ਪੇਅਟੀਐੱਮ ਫਾਸਟੈਗ ਬੰਦ ਕਰਨ ਦੀ ਸਲਾਹ
ਨਵੀਂ ਦਿੱਲੀ: ਭਾਰਤੀ ਰਿਜ਼ਰਵ ਬੈਂਕ ਵੱਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਅਨੁਸਾਰ ਪੇਅਟੀਐੱਮ ਫਾਸਟੈਗ ਖਪਤਕਾਰ ਅੱਜ ਰਾਤ ਤੋਂ ਬਾਅਦ ਫਾਸਟੈਗ ਦਾ ਰੀਚਾਰਜ ਨਹੀਂ ਕਰ ਸਕਣਗੇ। ਹਾਲਾਂਕਿ ਉਹ 15 ਮਾਰਚ ਤੋਂ ਬਾਅਦ ਵੀ ਖਾਤੇ ਵਿੱਚ ਪਈ ਬਕਾਇਆ ਰਾਸ਼ੀ ਜ਼ਰੀਏ ਫਾਸਟੈਗ ਭੁਗਤਾਨ ਕਰ ਸਕਦੇ ਹਨ। ਖਪਤਕਾਰ ਫਾਸਟੈਗ ਐਪ ਜ਼ਰੀਏ ਆਪਣੇ ਪੈਅਟੀਐੱਮ ਫਾਸਟੈਗ ਨੂੰ ਬੰਦ ਕਰ ਸਕਦੇ ਹਨ। ਇਸ ਲਈ ਪਹਿਲਾਂ ਪੇਅਟੀਐੱਮ ਐਪ ਖੋਲ੍ਹ ਕੇ ਉਸ ’ਤੇ ‘ਮੈਨੇਜ ਫਾਸਟੈਗ’ ਲੱਭਣਾ ਪਵੇਗਾ ਅਤੇ ਇਸ ਮਗਰੋਂ ਸੱਜੇ ਹੱਥ ਸਿਖਰ ’ਤੇ ਆਉਂਦੀ ‘ਕਲੋਜ਼ ਫਾਸਟੈਗ ਆਪਸ਼ਨ’ ਉੱਤੇ ਕਲਿੱਕ ਕਰਨਾ ਪਵੇਗਾ। ਇਸ ਮਗਰੋਂ ਫਾਸਟੈਗ ਬੰਦ ਕਰਨ ਦਾ ਪੁਸ਼ਟੀ ਸੰਦੇਸ਼ ਆਵੇਗਾ ਅਤੇ ਇਸ ਮਗਰੋਂ ਪੰਜ ਤੋਂ ਸੱਤ ਦਿਨਾਂ ਦੇ ਅੰਦਰ-ਅੰਦਰ ਪੇਅਟੀਐੱਮ ਫਾਸਟੈਗ ਬੰਦ ਹੋ ਜਾਵੇਗਾ। ਪੇਅਟੀਐੱਮ ਫਾਸਟੈਗ ਬੰਦ ਕਰਨ ਮਗਰੋਂ ਇਸ ਵਿਚਲੀ ਬਕਾਇਆ ਰਾਸ਼ੀ ਪੇਅਟੀਐੱਮ ਵਾਲੇਟ ਵਿੱਚ ਆ ਜਾਵੇਗੀ। ਨੈਸ਼ਨਲ ਹਾਈਵੇਅ ਅਥਾਰਿਟੀ ਆਫ ਇੰਡੀਆ ਨੇ ਪੇਅਟੀਐੱਮ ਫਾਸਟੈਗ ਖਪਤਕਾਰਾਂ ਨੂੰ ਕਿਸੇ ਹੋਰ ਬੈਂਕ ਤੋਂ ਨਵਾਂ ਫਾਸਟੈਗ ਲੈਣ ਦੀ ਸਲਾਹ ਦਿੱਤੀ ਹੈ। -ਆਈਏਐੱਨਐੱਸ