For the best experience, open
https://m.punjabitribuneonline.com
on your mobile browser.
Advertisement

ਪਵਾਰ ਦੀ ਧੀ ਸੁਪ੍ਰਿਯਾ ਸੂਲੇ ਤੇ ਪ੍ਰਫੁੱਲ ਪਟੇਲ ਬਣੇ ਐਨਸੀਪੀ ਦੇ ਕਾਰਜਕਾਰੀ ਪ੍ਰਧਾਨ

07:01 PM Jun 23, 2023 IST
ਪਵਾਰ ਦੀ ਧੀ ਸੁਪ੍ਰਿਯਾ ਸੂਲੇ ਤੇ ਪ੍ਰਫੁੱਲ ਪਟੇਲ ਬਣੇ ਐਨਸੀਪੀ ਦੇ ਕਾਰਜਕਾਰੀ ਪ੍ਰਧਾਨ
Advertisement

ਨਵੀਂ ਦਿੱਲੀ, 10 ਜੂਨ

Advertisement

ਐਨਸੀਪੀ ਮੁਖੀ ਸ਼ਰਦ ਪਵਾਰ ਨੇ ਅੱਜ ਪ੍ਰਫੁੱਲ ਪਟੇਲ ਤੇ ਸੁਪ੍ਰਿਯਾ ਸੂਲੇ ਨੂੰ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਐਲਾਨਿਆ। ਸੰਗਠਨ ਵਿੱਚ ਫੇਰਬਦਲ ਕਰਦਿਆਂ ਉਨ੍ਹਾਂ ਆਪਣੇ ਭਤੀਜੇ ਅਜੀਤ ਪਵਾਰ ਨੂੰ ਲਾਂਭੇ ਕਰ ਦਿੱਤਾ ਜੋ ਬਾਗੀ ਸੁਰਾਂ ਅਪਣਾਉਣ ਲਈ ਜਾਣਿਆ ਜਾਂਦਾ ਹੈ। ਪਵਾਰ ਨੇ ਇਹ ਐਲਾਨ ਅੱਜ ਇੱਥੇ ਨੈਸ਼ਨਲਿਸਟ ਕਾਂਗਰਸ ਪਾਰਟੀ ਦੀ ਸਥਾਪਨਾ ਦੀ 24ਵੀਂ ਵਰ੍ਹੇਗੰਢ ਮਨਾਉਣ ਲਈ ਕਰਵਾਏ ਗਏ ਸਮਾਗਮ ਦੌਰਾਨ ਕੀਤਾ। ਪਵਾਰ ਨੇ ਅਜੀਤ ਪਵਾਰ ਸਣੇ ਹੋਰ ਸੀਨੀਅਰ ਆਗੂਆਂ ਦੀ ਹਾਜ਼ਰੀ ਵਿੱਚ ਕਿਹਾ,’ਪ੍ਰਫੁੱਲ ਪਟੇਲ ਤੇ ਸੁਪ੍ਰਿਯਾ ਸੂਲੇ ਨੂੰ ਐਨਸੀਪੀ ਦੇ ਕਾਰਜਕਾਰੀ ਪ੍ਰਧਾਨਾਂ ਦੀ ਜ਼ਿੰਮੇਵਾਰੀ ਸੌਂਪੀ ਜਾਵੇਗੀ। ਇਸ ਐਲਾਨ ਤੋਂ ਬਾਅਦ ਅਜੀਤ ਪਵਾਰ ਬੇਚੈਨ ਨਜ਼ਰ ਆਏ ਅਤੇ ਮੀਡੀਆ ਨਾਲ ਗੱਲਬਾਤ ਕੀਤੇ ਬਿਨਾਂ ਹੀ ਪਾਰਟੀ ਦਫ਼ਤਰ ਛੱਡ ਕੇ ਚਲੇ ਗਏ। ਗ਼ੌਰਤਲਬ ਹੈ ਕਿ ਅਜੀਤ ਪਵਾਰ ਨੇ 2019 ਵਿੱਚ ਭਾਜਪਾ ਨਾਲ ਹੱਥ ਮਿਲਾ ਲਿਆ ਸੀ ਅਤੇ ਤੜਕਸਾਰ ਸਹੁੰ ਚੁੱਕ ਸਮਾਗਮ ਵਿੱਚ ਡਿਪਟੀ ਮੁੱਖ ਮੰਤਰੀ ਵਜੋਂ ਹਲਫ ਲੈ ਲਿਆ ਸੀ। ਇਸ ਦੌਰਾਨ ਦੇਵੇਂਦਰ ਫੜਨਵੀਸ ਨੇ ਵੀ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ। ਕਾਰਜਕਾਰੀ ਪ੍ਰਧਾਨ ਬਣਾਏ ਜਾਣ ‘ਤੇ ਪਟੇਲ ਨੇ ਕਿਹਾ ਕਿ ਉਹ ਪਵਾਰ ਦਾ ਐਲਾਨ ਸੁਣ ਕੇ ਹੈਰਾਨ ਸਨ ਅਤੇ ਪਾਰਟੀ ਲਈ ਕੰਮ ਜਾਰੀ ਰੱਖਣਗੇ। ਪਟੇਲ ਨੇ ਕਿਹਾ,’ਮੈਂ ਪਵਾਰ ਸਾਹਿਬ ਨਾਲ 1999 ਤੋਂ ਕੰਮ ਕਰ ਰਿਹਾ ਹਾਂ। ਇਸ ਲਈ ਮੇਰੇ ਲਈ ਨਵਾਂ ਕੁਝ ਨਹੀਂ ਹੈ ਪਰ ਕਾਰਜਕਾਰੀ ਪ੍ਰਧਾਨ ਬਣਨ ‘ਤੇ ਮੈਂ ਖੁਸ਼ ਹਾਂ, ਮੈਂ ਪਾਰਟੀ ਲਈ ਲਗਾਤਾਰ ਕੰਮ ਕਰਦਾ ਰਹਾਂਗਾ।’ ਪਵਾਰ ਨੇ ਪਟੇਲ ਨੂੰ ਮੱਧ ਪ੍ਰਦੇਸ਼, ਗੁਜਰਾਤ, ਰਾਜਸਥਾਨ, ਝਾਰਖੰਡ, ਗੋਆ ਤੇ ਰਾਜ ਸਭਾ ਦਾ ਪਾਰਟੀ ਇੰਚਾਰਜ ਵੀ ਬਣਾਇਆ। ਸੂਲੇ ਨੂੰ ਮਹਾਰਾਸ਼ਟਰ, ਹਰਿਆਣਾ, ਪੰਜਾਬ ਵਿੱਚ ਐਨਸੀਪੀ ਮਾਮਲਿਆਂ ਦੀ ਇੰਚਾਰਜ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਉਹ ਔਰਤਾਂ, ਨੌਜਵਾਨਾਂ, ਵਿਦਿਆਰਥੀਆਂ ਤੇ ਲੋਕ ਸਭਾ ਨਾਲ ਜੁੜੇ ਮਾਮਲੇ ਵੀ ਦੇਖਣਗੇ। ਸੂਲੇ ਨੂੰ ਪਾਰਟੀ ਦੀ ਕੇਂਦਰੀ ਚੋਣ ਅਥਾਰਿਟੀ ਦੀ ਚੇਅਰਪਰਸਨ ਵੀ ਬਣਾਇਆ ਗਿਆ ਹੈ। ਸੂਲੇ ਨੇ ਟਵੀਟ ਕੀਤਾ,’ਪਾਰਟੀ ਦੇ ਮੈਂਬਰਾਂ ਦੀ ਬਦੌਲਤ ਹੀ ਅਸੀਂ ਇੱਥੋਂ ਤੱਕ ਪਹੁੰਚੇ ਹਾਂ, ਐਨਸੀਪੀ ਨੂੰ ਹੋਰ ਮਜ਼ਬੂਤ ਕਰਨ ਲਈ ਮੈਂ ਤੁਹਾਡੇ ਸਾਰਿਆਂ ਨਾਲ ਰਲ ਕੇ ਕੰਮ ਕਰਾਂਗੀ ਅਤੇ ਅਸੀਂ ਇਕੱਠੇ ਹੋ ਕੇ ਆਪਣੀ ਦੇਸ਼ ਦੇ ਨਾਗਰਿਕਾਂ ਦੀ ਭਲਾਈ ਲਈ ਸੇਵਾ ਕਰਾਂਗੇ।’ ਸੂਲੇ ਨੂੰ ਮਹਾਰਾਸ਼ਟਰ ਦੀ ਇੰਚਾਰਜ ਬਣਾਉਣ ਮਗਰੋਂ ਹੁਣ ਅਜੀਤ ਪਵਾਰ ਨੂੰ ਪਾਰਟੀ ਨਾਲ ਸਬੰਧਿਤ ਮਾਮਲਿਆਂ ਬਾਰੇ ਸੁਪ੍ਰਿਯਾ ਨੂੰ ਰਿਪੋਰਟ ਕਰਨਾ ਪਵੇਗਾ ਜਿਸ ਨਾਲ ਪਾਰਟੀ ਵਿੱਚ ਤਣਾਅ ਪੈਦਾ ਹੋਣ ਦੇ ਆਸਾਰ ਹਨ। ਗੌਰਤਲਬ ਹੈ ਕਿ ਪਵਾਰ ਨੇ ਪਿਛਲੇ ਮਹੀਨੇ ਐਨਸੀਪੀ ਪ੍ਰਧਾਨ ਵਜੋਂ ਹਟਣ ਦਾ ਐਲਾਨ ਕਰ ਦਿੱਤਾ ਸੀ ਪਰ ਫਿਰ ਉਨ੍ਹਾਂ ਆਪਣਾ ਫੈਸਲਾ ਵਾਪਸ ਲੈ ਲਿਆ ਸੀ। ਜ਼ਿਕਰਯੋਗ ਹੈ ਕਿ ਪਵਾਰ ਵੱਲੋਂ 1999 ਵਿੱਚ ਤਾਰਿਕ ਅਨਵਰ ਤੇ ਪੀ ਏ ਸੰਗਮਾ ਨਾਲ ਰਲ ਕੇ ਪਾਰਟੀ ਦੀ ਸਥਾਪਨਾ ਕੀਤੀ ਸੀ। ਇੱਥੇ ਦੱਸਣਾ ਬਣਦਾ ਹੈ ਕਿ ਸੋਨੀਆ ਗਾਂਧੀ ਨਾਲ ਸਬੰਧਿਤ ਮੁੱਦੇ ਉਠਾਉਣ ‘ਤੇ ਉਸ ਸਮੇਂ ਦੇ ਕਾਂਗਰਸ ਪ੍ਰਧਾਨ ਨੇ ਅਨਵਰ ਤੇ ਸੰਗਮਾ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਸੀ। -ਪੀਟੀਆਈ

