For the best experience, open
https://m.punjabitribuneonline.com
on your mobile browser.
Advertisement

ਬੇਅਦਬੀ ਮਾਮਲਿਆਂ ’ਚ ਡੇਰਾ ਮੁਖੀ ਖ਼ਿਲਾਫ਼ ਮੁਕੱਦਮਾ ਚਲਾਉਣ ਲਈ ਰਾਹ ਪੱਧਰਾ

08:08 AM Oct 19, 2024 IST
ਬੇਅਦਬੀ ਮਾਮਲਿਆਂ ’ਚ ਡੇਰਾ ਮੁਖੀ ਖ਼ਿਲਾਫ਼ ਮੁਕੱਦਮਾ ਚਲਾਉਣ ਲਈ ਰਾਹ ਪੱਧਰਾ
Advertisement

ਨਵੀਂ ਦਿੱਲੀ, 18 ਅਕਤੂਬਰ
ਸੁਪਰੀਮ ਕੋਰਟ ਨੇ 2015 ਵਿਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਸਬੰਧਤ ਕੇਸਾਂ ਵਿਚ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਖਿਲਾਫ਼ ਮੁਕੱਦਮੇ ਦੀ ਕਾਰਵਾਈ ਲਈ ਰਾਹ ਪੱਧਰਾ ਕਰ ਦਿੱਤਾ ਹੈ। ਜਸਟਿਸ ਬੀਆਰ ਗਵਈ ਤੇ ਜਸਟਿਸ ਕੇਵੀ ਵਿਸ਼ਵਨਾਥਨ ਦੇ ਬੈਂਚ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਹੇਠਲੀ ਅਦਾਲਤ ਵਿਚ ਮੁਕੱਦਮਾ ਚਲਾਉਣ ’ਤੇ ਲਾਈ ਰੋਕ ਹਟਾਉਂਦਿਆਂ ਰਾਮ ਰਹੀਮ ਨੂੰ ਜਵਾਬ ਦਾਖਲ ਕਰਨ ਦੀ ਹਦਾਇਤ ਕੀਤੀ ਹੈ। ਸੁਪਰੀਮ ਕੋਰਟ ਨੇ ਉਪਰੋਕਤ ਹੁਕਮ ਪੰਜਾਬ ਸਰਕਾਰ ਵੱਲੋਂ ਦਾਇਰ ਪਟੀਸ਼ਨ ’ਤੇ ਕੀਤੇ ਹਨ। ਇਸ ਮਾਮਲੇ ’ਤੇ ਅਗਲੀ ਸੁਣਵਾਈ ਚਾਰ ਹਫ਼ਤਿਆਂ ਬਾਅਦ ਹੋਵੇਗੀ।
ਪੰਜਾਬ ਸਰਕਾਰ ਵੱਲੋਂ ਪੇਸ਼ ਐਡਵੋਕੇਟ ਜਨਰਲ ਗੁਰਮਿੰਦਰ ਸਿੰਘ ਨੇ ਹਾਈ ਕੋਰਟ ਦੇ ਉਨ੍ਹਾਂ ਹੁਕਮਾਂ ’ਤੇ ਰੋਕ ਲਾਉਣ ਦੀ ਮੰਗ ਕੀਤੀ ਸੀ, ਜਿਸ ਵਿਚ ਫ਼ਰੀਦਕੋਟ ਦੇ ਬਾਜਾਖ਼ਾਨਾ ਪੁਲੀਸ ਥਾਣੇ ਵਿਚ ਦਰਜ ਤਿੰਨ ਕੇਸਾਂ ਵਿਚ ਕਾਰਵਾਈ ਉੱਤੇ ਰੋਕ ਲਾ ਦਿੱਤੀ ਗਈ ਸੀ। ਇਸ ਤੋਂ ਪਹਿਲਾਂ ਕੋਰਟ ਨੇ ਫਰਵਰੀ 2023 ਵਿਚ ਇਨ੍ਹਾਂ ਕੇਸਾਂ ਵਿਚ ਰਾਮ ਰਹੀਮ ਤੇ ਉਸ ਦੇ ਪੈਰੋਕਾਰਾਂ ਖਿਲਾਫ਼ ਮੁਕੱਦਮੇ ਦੀ ਕਾਰਵਾਈ ਨੂੰ ਫ਼ਰੀਦਕੋਟ ਦੀ ਕੋਰਟ ਤੋਂ ਚੰਡੀਗੜ੍ਹ ਤਬਦੀਲ ਕਰ ਦਿੱਤਾ ਸੀ। ਉਧਰ ਰਾਮ ਰਹੀਮ ਨੇ ਵੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਰੁਖ਼ ਕਰਦੇ ਹੋਏ ਸੀਬੀਆਈ ਤੋਂ ਕੇਸ ਵਾਪਸ ਲੈਣ ਦੇ ਸੂਬਾ ਸਰਕਾਰ ਦੇ ਸਤੰਬਰ 2018 ਦੇ ਨੋਟੀਫਿਕੇਸ਼ਨ ਦੀ ਵੈਧਤਾ ਨੂੰ ਚੁਣੌਤੀ ਦਿੰਦੇ ਹੋਏ ਕੇਂਦਰੀ ਜਾਂਚ ਏਜੰਸੀ ਨੂੰ ਮਾਮਲੇ ਦੀ ਪੜਤਾਲ ਸਬੰਧੀ ਹਦਾਇਤਾਂ ਜਾਰੀ ਕਰਨ ਦੀ ਮੰਗ ਕੀਤੀ ਸੀ। ਹਾਈ ਕੋਰਟ ਨੇ ਫੈਸਲੇ ਲਈ ਇਸ ਸਾਲ 11 ਮਾਰਚ ਨੂੰ ਕਈ ਸਵਾਲ ਵਡੇਰੇ ਬੈਂਚ ਹਵਾਲੇ ਕਰਦਿਆਂ ਕਿਹਾ ਸੀ, ‘‘ਕਿਉਂਕਿ ਇਨ੍ਹਾਂ ਮਸਲਿਆਂ ਨੂੰ ਵੱਡੇ ਬੈਂਚ ਦੇ ਵਿਚਾਰ ਲਈ ਭੇਜਿਆ ਜਾ ਰਿਹਾ ਹੈ, ਇਸ ਲਈ ਨਿਆਂ ਨੂੰ ਸੰਤੁਲਿਤ ਕਰਨ ਲਈ ਇੱਕ ਅੰਤਰਿਮ ਨਿਰਦੇਸ਼ ਜਾਰੀ ਕਰਨਾ ਵਾਜਬ ਸਮਝਿਆ ਜਾਂਦਾ ਹੈ। ਇਸ ਲਈ ਉਪਰੋਕਤ ਬੇਅਦਬੀ ਦੇ ਕੇਸਾਂ ਵਿੱਚ ਪਟੀਸ਼ਨਰ (ਗੁਰਮੀਤ ਰਾਮ ਰਹੀਮ ਸਿੰਘ) ਵਿਰੁੱਧ ਹੇਠਲੀ ਅਦਾਲਤ ਵਿੱਚ ਅਗਲੇਰੀ ਕਾਰਵਾਈ ਅਗਲੇ ਹੁਕਮਾਂ ਤੱਕ ਰੁਕੀ ਰਹੇਗੀ।’’ ਹਾਈ ਕੋਰਟ ਨੇ ਇਹ ਮਾਮਲਾ ਵਡੇਰੇ ਬੈਂਚ ਦੇ ਹਵਾਲੇ ਕਰ ਦਿੱਤਾ ਸੀ ਤਾਂ ਕਿ ਇਹ ਫੈਸਲਾ ਕੀਤਾ ਜਾ ਸਕੇ ਕਿ ਸੂਬਾ ਸਰਕਾਰ ਵੱਲੋਂ ਸੀਬੀਆਈ ਜਾਂਚ ਲਈ ਦਿੱਤੀ ਸਹਿਮਤੀ ਨੂੰ ਬਾਅਦ ਵਿਚ ਵਾਪਸ ਲਿਆ ਜਾ ਸਕਦਾ ਹੈ ਜਾਂ ਨਹੀਂ।’’ -ਪੀਟੀਆਈ

