸ਼ਾਂਤੀ ਕਾਇਮ ਕੀਤੀ ਜਾ ਸਕਦੀ ਹੈ: ਸ਼ਾਹ

07:47 AM Oct 28, 2024 IST
ਸਰਹੱਦ ਪਾਰ ਘੁਸਪੈਠ ਰੋਕਣ ’ਤੇ ਹੀ ਬੰਗਾਲ ’ਚ ਸ਼ਾਂਤੀ ਕਾਇਮ ਕੀਤੀ ਜਾ ਸਕਦੀ ਹੈ  ਸ਼ਾਹ
ਕੋਲਕਾਤਾ ਵਿੱਚ ਐਤਵਾਰ ਨੂੰ ਭਾਜਪਾ ਦੀ ਮੈਂਬਰਸ਼ਿਪ ਮੁਹਿੰਮ ਸ਼ੁਰੂ ਕਰਨ ਮੌਕੇ ਪਾਰਟੀ ਆਗੂਆਂ ਮਿਥੁਨ ਚੱਕਰਵਰਤੀ ਅਤੇ ਸੁਵੇਂਦੂ ਅਧਿਕਾਰੀ ਦੇ ਨਾਲ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ। -ਫੋਟੋ: ਪੀਟੀਆਈ
Advertisement

ਕੋਲਕਾਤਾ, 27 ਅਕਤੂਬਰ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਪੱਛਮੀ ਬੰਗਾਲ ਦੇ ਲੋਕਾਂ ਨੂੰ 2026 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਬਦਲਾਅ ਲਿਆਉਣ ਦੀ ਅਪੀਲ ਕਰਦਿਆਂ ਕਿਹਾ ਕਿ ਬੰਗਲਾਦੇਸ਼ ਤੋਂ ਸਰਹੱਦ ਪਾਰ ਘੁਸਪੈਠ ਬੰਦ ਹੋਣ ’ਤੇ ਹੀ ਸੂਬੇ ਵਿੱਚ ਸ਼ਾਂਤੀ ਕਾਇਮ ਕੀਤੀ ਜਾ ਸਕਦੀ ਹੈ।
ਉਹ ਪੱਛਮੀ ਬੰਗਾਲ ਵਿੱਚ ਪੈਟਰਾਪੋਲ ਜ਼ਮੀਨੀ ਬੰਦਰਗਾਹ ’ਤੇ ਇਕ ਨਵੇਂ ਯਾਤਰੀ ਟਰਮੀਨਲ ਭਵਨ ਅਤੇ ਇਕ ਕਾਰਗੋ ਗੇਟ ‘ਮੈਤਰੀ ਦੁਆਰ’ ਦਾ ਉਦਘਾਟਨ ਕਰਨ ਮੌਕੇ ਬੋਲ ਰਹੇ ਸਨ। ਇਸੇ ਦੌਰਾਨ ਇਕ ਹੋਰ ਪ੍ਰੋਗਰਾਮ ਦੌਰਾਨ ਸ਼ਾਹ ਨੇ ਦੋਸ਼ ਲਗਾਇਆ ਕਿ ਸਰਕਾਰ ਵੱਲੋਂ ਸਪਾਂਸਰਡ ਘੁਸਪੈਠ ਤੇ ਭ੍ਰਿਸ਼ਟਾਚਾਰ ਵਿੱਚ ਪੱਛਮੀ ਬੰਗਾਲ ਦੀ ਟੀਐੱਮਸੀ ਸਰਕਾਰ ਸ਼ਾਮਲ ਹੈ। ਕੇਂਦਰੀ ਮੰਤਰੀ ਨੇ ਦਾਅਵਾ ਕੀਤਾ ਕਿ ਸੰਦੇਸ਼ਖਲੀ ਵਿੱਚ ਮਹਿਲਾਵਾਂ ’ਤੇ ਅੱਤਿਆਚਾਰ ਅਤੇ ਆਰ ਜੀ ਕਰ ਹਸਪਤਾਲ ਵਿੱਚ ਇਕ ਜੂਨੀਅਰ ਡਾਕਟਰ ਨਾਲ ਜਬਰਜਨਾਹ ਤੇ ਹੱਤਿਆ ਦੀ ਘਟਨਾ ਇਸ ਗੱਲ ਦਾ ਸਬੂਤ ਹਨ ਕਿ ਸੂਬੇ ਵਿੱਚ ਔਰਤਾਂ ਸੁਰੱਖਿਅਤ ਨਹੀਂ ਹਨ।
