ਮੰਡੀਆਂ ’ਚ ਖ਼ਰੀਦੇ ਝੋਨੇ ਦੀ ਚੁਕਾਈ ਨਾਲੋ-ਨਾਲ ਜਾਰੀ: ਢੋਸ
ਹਰਦੀਪ ਸਿੰਘ
ਧਰਮਕੋਟ, 26 ਅਕਤੂਬਰ
ਮੰਡੀਆਂ ਵਿੱਚ ਝੋਨੇ ਦੀ ਖ਼ਰੀਦ ਅਤੇ ਲਿਫਟਿੰਗ ਵਿੱਚ ਤੇਜ਼ੀ ਲਿਆਉਣ ਲਈ ਧਰਮਕੋਟ ਦੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਅਤੇ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਧਰਮਕੋਟ, ਪਿੰਡ ਭੋਡੀਵਾਲਾ ਅਤੇ ਹੋਰ ਦਾਣਾ ਮੰਡੀਆਂ ਦਾ ਦੌਰਾ ਕੀਤਾ। ਇਸ ਮੌਕੇ ਜ਼ਿਲ੍ਹਾ ਪੁਲੀਸ ਮੁਖੀ ਅਜੇ ਗਾਂਧੀ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਵਿਧਾਇਕ ਲਾਡੀ ਢੋਸ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਪ੍ਰਬੰਧਾਂ ਦੇ ਚੱਲਦਿਆਂ ਮੰਡੀਆਂ ਵਿੱਚ ਝੋਨੇ ਦੀ ਖਰੀਦ ਕੀਤੀ ਫ਼ਸਲ ਦੀ ਚੁਕਾਈ ਵੀ ਤੇਜ਼ੀ ਨਾਲ ਕਰਵਾਈ ਜਾ ਰਹੀ ਹੈ। ਡੀਸੀ ਸ੍ਰੀ ਸਾਰੰਗਲ ਨੇ ਸਮੂਹ ਖਰੀਦ ਇੰਸਪੈਕਟਰਾਂ ਨੂੰ ਹਦਾਇਤ ਕੀਤੀ ਕਿ ਉਹ ਖਰੀਦ ਅਤੇ ਲਿਫਟਿੰਗ ਦੇ ਅੰਕੜੇ ਰੋਜ਼ਾਨਾ ਆਨਲਾਈਨ ਅਤੇ ਆਫਲਾਈਨ ਅਪਡੇਟ ਕਰਨ। ਉਨ੍ਹਾਂ ਮਿਲਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਸ਼ੈਲਰਾਂ ਵਿੱਚ ਅਨਲੋਡਿੰਗ ਦੇ ਪੂਰੇ ਪ੍ਰਬੰਧ ਕਰ ਕੇ ਰੱਖਣ ਤਾਂ ਜੋ ਮੰਡੀਆਂ ਵਿੱਚੋਂ ਵੀ ਚੁਕਾਈ ਤੇਜ਼ੀ ਨਾਲ ਜਾਰੀ ਰਹੇ। ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਮੰਡੀਆਂ ਵਿੱਚ ਸੁੱਕੀ ਫ਼ਸਲ ਹੀ ਲਿਆਉਣ ਅਤੇ ਪਰਾਲੀ ਨੂੰ ਅੱਗ ਵੀ ਨਾ ਲਗਾਉਣ।
ਫਾਜ਼ਿਲਕਾ (ਪਰਮਜੀਤ ਸਿੰਘ): ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਇੱਥੇ ਅਨਾਜ ਮੰਡੀ ਦਾ ਦੌਰਾ ਕਰ ਕੇ ਕਿਸਾਨਾਂ ਦੀਆਂ ਮੁਸ਼ਕਲਾਂ ਸੁਣੀਆਂ ਤੇ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਝੋਨੇ ਦੀ ਖਰੀਦ ਪ੍ਰਕਿਰਿਆ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਇਸ ਮੌਕੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਕਿਹਾ ਕਿ ਕਿਸਾਨਾਂ ਦਾ ਦਾਣਾ-ਦਾਣਾ ਖਰੀਦਿਆ ਜਾਵੇਗਾ ਅਤੇ ਕਿਸੇ ਵੀ ਕਿਸਾਨ ਨੂੰ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਹੁਣ ਤੱਕ ਫਾਜ਼ਿਲਕਾ ਦੀ ਮੰਡੀ ਵਿੱਚ 7 ਲੱਖ 61000 ਬੋਰੀ ਝੋਨੇ ਦੀ ਖਰੀਦ ਕੀਤੀ ਗਈ ਹੈ ਅਤੇ ਇਸ ਵਿੱਚੋਂ 6 ਲੱਖ ਤੋਂ ਜ਼ਿਆਦਾ ਬੋਰੀ ਦੀ ਲਿਫਟਿੰਗ ਵੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਇਸ ਮੌਕੇ ਅਧਿਕਾਰੀਆਂ ਨੂੰ ਤਾੜਨਾ ਕੀਤੀ ਕਿ ਜੇਕਰ ਕਿਸਾਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਆਈ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹੁਣ ਚੁਕਾਈ ਵਿੱਚ ਹੋਰ ਤੇਜ਼ੀ ਆ ਰਹੀ ਹੈ ਅਤੇ ਖਰੀਦ ਵੀ ਪੂਰੇ ਜ਼ੋਰਾਂ ’ਤੇ ਚੱਲ ਰਹੀ ਹੈ।