Advertisement

ਬੁਰਜ ਜਵਾਹਰ ਸਿੰਘ ਵਾਲਾ ਤੇ ਬਰਗਾੜੀ ’ਚ ਹੋਈ  ਬੇਅਦਬੀ ਦਾ ਪਿਛੋਕੜ

ਫਰੀਦਕੋਟ(ਜਸਵੰਤ ਜੱਸ): ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿੱਚ 1 ਜੂਨ 2015 ਨੂੰ ਕੁਝ ਅਣਪਛਾਤਿਆਂ ਨੇ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਗੁਰੂ ਗ੍ਰੰਥ ਸਾਹਿਬ ਨੂੰ ਚੋਰੀ ਕਰ ਲਿਆ। ਉਪਰੰਤ 24 ਸਤੰਬਰ ਨੂੰ ਚੋਰੀ ਕੀਤੀ ਗਈ ਗੁਰੂ ਗ੍ਰੰਥ ਸਾਹਿਬ ਦੀ ਬੀੜ ਦੇ ਅੰਗ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਅਤੇ ਬਰਗਾੜੀ ਦੀਆਂ ਗਲੀਆਂ ਵਿੱਚ ਖਿਲਾਰੇ ਗਏ। ਇਸ ਤੋਂ ਬਾਅਦ 12 ਅਕਤੂਬਰ ਨੂੰ ਬੁਰਜ ਜਵਾਹਰ ਸਿੰਘ ਵਾਲਾ ਅਤੇ ਬਰਗਾੜੀ ਪਿੰਡ ਦੇ ਗੁਰਦੁਆਰਾ ਸਾਹਿਬ ਨਜ਼ਦੀਕ ਇਤਰਾਜ਼ਯੋਗ ਪੋਸਟਰ ਲਾਏ ਗਏ। ਪੁਲੀਸ ਨੇ ਇਸ ਮਾਮਲੇ ਵਿੱਚ ਬੇਅਦਬੀ ਦੇ ਇਲਜ਼ਾਮ ਤਹਿਤ ਤਿੰਨ ਪਰਚੇ ਦਰਜ ਕੀਤੇ, ਜਿਸ ਵਿੱਚ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਮੇਤ ਸੱਤ ਡੇਰਾ ਪ੍ਰੇਮੀਆਂ ਨੂੰ ਮੁਲਜ਼ਮ ਬਣਾਇਆ ਗਿਆ। ਵਿਸ਼ੇਸ਼ ਜਾਂਚ ਟੀਮ ਦੇ ਦਾਅਵਿਆਂ ਅਨੁਸਾਰ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੋਰੀ ਕਰਨ, ਬੀੜ ਦੇ ਅੰਗ ਗਲੀਆਂ ਵਿੱਚ ਖਿਲਾਰਨ ਅਤੇ ਇਤਰਾਜ਼ਯੋਗ ਪੋਸਟਰ ਲਾਉਣ ਦੀ ਸਾਜ਼ਿਸ਼ ਡੇਰਾ ਸੱਚਾ ਸੌਦਾ ਦੇ ਪ੍ਰੇਮੀਆਂ ਵੱਲੋਂ ਸਿਰਸੇ ਦੇ ਡੇਰੇ ਵਿੱਚ ਰਚੀ ਗਈ ਸੀ। ਇਸ ਕਾਂਡ ਵਿੱਚ ਨਾਮਜ਼ਦ ਹੁਣ ਤੱਕ ਤਿੰਨ ਡੇਰਾ ਪ੍ਰੇਮੀਆਂ ਦਾ ਕਤਲ ਹੋ ਚੁੱਕਾ ਹੈ। ਇਸੇ ਨੂੰ ਮੁੱਦਾ ਬਣਾ ਕੇ ਡੇਰਾ ਪ੍ਰੇਮੀਆਂ ਨੇ ਸੁਪਰੀਮ ਕੋਰਟ ਵਿੱਚ ਕੇਸ ਦਾਇਰ ਕਰਕੇ ਤਿੰਨੇ ਮੁਕੱਦਮੇ ਫ਼ਰੀਦਕੋਟ ਤੋਂ ਚੰਡੀਗੜ੍ਹ ਤਬਦੀਲ ਕਰਵਾ ਲਏ ਸਨ। ਮਾਮਲੇ ਤਬਦੀਲ ਹੋਣ ਤੋਂ ਬਾਅਦ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਨ੍ਹਾਂ ਮੁਕੱਦਮਿਆਂ ਦੀ ਸੁਣਵਾਈ ਉੱਪਰ ਰੋਕ ਲਾ ਦਿੱਤੀ, ਜਿਸ ਨੂੰ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਸੀ। ਹੁਣ ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਮੁਕੱਦਮਿਆਂ ਦੀ ਸੁਣਵਾਈ ਉੱਪਰ ਰੋਕ ਲਾਉਣ ਵਾਲੇ ਫੈਸਲੇ ਨੂੰ ਰੱਦ ਕਰ ਦਿੱਤਾ ਹੈ, ਜਿਸ ਨਾਲ ਡੇਰਾ ਪ੍ਰੇਮੀਆਂ ਖਿਲਾਫ ਚੰਡੀਗੜ੍ਹ ਦੀ ਅਦਾਲਤ ਵਿੱਚ ਦੁਬਾਰਾ ਸੁਣਵਾਈ ਸ਼ੁਰੂ ਹੋਣ ਦੀ ਆਸ ਬੱਝੀ ਹੈ। ਸੁਨਾਰੀਆ ਜੇਲ੍ਹ ਵਿੱਚ ਵਿਸ਼ੇਸ਼ ਜਾਂਚ ਟੀਮ ਵੱਲੋਂ ਕੀਤੇ ਸਵਾਲਾਂ ਦੌਰਾਨ ਡੇਰਾ ਮੁਖੀ ਨੇ ਬੇਅਦਬੀ ਕਾਂਡ ਵਿੱਚ ਆਪਣੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਸੀ।

Advertisement

Advertisement
Author Image

sukhwinder singh

View all posts

Advertisement