ਸ੍ਰੀ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੱਛਮੀ ਬੰਗਾਲ ਦੇ ਵਿਕਾਸ ਲਈ ਵਚਨਬੱਧ ਹਨ। ਸ਼ਾਹ ਨੇ ਕਿਹਾ, ‘‘ਪੱਛਮੀ ਬੰਗਾਲ ਵਿੱਚ 2026 ’ਚ ਬਦਲਾਅ ਲਿਆਓ। ਅਸੀਂ ਘੁਸਪੈਠ ’ਤੇ ਰੋਕ ਲਾਵਾਂਗੇ ਅਤੇ ਸੂਬੇ ਵਿੱਚ ਸ਼ਾਂਤੀ ਯਕੀਨੀ ਬਣਾਵਾਂਗੇ।’’ ਉਨ੍ਹਾਂ ਇਹ ਵੀ ਕਿਹਾ, ‘‘ਖੇਤਰ ਵਿੱਚ ਸ਼ਾਂਤੀ ਸਥਾਪਤ ਕਰਨ ਵਿੱਚ ਬੰਦਰਗਾਹ ਅਹਿਮ ਭੂਮਿਕਾ ਨਿਭਾਉਂਦੇ ਹਨ। ਜਦੋਂ ਸਰਹੱਦ ਪਾਰ ਲੋਕਾਂ ਦੀ ਵੈਧ ਆਵਾਜਾਈ ਦੀ ਗੁੰਜਾਇਸ਼ ਨਹੀਂ ਹੁੰਦੀ ਹੈ ਤਾਂ ਆਵਾਜਾਈ ਦੇ ਅਵੈਧ ਤਰੀਕੇ ਸਾਹਮਣੇ ਆਉਂਦੇ ਹਨ, ਜਿਸ ਦਾ ਅਸਰ ਦੇਸ਼ ਦੀ ਸ਼ਾਂਤੀ ’ਤੇ ਪੈਂਦਾ ਹੈ। ਘੁਸਪੈਠ ਰੁਕਣ ’ਤੇ ਹੀ ਬੰਗਾਲ ਵਿੱਚ ਸ਼ਾਂਤੀ ਆ ਸਕਦੀ ਹੈ।’’
ਸ਼ਾਹ ਨੇ ਕਿਹਾ ਕਿ ਦੋਵੇਂ ਦੇਸ਼ਾਂ ਵਿਚਾਲੇ ਸਬੰਧ ਤੇ ਸੰਪਰਕ ਸੁਧਾਰਨ ਵਿੱਚ ਜ਼ਮੀਨੀ ਬੰਦਰਗਾਹ ਅਹਿਮ ਭੂਮਿਕਾ ਨਿਭਾਉਂਦੇ ਹਨ। ਉਹ ਦੋਵੇਂ ਦੇਸ਼ਾਂ ਵਿਚਾਲੇ ਸਬੰਧ ਵੀ ਵਧਾਉਂਦੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ 2014 ਵਿੱਚ ਐੱਨਡੀਏ ਦੇ ਸੱਤਾ ਵਿੱਚ ਆਉਣ ਦੇ ਬਾਅਦ ਤੋਂ ਸਿਹਤ ਵਰਗੇ ਵੱਖ-ਵੱਖ ਖੇਤਰਾਂ ਵਿੱਚ ਕਈ ਕਦਮ ਉਠਾਉਣੇ ਸ਼ੁਰੂ ਕੀਤੇ। ਉਨ੍ਹਾਂ ਦਾਅਵਾ ਕੀਤਾ, ‘‘ਪਰ ਬੰਗਾਲ ਦੇ ਲੋਕਾਂ ਨੂੰ ਸਿਹਤ ਖੇਤਰ ਵਿੱਚ ਦਿੱਤੇ ਫਾਇਦਿਆਂ ਤੋਂ ਵਾਂਝਾ ਕਰ ਦਿੱਤਾ ਗਿਆ। ਇਹ ਘਾਟ 2026 ਤੋਂ ਬੰਦ ਹੋ ਜਾਵੇਗੀ।’’
ਸ਼ਾਹ ਨੇ ਭ੍ਰਿਸ਼ਟਾਚਾਰ ਦੇ ਮੁੱਦੇ ’ਤੇ ਸੂਬੇ ਵਿੱਚ ਤ੍ਰਿਣਮੂਲ ਕਾਂਗਰਸ ਦੀ ਆਲੋਚਨਾ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਵੱਲੋਂ ਪੱਛਮੀ ਬੰਗਾਲ ਨੂੰ ਭੇਜੀ ਗਈ ਰਾਸ਼ੀ ਦਾ ਇਕ ਵੱਡਾ ਹਿੱਸਾ ਸੂਬੇ ਵਿੱਚ ਭ੍ਰਿਸ਼ਟਾਚਾਰ ਕਾਰਨ ਹੜਪ ਲਿਆ ਗਿਆ।’’ ਉਨ੍ਹਾਂ ਕਿਹਾ, ‘‘ਪੱਛਮੀ ਬੰਗਾਲ ਵਿੱਚ ਅੱਛੇ ਦਿਨ 2026 ਤੋਂ ਸ਼ੁਰੂ ਹੋ ਜਾਣਗੇ।’’ -ਪੀਟੀਆਈ

