For the best experience, open
https://m.punjabitribuneonline.com
on your mobile browser.
Advertisement

ਸਿੱਖ ਕਿਰਦਾਰ ਨਿਭਾ ਕੇ ਖ਼ੁਸ਼ ਪਵਨ ਮਲਹੋਤਰਾ

08:07 AM Aug 10, 2024 IST
ਸਿੱਖ ਕਿਰਦਾਰ ਨਿਭਾ ਕੇ ਖ਼ੁਸ਼ ਪਵਨ ਮਲਹੋਤਰਾ
Advertisement

ਨੋਨਿਕਾ ਸਿੰਘ

‘ਜਬ ਵੀ ਮੈੱਟ’, ‘ਭਾਗ ਮਿਲਖਾ ਭਾਗ’, ‘ਟੱਬਰ’ ਤੇ ਆਪਣੇ ਹਾਲੀਆ ਵੈੱਬ ਸ਼ੋਅ ‘ਪਿਲ’ ਵਿੱਚ ਇੱਕ ਵਾਰ ਫਿਰ ਤੋਂ ਦਸਤਾਰ ਸਜਾਉਣ ਦਾ ਮੌਕਾ ਮਿਲਣ ’ਤੇ ਅਦਾਕਾਰ ਪਵਨ ਮਲਹੋਤਰਾ ਖ਼ੁਸ਼ ਹੈ। ਉਹ ਕਹਿੰਦਾ ਹੈ ਕਿ ਉਸ ਨੂੰ ਸਿੱਖ ਕਿਰਦਾਰ ਨਿਭਾਉਣਾ ਚੰਗਾ ਲੱਗਦਾ ਹੈ ਕਿਉਂਕਿ ਇਸ ਰਾਹੀਂ ਉਹ ਆਪਣੀਆਂ ਜੜ੍ਹਾਂ ਤੇ ਆਪਣੇ ਬਜ਼ੁਰਗਾਂ ਦੀ ਧਰਤੀ ਨਾਲ ਮੁੜ ਤੋਂ ਜੁੜਦਾ ਹੈ।
ਅਦਾਕਾਰੀ ਦੀ ਲੰਮੀ ਪਾਰੀ ’ਚ ਤਰ੍ਹਾਂ-ਤਰ੍ਹਾਂ ਦੀਆਂ ਭੂਮਿਕਾਵਾਂ ਨਿਭਾ ਚੁੱਕਿਆ ਬਹੁਮੁਖੀ ਤੇ ਗੁਣੀ ਅਦਾਕਾਰ ਪਵਨ ਮਲਹੋਤਰਾ ਮੰਨਦਾ ਹੈ ਕਿ ‘ਕਦੇ ਨਰਮ ਕਦੇ ਗਰਮ’... ਇਹੀ ਇੱਕ ਅਦਾਕਾਰ ਦਾ ਕੰਮ ਹੈ। ਆਪਣੀ ਹਾਲ ਹੀ ’ਚ ਰਿਲੀਜ਼ ਹੋਈ ਵੈੱਬ ਸੀਰੀਜ਼ ‘ਪਿਲ’ ’ਚ ਇੱਕ ਵਾਰ ਮੁੜ ਤੋਂ ਖ਼ਲਨਾਇਕ ਦੀ ਭੂਮਿਕਾ ਨਿਭਾ ਰਿਹਾ ਮਲਹੋਤਰਾ ਕਹਿੰਦਾ ਹੈ, ‘‘ਨਕਾਰਾਤਮਕ ਕਿਰਦਾਰ ਕਿਸੇ ਵੀ ਹੋਰ ਭੂਮਿਕਾ ਨਾਲੋਂ ਘੱਟ ਜਾਂ ਵੱਧ ਚੁਣੌਤੀਪੂਰਨ ਨਹੀਂ ਹੁੰਦੇ।’’ ਇਸ ਸੀਰੀਜ਼ ’ਚ ਉਹ ਇੱਕ ਲਾਲਚੀ ਫਾਰਮਾ ਕਾਰੋਬਾਰੀ ਦਾ ਕਿਰਦਾਰ ਅਦਾ ਕਰ ਰਿਹਾ ਹੈ।
