ਸ਼ਹੀਦ ਸੁਖਦੇਵ ਦੇ ਘਰ ਨੂੰ ਸਿੱਧਾ ਰਸਤਾ ਦੇਣ ਦਾ ਰਾਹ ਪੱਧਰਾ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 10 ਜੂਨ
ਸ਼ਹੀਦ ਸੁਖਦੇਵ ਥਾਪਰ ਦੇ ਨੌਘਰਾਂ ਸਥਿਤ ਜਨਮ ਸਥਾਨ ਨੂੰ ਚੌੜਾ ਬਾਜ਼ਾਰ ਪੀਐੱਨਬੀ ਬੈਂਕ ਵਾਲੀ ਗਲੀ ਤੋਂ ਸਿੱਧਾ ਰਸਤਾ ਦੇਣ ’ਚ ਅੜਿੱਕਾ ਬਣ ਰਹੀ ਪਟੀਸ਼ਨ ਖਾਰਜ ਹੋ ਗਈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸ਼ਹੀਦ ਥਾਪਰ ਦੇ ਘਰ ਨੇੜੇ ਰਹਿੰਦੇ ਇਕ ਵਿਅਕਤੀ ਨੇ ਜਨਮ ਸਥਾਨ ਨੂੰ ਸਿੱਧਾ ਰਸਤਾ ਦੇਣ ਲਈ ਜ਼ਮੀਨ ਐਕੁਆਇਰ ਕਰਨ ਦੀ ਕਾਰਵਾਈ ਨੂੰ ਰੱਦ ਕਰਵਾਉਣ ਲਈ ਪਿਛਲੇਂ ਸਮੇਂ ਦੌਰਾਨ ਪਟੀਸ਼ਨ ਪਾਈ ਗਈ ਸੀ। ਪਟੀਸ਼ਨ ਖਾਰਜ ਹੋਣ ਨਾਲ ਸ਼ਹੀਦ ਦੇ ਜਨਮ ਸਥਾਨ ਨੂੰ ਸਿੱਧਾ ਰਸਤਾ ਮਿਲਣ ਦਾ ਰਸਤਾ ਸਾਫ਼ ਹੋ ਗਿਆ ਹੈ।
ਸ਼ਹੀਦ ਸੁਖਦੇਵ ਥਾਪਰ ਦੇ ਵਾਰਸ ਅਤੇ ਸ਼ਹੀਦ ਸੁਖਦੇਵ ਥਾਪਰ ਮੈਮੋਰੀਅਲ ਟਰੱਸਟ ਦੇ ਕੌਮੀ ਪ੍ਰਧਾਨ ਅਸ਼ੋਕ ਥਾਪਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖ ਕੇ ਪਟੀਸ਼ਨ ਖਾਰਜ ਹੋਣ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਸ਼ਹੀਦ ਦੇ ਜਨਮ ਸਥਾਨ ਨੂੰ ਚੌੜਾ ਬਾਜ਼ਾਰ ਤੋਂ ਸਿੱਧਾ ਰਸਤਾ ਦੇਣ ਲਈ ਨਿਯੁਕਤ ਐੱਸਡੀਐੱਮ ਪੂਰਬੀ ਨੂੰ ਜਲਦੀ ਜ਼ਮੀਨ ਐਕੁਆਇਰ ਕਰਨ ਦੇ ਹੁਕਮ ਜਾਰੀ ਕੀਤੇ ਜਾਣ।
ਉਧਰ, ਉਨ੍ਹਾਂ ਨੇ ਡਿਪਟੀ ਕਮਿਸ਼ਨਰ ਲੁਧਿਆਣਾ ਦੇ ਧਿਆਨ ’ਚ ਵੀ ਇਹ ਮਾਮਲਾ ਲਿਆਉਂਦਾ ਹੈ ਤਾਂ ਕਿ ਜ਼ਮੀਨ ਐਕੁਆਇਰ ਦੀ ਕਾਰਵਾਈ ਸ਼ੁਰੂ ਹੋ ਸਕੇ। ਅਸ਼ੋਕ ਥਾਪਰ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ 15 ਦਿਨਾਂ ’ਚ ਜਨਮ ਸਥਾਨ ਨੂੰ ਸਿੱਧਾ ਰਸਤਾ ਦੇਣ ਲਈ ਜ਼ਮੀਨ ਐਕੁਆਇਰ ਦੀ ਕਾਰਵਾਈ ਸ਼ੁਰੂ ਨਾ ਹੋਈ ਤਾਂ ਟਰੱਸਟ ਦੇਸ਼ ਭਗਤ ਜਥੇਬੰਦੀਆਂ ਨੂੰ ਨਾਲ ਲੈ ਕੇ ਭੁੱਖ ਹੜਤਾਲ ਸ਼ੁਰੂ ਕਰੇਗਾ।
ਹੁਣ ਇਸ ਕੰਮ ’ਚ ਹੋਰ ਦੇਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਸੀਨੀਅਰ ਵਕੀਲ ਵੀਰੇਨ ਜੈਨ ਨੇ ਸ਼ਹੀਦ ਸੁਖਦੇਵ ਥਾਪਰ ਮੈਮੋਰੀਅਲ ਟਰੱਸਟ ਦਾ ਪੱਖ ਮਜ਼ਬੂਤੀ ਨਾਲ ਰੱਖਿਆ, ਜਿਸ ਮਗਰੋਂ ਅਦਾਲਤ ਨੇ ਜ਼ਮੀਨ ਐਕੁਆਇਰ ਕਰਨ ’ਤੇ ਰੋਕ ਲਾਉਣ ਲਈ ਪਾਈ ਪਟੀਸ਼ਨ ਨੂੰ ਖਾਰਜ ਕਰ ਦਿੱਤਾ।