Advertisement

ਪੱਛਮੀ ਬੰਗਾਲ ਵਿੱਚ ਭਾਜਪਾ ਦੀ ਮੈਂਬਰਸ਼ਿਪ ਮੁਹਿੰਮ ਦਾ ਆਗਾਜ਼ ਕੀਤਾ

ਕੋਲਕਾਤਾ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਪੱਛਮੀ ਬੰਗਾਲ ਵਿੱਚ ਭਾਰਤੀ ਜਨਤਾ ਪਾਰਟੀ ਦੀ ਮੈਂਬਰਸ਼ਿਪ ਮੁਹਿੰਮ ਦਾ ਆਗਾਜ਼ ਕੀਤਾ ਅਤੇ ਸੂਬੇ ਤੋਂ ਇਕ ਕਰੋੜ ਮੈਂਬਰ ਬਣਾਉਣ ਦਾ ਟੀਚਾ ਮਿੱਥਿਆ ਹੈ। ਇਸ ਮੌਕੇ ਬੌਲੀਵੁੱਡ ਅਦਾਕਾਰ ਤੇ ਭਾਜਪਾ ਆਗੂ ਮਿਥੁਨ ਚੱਕਰਵਰਤੀ ਅਤੇ ਸੁਵੇਂਦੂ ਅਧਿਕਾਰੀ ਵੀ ਮੌਜੂਦ ਸਨ। ਸ਼ਾਹ ਨੇ ਸੂਬੇ ਦੀਆਂ 2026 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੋ-ਤਿਹਾਈ ਬਹੁਮਤ ਨਾਲ ਜਿੱਤਣਾ ਯਕੀਨੀ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ, ‘‘ਸਾਨੂੰ 2026 ਵਿੱਚ ਬੰਗਾਲ ’ਚ ਦੋ-ਤਿਹਾਈ ਬਹੁਮਤ ਨਾਲ ਅਗਲੀ ਸਰਕਾਰ ਭਾਜਪਾ ਦੀ ਬਣਾਉਣੀ ਹੋਵੇਗੀ।’’ ਉਨ੍ਹਾਂ ਪਾਰਟੀ ਮੈਂਬਰਾਂ ਨੂੰ ਸੂਬੇ ਵਿੱਚ ਆਪਣੇ ਪ੍ਰਭਾਵ ਨੂੰ ਘੱਟ ਨਾ ਸਮਝਣ ਦੀ ਅਪੀਲ ਕੀਤੀ। -ਪੀਟੀਆਈ

Advertisement

Advertisement
Author Image

sukhwinder singh

View all posts

Advertisement