ਸ਼ਰਦ ਪਵਾਰ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਪ੍ਰਫੁੱਲ ਪਟੇਲ। -ਫੋਟੋ: ਮੁਕੇਸ਼ ਅਗਰਵਾਲ

ਅਜੀਤ ਕਾਰਜਕਾਰੀ ਪ੍ਰਧਾਨ ਲਈ ਸੂਲੇ ਦੇ ਨਾਮ ਤੋਂ ਨਾਖੁਸ਼ ਨਹੀਂ: ਪਵਾਰ

ਨਵੀਂ ਦਿੱਲੀ: ਨੈਸ਼ਨਲਿਸਟ ਕਾਂਗਰਸ ਪਾਰਟੀ (ਐਨਸੀਪੀ) ਦੇ ਮੁਖੀ ਸ਼ਰਦ ਪਵਾਰ ਨੇ ਸੁਪ੍ਰਿਯਾ ਸੂਲੇ ਨੂੰ ਕਾਰਜਕਾਰੀ ਪ੍ਰਧਾਨ ਬਣਾਉਣ ਤੋਂ ਅਜੀਤ ਪਵਾਰ ਦੇ ਨਾਰਾਜ਼ ਹੋਣ ਦੇ ਕਿਆਸਾਂ ਨੂੰ ਖਾਰਜ ਕੀਤਾ। ਉਨ੍ਹਾਂ ਕਿਹਾ ਕਿ ਅਜੀਤ ਪਵਾਰ ਵੱਲੋਂ ਹੀ ਸੂਲੇ ਦੇ ਨਾਮ ਦੀ ਪੇਸ਼ਕਸ਼ ਕੀਤੀ ਗਈ ਸੀ, ਅਜਿਹੇ ਵਿੱਚ ਉਸ ਦੇ ਖੁਸ਼ ਜਾਂ ਨਾਖੁਸ਼ ਹੋਣ ਦਾ ਸੁਆਲ ਹੀ ਨਹੀਂ ਉਠਦਾ। -ਪੀਟੀਆਈ

ਐੱਨਸੀਪੀ ਵਿੱਚ ਨਵੀਆਂ ਨਿਯੁਕਤੀਆਂ ਤੋਂ ਨਾਖੁਸ਼ ਨਹੀਂ ਹਾਂ: ਅਜੀਤ ਪਵਾਰ

ਪੁਣੇ: ਨੈਸ਼ਨਲਿਸਟ ਕਾਂਗਰਸ ਪਾਰਟੀ ਦੇ ਆਗੂ ਅਜੀਤ ਪਵਾਰ ਨੇ ਉਨ੍ਹਾਂ ਮੀਡੀਆ ਰਿਪੋਰਟਾਂ ਦਾ ਖੰਡਨ ਕੀਤਾ ਜਿਨ੍ਹਾਂ ਵਿੱਚ ਸੁਪ੍ਰਿਯਾ ਸੂਲੇ ਤੇ ਪ੍ਰਫੁੱਲ ਪਟੇਲ ਨੂੰ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਣਾਏ ਜਾਣ ਮਗਰੋਂ ਉਨ੍ਹਾਂ ਨੂੰ ਨਾਖੁਸ਼ ਦੱਸਿਆ ਜਾ ਰਿਹਾ ਹੈ। ਅਜੀਤ ਪਵਾਰ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ,’ਕੁਝ ਮੀਡੀਆ ਚੈਨਲ ਇਹ ਖਬਰਾਂ ਚਲਾ ਰਹੇ ਹਨ ਕਿ ਅਜੀਤ ਪਵਾਰ ਕੋਈ ਜ਼ਿੰਮੇਵਾਰੀ ਨਾ ਦਿੱਤੇ ਜਾਣ ਤੋਂ ਨਾਖੁਸ਼ ਹਨ ਪਰ ਮੈਂ ਉਨ੍ਹਾਂ ਨੂੰ ਦੱਸਣਾ ਚਾਹਾਂਗਾ ਕਿ ਮੇਰੇ ਕੋਲ ਮਹਾਰਾਸ਼ਟਰ ਵਿੱਚ ਵਿਰੋਧੀ ਧਿਰ ਦੇ ਆਗੂ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਦੁਹਰਾਇਆ ਕਿ ਉਹ ਆਪਣੀ ਮਰਜ਼ੀ ਨਾਲ ਸੂਬੇ ਦੀ ਸਿਆਸਤ ਵਿੱਚ ਸਰਗਰਮ ਹਨ। ਜਦੋਂ ਤੋਂ ਮੈਂ ਵਿਰੋਧੀ ਧਿਰ ਦਾ ਆਗੂ ਬਣਿਆ ਹਾਂ, ਉਦੋਂ ਤੋਂ ਮੇਰੇ ਉੱਤੇ ਸੂਬੇ ਦੀ ਜ਼ਿੰਮੇਵਾਰੀ ਹੈ। -ਪੀਟੀਆਈ

Advertisement
Advertisement
Advertisement
×