ਪਵਨ ਟਿਵਾਣਾ ਦਾ ਕਾਵਿ ਸੰਗ੍ਰਹਿ ‘ਰਾਤਾਂ ਦੀ ਚੁੱਪ’ ਲੋਕ ਅਰਪਣ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 10 ਨਵੰਬਰ
ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵੱਲੋਂ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਸਹਿਯੋਗ ਨਾਲ ਅੱਜ ਪੰਜਾਬ ਕਲਾ ਪਰਿਸ਼ਦ ਵਿੱਚ ਕਵਿਤਰੀ ਪਵਨ ਟਿਵਾਣਾ ਦੇ ਪਹਿਲਾ ਕਾਵਿ ਸੰਗ੍ਰਹਿ ‘ਰਾਤਾਂ ਦੀ ਚੁੱਪ’ ਲੋਕ ਅਰਪਣ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਕਵਿਤਰੀ ਤੇ ਚਿੰਤਕ ਡਾ. ਗੁਰਮਿੰਦਰ ਸਿੱਧੂ ਅਤੇ ਸੁਨੈਨੀ ਗੁਲੇਰੀਆ ਸ਼ਰਮਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਤੋਂ ਬਾਅਦ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਵੱਲੋਂ ਪੱਤਰਕਾਰਾਂ ਦਾ ਕਵੀ ਦਰਬਾਰ ਕਰਵਾਇਆ ਗਿਆ, ਜਿਸ ਵਿੱਚ ਵੱਖ-ਵੱਖ ਭਾਸ਼ਾਵਾਂ ’ਚ ਪੱਤਰਕਾਰਾਂ ਨੇ ਆਪਣੀਆਂ ਕਵਿਤਾਵਾਂ ਦੀ ਪੇਸ਼ਕਾਰੀ ਕੀਤੀ।
ਇਸ ਸਮਾਗਮ ਵਿੱਚ ਕਵੀ ਅਨੁਵਾਦਕ ਤੇ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਨੇ ਮੁੱਖ ਬੁਲਾਰੇ ਵਜੋਂ ਤੇ ਮਨਜੀਤ ਕੌਰ ਮੀਤ ਨੇ ਪਰਚਾ ਲੇਖਕ ਵਜੋਂ ਸਮਾਗਮ ਵਿੱਚ ਸ਼ਿਰਕਤ ਕੀਤੀ। ਮਨਜੀਤ ਕੌਰ ਮੀਤ ਨੇ ਆਪਣਾ ਪਰਚਾ ਪੜ੍ਹਿਆ। ਸ੍ਰੀ ਚਨਾਰਥਲ ਨੇ ਕਿਹਾ ਕਿ ਲੇਖਕਾ ਤੋਂ ਬਹੁਤ ਉਮੀਦਾਂ ਹਨ। ਇਸ ਮੌਕੇ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਬਲਕਾਰ ਸਿੱਧੂ ਤੇ ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਨੇ ਕਿਹਾ ਕਿ ਮਿਆਰੀ ਕਵਿਤਾ ਤੇ ਸਾਹਿਤ ਲਿਖਣਾ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਸ਼ੁਭ ਸੰਕੇਤ ਹੈ।