ਦੁੱਧ ’ਚ ਮਿਲਾਵਟ ਖ਼ਿਲਾਫ਼ ਲੜਾਈ ਦਾ ਮੁੱਢ ਬੰਨ੍ਹੇਗਾ ਪੀਡੀਐੱਫਏ ਮੇਲਾ
ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 4 ਫਰਵਰੀ
ਪਸ਼ੂ ਮੰਡੀ ਵਿੱਚ 18ਵੇਂ ਕੌਮਾਂਤਰੀ ਡੇਅਰੀ ਅਤੇ ਐਗਰੀ ਐਕਸਪੋ ਦੀਆਂ ਜੰਗੀ ਪੱਧਰ ’ਤੇ ਚੱਲ ਰਹੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਸਮੇਂ ਪੀਡੀਐੱਫਏ ਪ੍ਰਧਾਨ ਦਲਜੀਤ ਸਿੰਘ ਗਿੱਲ ਸਦਰਪੁਰਾ ਅਤੇ ਐਸੋਸੀਏਸ਼ਨ ਦੇ ਹੋਰ ਅਹੁਦੇਦਾਰਾਂ ਨੇ ਕਿਹਾ ਕਿ ਕੈਨੇਡਾ ਸਣੇ ਹੋਰ ਮੁਲਕਾਂ ਤੋਂ ਪਰਤ ਰਹੇ ਨੌਜਵਾਨਾਂ ਦਾ ਡੇਅਰੀ ਧੰਦੇ ਵੱਲ ਰੁਝਾਨ ਚੰਗਾ ਸੰਕੇਤ ਹੈ। ਇਹ ਪ੍ਰੋਗਰੈਸਿਵ ਡੇਅਰੀ ਫਾਰਮਰਜ਼ ਐਸੋਸੀਏਸ਼ਨ (ਪੀਡੀਐੱਫਏ) ਦੀ ਦੋ ਦਹਾਕਿਆਂ ਦੀ ਮਿਹਨਤ ਦਾ ਸਿੱਟਾ ਹੈ। ਉਨ੍ਹਾਂ ਕਿਹਾ ਕਿ ਡੇਅਰੀ ਕਿੱਤਾ ਸਮੇਂ ਦੇ ਨਾਲ ਬਹੁਤ ਬਦਲਿਆ ਹੈ। ਉਨ੍ਹਾਂ ਕਿਹਾ ਕਿ ਦੁੱਧ ਤੇ ਦੁੱਧ ਤੋਂ ਬਣੇ ਪਦਾਰਥਾਂ ਵਿੱਚ ਮਿਲਾਵਟ ਖ਼ਿਲਾਫ਼ ਉਹ ਕਈ ਸਾਲਾਂ ਤੋਂ ਸੰਘਰਸ਼ ਕਰ ਰਹੇ ਹਨ। ਐਤਕੀਂ ਦੇ ਪੀਡੀਐੱਫਏ ਮੇਲੇ ਵਿੱਚ ਇਸ ਮਿਲਾਵਟ ਖ਼ਿਲਾਫ਼ ਫ਼ੈਸਲਾਕੁੰਨ ਲੜਾਈ ਦਾ ਆਗਾਜ਼ ਹੋਵੇਗਾ। ਇਹ ਮੇਲਾ 8 ਤੋਂ 10 ਫਰਵਰੀ ਨੂੰ ਲੱਗੇਗਾ। ਐਤਕੀਂ ਦੇ ਮੇਲੇ ਦਾ ਥੀਮ ਹੀ ਮਿਲਾਵਟਖੋਰੀ ਨੂੰ ਰੋਕਣ ਦਾ ਹੈ। ਇਸ ਮੌਕੇ ਪ੍ਰੈੱਸ ਸਕੱਤਰ ਰੇਸ਼ਮ ਸਿੰਘ ਭੁੱਲਰ ਜ਼ੀਰਾ, ਬਲਵੀਰ ਸਿੰਘ ਨਵਾਂ ਸ਼ਹਿਰ, ਰਾਜਪਾਲ ਸਿੰਘ ਕੁਲਾਰ, ਰਣਜੀਤ ਸਿੰਘ ਲੰਘੇਆਣਾ, ਕੁਲਦੀਪ ਸਿੰਘ ਮਾਨਸਾ, ਪਰਮਿੰਦਰ ਸਿੰਘ ਘੁਡਾਣੀ, ਸੁਖਦੇਵ ਸਿੰਘ ਬਰੌਲੀ, ਬਲਜਿੰਦਰ ਸਿੰਘ ਸਠਿਆਲਾ, ਸੁਖਜਿੰਦਰ ਸਿੰਘ ਘੁੰਮਣ, ਗੁਰਮੀਤ ਸਿੰਘ ਰੋਡੇ, ਕੁਲਦੀਪ ਸਿੰਘ ਸੇਰੋਂ, ਅਵਤਾਰ ਸਿੰਘ ਥਾਬਲਾ, ਸੁਖਪਾਲ ਸਿੰਘ ਵਰਪਾਲ ਆਦਿ ਹਾਜ਼ਰ ਸਨ।