ਪਾਇਲ ਦਾਣਾ ਮੰਡੀ ਅੱਜ ਤੋਂ ਦੋ ਦਿਨਾਂ ਲਈ ਮੁਕੰਮਲ ਬੰਦ
ਪੱਤਰ ਪ੍ਰੇਰਕ
ਪਾਇਲ, 20 ਅਕਤੂਬਰ
ਆੜ੍ਹਤ ਐਸੋਸੀਏਸ਼ਨ ਪਾਇਲ ਨੇ 21 ਤੇ 22 ਅਕਤੂਬਰ ਨੂੰ ਦਾਣਾ ਮੰਡੀ ਬੰਦ ਰੱਖਣ ਦਾ ਫ਼ੈਸਲਾ ਕੀਤਾ ਹੈ। ਐਸੋਸੀਏਸ਼ਨ ਦੇ ਪ੍ਰਧਾਨ ਬਿੱਟੂ ਪੁਰੀ ਨੇ ਦੱਸਿਆ ਕਿ ਦਾਣਾ ਮੰਡੀ ਵਿੱਚ ਆ ਰਹੀ ਵੱਧ ਨਮੀ ਵਾਲੀ ਹਾਈ ਬਰੀਡ ਝੋਨੇ ਦੀ ਫ਼ਸਲ ਕਾਰਨ ਇਹ ਫ਼ੈਸਲਾ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਲਿਫਟਿੰਗ ਨਾ ਹੋਣ ਕਾਰਨ ਮੰਡੀਆਂ ਵਿੱਚ ਹੋਰ ਮਾਲ ਉਤਾਰਨਾ ਅਸੰਭਵ ਹੈ ਜਿਸ ਕਰਕੇ ਦੋ ਦਿਨ ਮੰਡੀ ਵਿੱਚ ਝੋਨੇ ਦੀ ਤੁਲਾਈ ਨਹੀਂ ਹੋਵੇਗੀ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ 17 ਫੀਸਦ ਤੋਂ ਵੱਧ ਨਮੀ ਵਾਲਾ ਝੋਨਾ ਮੰਡੀ ਵਿੱਚ ਨਾ ਲਿਆਂਦਾ ਜਾਵੇ ਅਤੇ ਨਾ ਹੀ ਹਾਈ ਬਰੀਡ ਝੋਨਾ ਲਿਆਂਦਾ ਜਾਵੇ। ਉਨ੍ਹਾਂ ਦੱਸਿਆ ਕਿ ਲਿਫਟਿੰਗ ਨਾ ਹੋਣ ਕਾਰਨ ਖਰੀਦਿਆ ਮਾਲ ਜਮ੍ਹਾਂ ਹੋਇਆ ਪਿਆ ਹੈ, ਆੜ੍ਹਤੀਆਂ ਕੋਲ ਫੜ੍ਹਾਂ ਵਿੱਚ ਹੋਰ ਜੀਰੀ ਲਾਹੁਣ ਲਈ ਥਾਂ ਨਹੀਂ ਰਹੀ। ਉਨ੍ਹਾਂ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਪਹਿਲ ਦੇ ਆਧਾਰ ’ਤੇ ਚੁਕਾਈ ਸ਼ੁਰੂ ਕਰਵਾਈ ਜਾਵੇ। ਇਸ ਮੌਕੇ ਆੜਤੀ ਏ ਪੀ ਜੱਲ੍ਹਾ, ਸੁਖਵਿੰਦਰ ਸਿੰਘ ਸੁੱਖੀ ਚੀਮਾ, ਹਰੀਸ਼ ਚੰਦਰ ਨੋਨਾ, ਜਥੇ ਮੇਜਰ ਸਿੰਘ ਪੱਲਾ, ਪਰਮਿੰਦਰ ਸਿੰਘ, ਕੁਲਦੀਪ ਸਿੰਘ, ਗੁਰਜੀਤ ਸਿੰਘ ਮਾਜਰੀ, ਸਚਿਨ ਸੋਨੀ,ਅਦੱਤਿਆ ਸੋਨੀ, ਸਤਿਨਾਮ ਸਿੰਘ ਤੇ ਪਰਵੀਨ ਕੁਮਾਰ ਹਾਜ਼ਰ ਸਨ।