ਚੀਜ਼ਾਂ ਦੇਖਣ ਨੂੰ ਸਰਲ ਪਰ ਅੰਦਰੋਂ ਜਟਿਲ ਹਨ ਅਤੇ ਇਸ ਰਹੱਸ ਨੂੰ ਕਹਾਣੀ ਤੇ ਰਾਜ ਕੁਮਾਰ ਗੁਪਤਾ ਵਰਗੇ ਨਿਰਦੇਸ਼ਕ ਨੇ ਪਰਦੇ ’ਤੇ ਬਾਖੂਬੀ ਪੇਸ਼ ਕੀਤਾ ਹੈ। ਗੁਪਤਾ ਸਾਨੂੰ ‘ਨੋ ਵਨ ਕਿਲਡ ਜੈਸਿਕਾ’ ਵਰਗੀ ਦਮਦਾਰ ਫਿਲਮ ਦੇ ਚੁੱਕੇ ਹਨ। ਪਵਨ ਮੁਤਾਬਕ ਕਿਰਦਾਰ ਤੱਕ ਜਾਂਦਾ ਰਾਹ ਰੌਸ਼ਨ ਹੁੰਦਾ ਹੈ, ਹਾਲਾਂਕਿ ਇਹ ਅਦਾਕਾਰ ’ਤੇ ਹੈ ਕਿ ਉਹ ਇਸ ਨੂੰ ਕਿਵੇਂ ਦੇਖਦਾ ਅਤੇ ਪਾਰ ਕਰਦਾ ਹੈ। ਕੌਮੀ ਪੁਰਸਕਾਰ ਜੇਤੂ ਅਭਿਨੇਤਾ ਪਵਨ ਮਲਹੋਤਰਾ ਮੁਤਾਬਕ ਅਦਾਕਾਰੀ ਸੋਚ-ਵਿਚਾਰ ਵਾਲਾ ਕੰਮ ਹੈ, ਪਰ ਉਹ ਨਾਲ ਹੀ ਮੰਨਦਾ ਹੈ ਕਿ ਇਸ ਨੂੰ ‘ਭੋਲੇ ਮਨ ਨਾਲ ਵੀ ਸਿਰੇ ਚੜ੍ਹਾਇਆ’ ਜਾ ਸਕਦਾ ਹੈ। ਇਸ ਲਈ ਪ੍ਰਕਿਰਿਆ ਕੁਦਰਤੀ ਤੇ ਸਹਿਜ, ਦੋਵੇਂ ਤਰ੍ਹਾਂ ਦੀ ਹੋਣੀ ਚਾਹੀਦੀ ਹੈ। ਪਰ ਉਸ ਨੂੰ ਖਿੱਝ ਵੀ ਆਉਂਦੀ ਹੈ ਜਦ ਲੋਕ ਕਹਿੰਦੇ ਹਨ ਕਿ, ‘‘ਉਹ ਪੰਜਾਬੀ ਕਿਰਦਾਰ ਬਹੁਤ ਚੰਗੇ ਕਰ ਲੈਂਦਾ ਹੈ ਜਾਂ ਗੰਭੀਰ ਭੂਮਿਕਾਵਾਂ ਵਧੀਆ ਕਰ ਲੈਂਦਾ ਹੈ....’ ਅਤੇ ਨਾਲ ਹੀ ਜਿਹੜੇ ਕਹਿੰਦੇ ਹਨ ਕਿ ਲਓ ਇੱਕ ਵਾਰ ਫਿਰ ਤੋਂ ਦਸਤਾਰਧਾਰੀ ਸਿੱਖ ਦਾ ਕਿਰਦਾਰ ਕੀਤਾ ਹੈ, ਉਨ੍ਹਾਂ ਬਾਰੇ ਉਹ ਮਨ ਹੀ ਮਨ ਸੋਚ ਕੇ ਹੈਰਾਨ ਹੁੰਦਾ ਹੈ ਕਿ, ‘‘ਕੀ ਭਲਾ ਸਾਰੇ ਹੀ ਸਿੱਖ ਕਿਰਦਾਰ ਇੱਕੋ ਜਿਹੇ ਹੋ ਸਕਦੇ ਹਨ?’’
