ਪੀਸੀਏ ਨੇ ਪਿੰਡਾਂ ’ਚੋਂ ਪ੍ਰਤਿਭਾ ਲੱਭਣ ਲਈ ਪੰਜਾਬ ’ਚ ਕੀਤੇ ਓਪਨ ਟਰਾਇਲ
ਨਵੀਂ ਦਿੱਲੀ, 23 ਜੂਨ
ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀਸੀਏ) ਨੇ 10-21 ਜੂਨ ਤੱਕ ਪਿੰਡ ਪੱਧਰ ਉਤੇ ਜਾ ਕੇ 1000 ਤੇਜ਼ ਗੇਂਦਬਾਜ਼ਾਂ ਦੇ ਓਪਨ ਟਰਾਇਲ ਕੀਤੇ ਹਨ। ਇਨ੍ਹਾਂ ਟਰਾਇਲਾਂ ਦਾ ਮੰਤਵ ਬਿਲਕੁਲ ਹੇਠਲੇ ਪੱਧਰ ਤੋਂ ਪ੍ਰਤਿਭਾ ਨੂੰ ਖੋਜਣਾ ਹੈ। ਇਨ੍ਹਾਂ ਵਿਚੋਂ ਬਹੁਤੇ ਹਾਲੇ ਬਿਲਕੁਲ ਕੱਚੇ ਹਨ ਜਿਨ੍ਹਾਂ ਨੂੰ ਤਰਾਸ਼ਿਆ ਜਾ ਸਕਦਾ ਹੈ, ਕਈਆਂ ਨੇ ਲੈਦਰ ਬਾਲ ਨਾਲ ਕਦੇ ਵੀ ਕ੍ਰਿਕਟ ਨਹੀਂ ਖੇਡੀ ਤੇ ਹੋਰ ਬਾਰੀਕੀਆਂ ਤੋਂ ਵੀ ਉਹ ਬਿਲਕੁਲ ਅਣਜਾਣ ਹਨ। ਪੀਸੀਏ ਨੇ ਟਰਾਇਲਾਂ ਵਿਚੋਂ 93 ਗੇਂਦਬਾਜ਼ਾਂ ਨੂੰ ਚੁਣਿਆ ਹੈ, ਇਨ੍ਹਾਂ ‘ਚੋਂ ਬਹੁਤੇ ਕਦੇ ਆਪਣੇ ਪਿੰਡ ਤੋਂ ਬਾਹਰ ਵੀ ਨਹੀਂ ਖੇਡੇ ਹਨ। ਦੂਰ-ਦਰਾਜ ਦੇ ਇਲਾਕਿਆਂ ਵਿਚ ਜਾ ਕੇ ਇਸ ਤਰ੍ਹਾਂ ਦੇ ਟਰਾਇਲ ਕਰਨ ਦਾ ਵਿਚਾਰ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਸਪਿੰਨਰ ਹਰਭਜਨ ਸਿੰਘ ਨੇ ਅੱਗੇ ਰੱਖਿਆ ਸੀ ਤਾਂ ਕਿ ਪਿੰਡਾਂ ਵਿਚੋਂ ਵੀ ‘ਕ੍ਰਿਕਟਿੰਗ ਟੇਲੈਂਟ’ ਲੱਭਿਆ ਜਾ ਸਕੇ। ਹਰਭਜਨ ਚਾਹੁੰਦੇ ਹਨ ਕਿ ਬੀਸੀਸੀਆਈ ਤੋਂ ਮਿਲਣ ਵਾਲੇ ਫੰਡ ਦੀ ਪੀਸੀਏ ਢੁੱਕਵੀਂ ਵਰਤੋਂ ਕਰੇ। ਸਾਬਕਾ ਸਪਿੰਨਰ ਨੇ ਕਿਹਾ, ‘ਪੰਜਾਬ ਵਿਚ ਤਕੜੇ ਨੌਜਵਾਨ ਹਨ ਤੇ ਮੈਂ ਇਹ ਮੰਨਣ ਲਈ ਤਿਆਰ ਨਹੀਂ ਹਾਂ ਕਿ ਸਾਡੇ ਕੋਲ ਅਜਿਹੇ ਮੁੰਡੇ ਨਹੀਂ ਹਨ ਜੋ ਉਮਰਾਨ ਮਲਿਕ ਤੇ ਕੁਲਦੀਪ ਸੇਨ ਜਿੰਨੀ ਤੇਜ਼ ਗੇਂਦ ਸੁੱਟ ਸਕਣ।’ ਉਨ੍ਹਾਂ ਦੱਸਿਆ ਕਿ ਪੀਸੀਏ ਨੇ 90 ਅਜਿਹੇ ਲੜਕੇ ਲੱਭ ਲਏ ਹਨ ਜੋ ਕਿ 16-24 ਸਾਲ ਦੇ ਵਿਚਾਲੇ ਹਨ। -ਪੀਟੀਆਈ