ਹੱਡਾਰੋੜੀ ਚੁਕਾਓ-ਪਰਿਵਾਰ ਬਚਾਓ ਕਮੇਟੀ ਵੱਲੋਂ ਨਾਅਰੇਬਾਜ਼ੀ
ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 4 ਅਗਸਤ
ਹੱਡਾਰੋੜੀ ਚੁਕਾਓ-ਪਰਿਵਾਰ ਬਚਾਓ ਕਮੇਟੀ ਨੇ ਸਥਾਨਕ ਨੌਧਰਾਣੀ ਫਾਟਕ ਨੇੜੇ ਸਥਿਤ ਹੱਡਾਰੋੜੀ ਰਿਹਾਇਸ਼ੀ ਖੇਤਰ ਤੋਂ ਦੂਰ ਤਬਦੀਲ ਕਰਵਾਉਣ ਖ਼ਿਲਾਫ਼ ਸੰਘਰਸ਼ ਤਹਿਤ 14 ਅਗਸਤ ਨੂੰ ਅਰਥੀ ਫੂਕ ਰੋਸ ਮੁਜ਼ਾਹਰਾ ਕਰਨ ਦਾ ਐਲਾਨ ਕੀਤਾ ਹੈ। ਇਸ ਸਬੰਧੀ ਗਾਂਧੀ ਨਗਰ ਅਤੇ ਗੋਬਿੰਦ ਨਗਰ ਦੇ ਮੋਹਤਬਰ ਵਿਅਕਤੀਆਂ ਅਤੇ ਹੱਡਾਰੋੜੀ ਚੁਕਾਓ-ਪਰਿਵਾਰ ਬਚਾਓ ਕਮੇਟੀ ਦੇ ਆਗੂਆਂ ਦੀ ਇੱਕ ਵਿਸ਼ੇਸ਼ ਬੈਠਕ ਗੁਰੂ ਰਵਿਦਾਸ ਮੰਦਰ ਵਿੱਖੇ ਹੋਈ, ਜਿਸ ਵਿੱਚ ਨੌਧਰਾਣੀ ਫਾਟਕ ਨੇੜੇ ਸਥਿਤ ਹੱਡਾਰੋੜੀ ਨੂੰ ਰਿਹਾਇਸ਼ੀ ਖੇਤਰ ਅਤੇ ਉਦਯੋਗਿਕ ਖੇਤਰ ਤੋਂ ਦੂਰ ਤਬਦੀਲ ਕਰਨ ਦੀ ਮੰਗ ਨੂੰ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਣਗੌਲਿਆਂ ਕਰਨ ਦਾ ਵਿਰੋਧ ਕਰਦਿਆਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਮੀਟਿੰਗ ’ਚ ਮੁਹੱਲਾ ਵਾਸੀ ਰਣਜੀਤ ਸਿੰਘ ਰਾਣਵਾਂ, ਲਾਲ ਸਿੰਘ, ਮਹਿੰਦਰ ਸਿੰਘ, ਸਤਨਾਮ ਸਿੰਘ, ਸੁਖਦੇਵ ਸਿੰਘ, ਬੇਅੰਤ ਸਿੰਘ, ਕੇਵਲ ਸਿੰਘ, ਬਘੇਲ ਸਿੰਘ ਆਦਿ ਨੇ ਕਿਹਾ ਕਿ 26 ਜੁਲਾਈ ਨੂੰ ਡਿਪਟੀ ਕਮਿਸ਼ਨਰ ਮਾਲੇਰਕੋਟਲਾ ਨੂੰ ਹੱਡਾਰੋੜੀ ਰਿਹਾਇਸ਼ੀ ਖੇਤਰ ਤੋਂ ਤਬਦੀਲ ਕਰਨ ਸਬੰਧੀ ਮੈਮੋਰੰਡਮ ਦਿੱਤਾ ਗਿਆ ਸੀ। ਮੁੱਖ ਮੰਤਰੀ, ਭਗਵੰਤ ਸਿੰਘ ਮਾਨ, ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ, ਵਿਧਾਇਕ ਮੁਹੰਮਦ ਜਮੀਲ ਉਰ ਰਹਿਮਾਨ, ਚੇਅਰਮੈਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਸਮੇਤ ਨੈਸ਼ਨਲ ਗਰੀਨ ਟ੍ਰਿਬਿਊਨਲ ਨੂੰ ਵੀ ਇਸ ਸਬੰਧੀ ਮੰਗ ਪੱਤਰ ਭੇਜੇ ਗਏ ਸਨ ਪਰ ਹਾਲੇ ਤੱਕ ਕੋਈ ਠੋਸ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ, ਜਿਸ ਕਾਰਨ ਲੋਕਾਂ ’ਚ ਰੋਸ ਵਧ ਰਿਹਾ ਹੈ। ਮੀਟਿੰਗ ’ਚ ਰਣਜੀਤ ਸਿੰਘ ਰਾਣਵਾਂ ਨੇ ਦੱਸਿਆ ਕਿ ਕਮੇਟੀ ਨੇ ਫ਼ੈਸਲਾ ਕੀਤਾ ਹੈ ਕਿ ਹੱਡਾਰੋੜੀ ਨੂੰ ਰਿਹਾਇਸ਼ੀ ਖੇਤਰ ਤੋਂ ਦੂਰ ਤਬਦੀਲ ਕਰਵਾਉਣ ਤੱਕ ਸੰਘਰਸ਼ ਜਾਰੀ ਰਹੇਗਾ ਅਤੇ 14 ਅਗਸਤ ਨੂੰ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਖ਼ਿਲਾਫ਼ ਅਰਥੀ ਫੂਕ ਮੁਜ਼ਾਹਰਾ ਕੀਤਾ ਜਾਵੇਗਾ।