ਓਟੀਟੀ ’ਤੇ ਉਸ ਨੇ ਪੰਜ ਲੜੀਵਾਰਾਂ ਵਿੱਚੋਂ ਤਿੰਨ ’ਚ ਦਸਤਾਰਧਾਰੀ ਸਿੱਖ ਦਾ ਕਿਰਦਾਰ ਨਿਭਾਇਆ ਹੈ, ਜਿਨ੍ਹਾਂ ਵਿੱਚ ਕਾਫ਼ੀ ਸਰਾਹਿਆ ਗਿਆ ਵੈੱਬ ਸ਼ੋਅ ‘ਟੱਬਰ’ ਵੀ ਸ਼ਾਮਲ ਹੈ। ਪਰ, ਉਹ ਨਾਲ ਹੀ ਦੱਸਦਾ ਹੈ ਕਿ ਕਿਵੇਂ ਸਾਰੇ ਕਿਰਦਾਰ, ਜਿਨ੍ਹਾਂ ’ਚ ‘ਜਬ ਵੀ ਮੈੱਟ’ ਤੇ ‘ਭਾਗ ਮਿਲਖਾ ਭਾਗ’ ਵਾਲੇ ਸਿੱਖ ਕਿਰਦਾਰ ਵੀ ਸ਼ਾਮਲ ਹਨ, ਬਿਲਕੁਲ ਵੱਖੋ-ਵੱਖਰੇ ਸਨ। ਹਾਲਾਂਕਿ ਦਿੱਲੀ ਦਾ ਜੰਮਪਲ ਇਹ ਪੰਜਾਬੀ ਫਿਲਮੀ ਪਰਦੇ ’ਤੇ ਕਿਸੇ ਸਿੱਖ ਦੀ ਭੂਮਿਕਾ ਨਿਭਾ ਕੇ ਖ਼ੁਸ਼ ਹੁੰਦਾ ਹੈ। ਇਹ ਕਿਰਦਾਰ ਉਸ ਨੂੰ ਆਪਣੀਆਂ ਜੜ੍ਹਾਂ ਤੇ ਬਜ਼ੁਰਗਾਂ ਦੀ ਧਰਤੀ ਨਾਲ ਮੁੜ ਤੋਂ ਜੋੜਨ ਵਿੱਚ ਸਹਾਈ ਹੁੰਦੇ ਹਨ, ਤੇ ਗੁਰੂਆਂ ਨਾਲ ਵੀ ਜੋੜਦੇ ਹਨ ਜਿਨ੍ਹਾਂ ਨੇ ਪੰਜਾਬੀਆਂ ਨੂੰ ਬਹਾਦਰੀ ਦੇ ਨਾਲ-ਨਾਲ ਕਈ ਹੋਰ ਸਬਕ ਦਿੱਤੇ ਹਨ।
ਭਾਵੇਂ ‘ਜੀਓ ਸਿਨੇਮਾ’ ’ਤੇ ਰਿਲੀਜ਼ ਹੋਇਆ ਸ਼ੋਅ ‘ਪਿਲ’ ਫਾਰਮਾ ਉਦਯੋਗ ਵੱਲੋਂ ਵਰਤੇ ਜਾਂਦੇ ਫਰੇਬੀ ਢੰਗ-ਤਰੀਕਿਆਂ ਤੇ ਅਨੈਤਿਕ ਡਰੱਗ ਪ੍ਰੀਖਣਾਂ ਦੇ ਅਹਿਮ ਮੁੱਦੇ ਨੂੰ ਉਭਾਰਦਾ ਹੈ, ਪਰ ਪਵਨ ਮਲਹੋਤਰਾ ਮੁਤਾਬਕ ਇਹ ਨਹੀਂ ਕਿਹਾ ਜਾ ਸਕਦਾ ਕਿ ਉਹ ਜਾਣਬੁੱਝ ਕੇ ਅਜਿਹੇ ਸਮਾਜਿਕ ਮਹੱਤਵ ਵਾਲੇ ਵਿਸ਼ੇ ਚੁਣਦਾ ਹੈ। ਉਹ ਜ਼ੋਰ ਦੇ ਕੇ ਕਹਿੰਦਾ ਹੈ, ‘‘ਤੁਸੀਂ ਕਿਸ ਚੀਜ਼ ਦਾ ਹਿੱਸਾ ਹੋ, ਇਹ ਤੱਥ ਬੇਸ਼ੱਕ ਮਹੱਤਵਪੂਰਨ ਹੈ, ਪਰ ਇੱਕ ਅਦਾਕਾਰ ਵਜੋਂ ਮੈਂ ਹਰ ਵਿਧਾ ਵਿੱਚ ਕੰਮ ਕਰਨਾ ਪਸੰਦ ਕਰਦਾ ਹਾਂ।’’
ਉਸ ਲਈ ਮਸਾਲਾ ਫਿਲਮ ‘ਮੁਬਾਰਕਾਂ’ ਵੀ ਓਨੀ ਹੀ ਮਹੱਤਵਪੂਰਨ ਹੈ ਜਿੰਨੀ ਗੰਭੀਰ ਸ਼੍ਰੇਣੀ ਦੀ ‘ਸਲੀਮ ਲੰਗੜੇ ਪੇ ਮਤ ਰੋ।’ ਇੱਕ ਅਜਿਹੇ ਅਦਾਕਾਰ ਵਜੋਂ, ਜਿਸ ਨੇ ਮੁਸਲਿਮ ਕਿਰਦਾਰ ਵੀ ਨਿਭਾਏ ਹਨ, ਜਿਨ੍ਹਾਂ ’ਚ ਵਿਵਾਦਾਂ ਵਿੱਚ ਘਿਰਿਆ ‘72 ਹੂਰੇਂ’ ਵਿਚਲਾ ਰੋਲ ਵੀ ਸ਼ਾਮਲ ਹੈ, ਪਵਨ ਨੂੰ ਨਹੀਂ ਲੱਗਦਾ ਕਿ ਉਸ ਨੂੰ ਫਿਲਮ ’ਚ ਕਿਸੇ ਫ਼ਿਰਕੇ ਨੂੰ ਇਸ ਤਰ੍ਹਾਂ ਦਿਖਾਉਣ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ। ਉਹ ਕਹਿੰਦਾ ਹੈ ‘‘ਬਲੈਕ ਫਰਾਈਡੇਅ ਦੇ ਟਾਈਗਰ ਮੈਮਨ ਵਰਗੇ ਕਈ ਕਿਰਦਾਰ ਅਸਲੀ ਕਹਾਣੀਆਂ ’ਤੇ ਆਧਾਰਿਤ ਹਨ ਤੇ ਅਜਿਹਾ ਕਿਤੇ ਵੀ ਨਹੀਂ ਹੈ ਕਿ ਅਸੀਂ ਇਸਲਾਮ ਜਾਂ ਮੁਸਲਮਾਨਾਂ ਨੂੰ ਬਦਨਾਮ ਕਰ ਰਹੇ ਹਾਂ।’’
ਭਾਵੇਂ ਉਹ ਕਹਿ ਸਕਦਾ ਹੈ ਕਿ ‘‘ਮੈਂ ਬਹੁਤ ਡਰਿਆ ਹੋਇਆ ਅਦਾਕਾਰ ਹਾਂ’ ਤੇ ਹਰੇਕ ਨਵੀਂ ਭੂਮਿਕਾ ਨੂੰ ਇਸ ਤਰ੍ਹਾਂ ਹੰਢਾਉਂਦਾ ਹਾਂ, ਜਿਵੇਂ ਕਿ ਪਹਿਲੀ ਵਾਰ ਅਭਿਨੈ ਕਰ ਰਿਹਾ ਹੋਵਾਂ, ਪਰ ਜੋਖ਼ਮ ਲੈਣ ਤੋਂ ਉਹ ਨਹੀਂ ਡਰਦਾ। ਉਹ ਨਾ ਸਿਰਫ਼ ‘ਲਾਪਤਾ ਲੇਡੀਜ਼’ ਵਰਗੀਆਂ ਚੰਗੀਆਂ ਫਿਲਮਾਂ ਦੀ ਖੁੱਲ੍ਹ ਕੇ ਸਿਫ਼ਤ ਕਰਦਾ ਹੈ, ਬਲਕਿ ਦੂਜੇ ਅਦਾਕਾਰਾਂ ਨੂੰ ਵੀ ਸਲਾਹੁੰਦਾ ਹੈ ਅਤੇ ਮਹਿਸੂਸ ਕਰਦਾ ਹੈ ਕਿ ‘ਪਿਲ’ ਵਿਚਲਾ ਉਸ ਦਾ ਸਹਿ-ਅਦਾਕਾਰ ਰਿਤੇਸ਼ ਦੇਸ਼ਮੁਖ ਬਹੁਤ ਚੰਗਾ ਅਭਿਨੇਤਾ ਹੈ, ਜਿਸ ਦੀ ਪ੍ਰਤਿਭਾ ਨੂੰ ਹਜੇ ਤੱਕ ਪੂਰੀ ਤਰ੍ਹਾਂ ਵਰਤਿਆ ਨਹੀਂ ਜਾ ਸਕਿਆ।
ਜਿੱਥੋਂ ਤੱਕ ਪਵਨ ਮਲਹੋਤਰਾ ਦੇ ਨਿੱਜੀ ਸਫ਼ਰ ਦਾ ਸਵਾਲ ਹੈ, ਉਸ ਨੂੰ ਕਈ ਚੋਟੀ ਦੇ ਨਿਰਦੇਸ਼ਕਾਂ ਨਾਲ ਕੰਮ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ ਜਿਨ੍ਹਾਂ ’ਚ ਸਈਦ ਅਖ਼ਤਰ ਮਿਰਜ਼ਾ, ਗੌਤਮ ਘੋਸ਼, ਰਾਕੇਸ਼ ਓਮਪ੍ਰਕਾਸ਼ ਮਹਿਰਾ, ਇਮਤਿਆਜ਼ ਅਲੀ ਵਰਗਿਆਂ ਦੇ ਨਾਂ ਸ਼ਾਮਲ ਹਨ। ਸਪੱਸ਼ਟ ਹੈ ਕਿ ਉਹ ਲਗਭਗ ਹਰ ਤਰ੍ਹਾਂ ਦਾ ਰੋਲ ਅਦਾ ਕਰ ਚੁੱਕਾ ਹੈ ਤੇ ਹੁਣ ਕੋਈ ਖ਼ਾਸ ਇੱਛਾ ਬਾਕੀ ਨਹੀਂ ਹੈ। ‘ਨੁੱਕੜ’ ਦਾ ਅਦਾਕਾਰ ਬਸ ਇਹੀ ਚਾਹੁੰਦਾ ਹੈ ਕਿ ਸਫ਼ਰ ਜਾਰੀ ਰਹੇ ਤੇ ਜਲਦੀ ਹੀ ਉਹ ਟੀਵੀਐੱਫ ਦੇ ਸ਼ੋਅ ‘ਕੋਰਟ ਕਚਿਹਰੀ’ ਵਿੱਚ ਨਜ਼ਰ ਆਵੇਗਾ। ਪਵਨ ਵਿਆਪਕ ਦ੍ਰਿਸ਼ਟੀਕੋਣ ਰੱਖਦਾ ਹੈ। ਉਹ ਉੱਭਰਦੇ ਹੋਏ ਕਲਾਕਾਰਾਂ ਨੂੰ ਹਮੇਸ਼ਾ ਕਹਿੰਦਾ ਹੈ, ‘‘ਚਿੱਤਰਹਾਰ ਵਿੱਚ ਹੀ ਨਾ ਅਟਕੇ ਰਹੋ... ‘ਮੇਰਾ ਕੀ ਸੀਨ ਹੈ’, ਇਸ ਵਿਚਾਰ ਨੂੰ ਅੜਿੱਕਾ ਨਾ ਬਣਨ ਦਿਓ... ਸੀਨ ਤੋਂ ਹਟ ਕੇ ਫਿਲਮ ਨੂੰ ਸੰਪੂਰਨ ਰੂਪ ’ਚ ਦੇਖੋ ਕਿਉਂਕਿ ਜੇ ਇਹ ਫਿਲਮ ਚੱਲੇਗੀ ਤਾਂ ਤੁਸੀਂ ਵੀ ਚੱਲੋਗੇ।’’
‘‘ਤੁਸੀਂ ਕਿਸ ਚੀਜ਼ ਦਾ ਹਿੱਸਾ ਹੋ, ਇਹ ਬਹੁਤ ਮਹੱਤਵਪੂਰਨ ਹੈ, ਪਰ ਇੱਕ ਅਦਾਕਾਰ ਵਜੋਂ ਮੈਂ ਹਰ ਵਿਧਾ ਦਾ ਰੋਲ ਕਰਨਾ ਚਾਹਾਂਗਾ। ਇਹ ਜ਼ਿੰਦਗੀ ਹੈ ਤੇ ਹਰ ਤਰ੍ਹਾਂ ਦੇ ਲੋਕ ਇਸ ’ਚ ਹਨ। ਜਿਹੜੀ ਚੀਜ਼ ਇੱਕ ਬੰਦੇ ਨੂੰ ਚੰਗੀ ਲੱਗਦੀ ਹੈ, ਉਹ ਦੂਜੇ ਲਈ ਜ਼ਹਿਰ ਹੋ ਸਕਦੀ ਹੈ। ਇਹ ਸਾਰੀ ਦ੍ਰਿਸ਼ਟੀਕੋਣ ਦੀ ਗੱਲ ਹੈ, ਪਰ ਤੁਹਾਨੂੰ ਇਹ ਸਮਝਣਾ ਪਏਗਾ ਕਿ ਕਹਾਣੀ ਕੀ ਕਹਿਣ ਦੀ ਕੋਸ਼ਿਸ਼ ਕਰ ਰਹੀ ਹੈ। ਲਾਇਬ੍ਰੇਰੀ ’ਚ ਕਿਤਾਬਾਂ ਦੇਖ-ਦੇਖ ਕੇ ਕੋਈ ਅਭਿਨੇਤਾ ਨਹੀਂ ਬਣਦਾ। ਜੀਵਨ ਇੱਕ ਵਗਦਾ ਹੋਇਆ ਪਾਣੀ ਹੈ, ਦਰਅਸਲ ਜ਼ਮੀਨ ਨਾਲ ਜੁੜਿਆ ਬੰਦਾ ਨਿੱਤ ਨਵਾਂ ਸਬਕ ਸਿੱਖਦਾ ਹੈ।’’

Advertisement

Advertisement
Advertisement
Author Image

sukhwinder singh

View all posts

Advertisement