ਮਹਾਰਾਸ਼ਟਰ ਵਿੱਚ ਭਾਜਪਾ ਦਾ ਮੁੱਖ ਮੰਤਰੀ ਬਣਨ ਲਈ ਰਾਹ ਪੱਧਰਾ
* ਸ਼ਿੰਦੇ ਨੇ ਭਾਜਪਾ ਲੀਡਰਸ਼ਿਪ ਦੇ ਹਰ ਫ਼ੈਸਲੇ ਦੇ ਸਮਰਥਨ ਦਾ ਦਿੱਤਾ ਭਰੋਸਾ
* ਮੁੜ ਮੁੱਖ ਮੰਤਰੀ ਨਾ ਬਣਾਏ ਜਾਣ ਤੋਂ ਨਿਰਾਸ਼ ਹੋਣ ਦਾ ਦਾਅਵਾ ਰੱਦ
ਮੁੰਬਈ, 27 ਨਵੰਬਰ
ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ’ਚ ਹੁਣ ਤੱਕ ਦੇ ਬਿਹਤਰੀਨ ਪ੍ਰਦਰਸ਼ਨ ਮਗਰੋਂ ਭਾਜਪਾ ਨੂੰ ਰਾਹਤ ਦਿੰਦਿਆਂ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਅੱਜ ਆਪਣੇ ਹਥਿਆਰ ਸੁੱਟ ਦਿੱਤੇ ਹਨ। ਸ਼ਿੰਦੇ ਨੇ ਕਿਹਾ ਕਿ ਆਪਣੇ ਉਤਰਾਧਿਕਾਰੀ ਦੇ ਨਾਂ ’ਤੇ ਕੇਂਦਰ ਵਿੱਚ ਸੱਤਾਧਾਰੀ ਪਾਰਟੀ ਜੋ ਵੀ ਫੈਸਲਾ ਲਵੇਗੀ, ਉਨ੍ਹਾਂ ਨੂੰ ਮਨਜ਼ੂਰ ਹੋਵੇਗਾ। ਸ਼ਿਵ ਸੈਨਾ ਮੁਖੀ ਸ਼ਿੰਦੇ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭਰੋਸਾ ਦਿੱਤਾ ਹੈ ਕਿ ਉਹ ਸੂਬੇ ਦੇ ਨਵੇਂ ਮੁੱਖ ਮੰਤਰੀ ਦੀ ਨਿਯੁਕਤੀ ਵਿੱਚ ਭਾਜਪਾ ਦੀ ਹਾਈਕਮਾਂਡ ਦੇ ਹਰ ਫੈਸਲੇ ਦਾ ਸਮਰਥਨ ਕਰਨਗੇ ਅਤੇ ਇਸ ਪ੍ਰਕਿਰਿਆ ਵਿੱਚ ਕੋਈ ਅੜਿੱਕਾ ਨਹੀਂ ਪਵੇਗਾ। ਇਸ ਦੇ ਨਾਲ ਹੀ ਮਹਾਰਾਸ਼ਟਰ ਵਿੱਚ ਭਾਜਪਾ ਦਾ ਮੁੱਖ ਮੰਤਰੀ ਬਣਨ ਦਾ ਰਸਤਾ ਲਗਪਗ ਸਾਫ਼ ਹੋ ਗਿਆ ਹੈ।
ਠਾਣੇ ਸਥਿਤ ਆਪਣੀ ਰਿਹਾਇਸ਼ ’ਤੇ ਇੱਕ ਪ੍ਰੈੱਸ ਕਾਨਫਰੰਸ ਵਿੱਚ ਉਨ੍ਹਾਂ ਕਿਹਾ, “ਮੈਂ ਕੱਲ੍ਹ ਪ੍ਰਧਾਨ ਮੰਤਰੀ ਅਤੇ ਅਮਿਤ ਸ਼ਾਹ ਨੂੰ ਫੋਨ ਕਰ ਕੇ ਭਰੋਸਾ ਦਿੱਤਾ ਸੀ ਕਿ ਮੈਂ ਸਰਕਾਰ ਬਣਾਉਣ ਦੇ ਰਾਹ ਵਿੱਚ ਕੋਈ ਅੜਿੱਕਾ ਨਹੀਂ ਬਣਾਂਗਾ। ਉਹ ਜੋ ਵੀ ਫ਼ੈਸਲਾ ਲੈਣਗੇ, ਉਸ ਦਾ ਪਾਲਣ ਕਰਾਂਗਾ। ਅਸੀਂ ਵਿਚਾਰ-ਚਰਚਾ ਕਰਨ ਲਈ ਭਲਕੇ ਮੀਟਿੰਗ ਕਰ ਰਹੇ ਹਾਂ।’’ ਸ਼ਿੰਦੇ ਨੇ ਉਨ੍ਹਾਂ ਖ਼ਬਰਾਂ ਨੂੰ ਖਾਰਜ ਕਰ ਦਿੱਤਾ ਕਿ ਮੁੜ ਮੁੱਖ ਮੰਤਰੀ ਨਾ ਬਣਾਏ ਜਾਣ ਤੋਂ ਉਹ ਨਿਰਾਸ਼ ਹਨ। -ਪੀਟੀਆਈ
ਭਾਜਪਾ ਲੀਡਰਸ਼ਿਪ ਨੇ ਅਹੁਦਾ ਛੱਡਣ ਲਈ ਸ਼ਿੰਦੇ ’ਤੇ ਦਬਾਅ ਪਾਇਆ: ਪਟੋਲੇ
ਮੁੰਬਈ:
ਕਾਂਗਰਸ ਦੀ ਮਹਾਰਾਸ਼ਟਰ ਇਕਾਈ ਦੇ ਪ੍ਰਧਾਨ ਨਾਨਾ ਪਟੋਲੇ ਨੇ ਅੱਜ ਦੋਸ਼ ਲਾਇਆ ਕਿ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਵੱਲੋਂ ਏਕਨਾਥ ਸ਼ਿੰਦੇ ’ਤੇ ਮੁੱਖ ਮੰਤਰੀ ਅਹੁਦੇ ਦਾ ਦਾਅਵਾ ਛੱਡਣ ਲਈ ਦਬਾਅ ਬਣਾਇਆ ਗਿਆ ਹੈ। ਪਟੋਲੇ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਮਹਾਯੁਤੀ ਗੱਠਜੋੜ ਨੂੰ ਭਾਰੀ ਫਤਵਾ ਮਿਲਣ ਦੇ ਬਾਵਜੂਦ ਅਗਲੀ ਸਰਕਾਰ ਬਣਾਉਣ ’ਚ ਇੰਨਾ ਸਮਾਂ ਲਏ ਜਾਣ ਕਾਰਨ ਸ਼ੱਕ ਪੈਦਾ ਹੁੰਦਾ ਹੈ। ਭਾਜਪਾ ਨੇਤਾ ਦੇਵੇਂਦਰ ਫੜਨਵੀਸ ਵੱਲ ਇਸ਼ਾਰਾ ਕਰਦਿਆਂ ਕਾਂਗਰਸ ਆਗੂ ਨੇ ਕਿਹਾ ਕਿ ਇਹ ਦੇਖਣਾ ਹੋਵੇਗਾ ਕਿ ਕੀ ਅਗਲਾ ਮੁੱਖ ਮੰਤਰੀ ਉਹੀ ਹੈ ਜਿਸ ਦੇ ਨਾਂ ’ਤੇ ਚਰਚਾ ਹੋ ਰਹੀ ਹੈ। ਪਟੋਲੇ ਨੇ ਕਿਹਾ, ‘ਅਚਾਨਕ ਨਵਾਂ ਚਿਹਰਾ ਲਿਆਉਣਾ ਭਾਜਪਾ ਦੀ ਰਵਾਇਤ ਰਹੀ ਹੈ।’’ ਸੀਨੀਅਰ ਕਾਂਗਰਸੀ ਆਗੂ ਬਾਲਾਸਾਹਿਬ ਥੋਰਾਟ ਨੇ ਕਿਹਾ ਕਿ ਸ਼ਿੰਦੇ ਅਣਕਿਆਸਾ ਫਤਵਾ ਮਿਲਣ ਕਾਰਨ ਉਲਝਣ ਵਿੱਚ ਹਨ। -ਪੀਟੀਆਈ