ਪੀਏਯੂ ਦੀ ਅਥਲੈਟਿਕ ਮੀਟ ਜੋਸ਼ੋ-ਖਰੋਸ਼ ਨਾਲ ਸ਼ੁਰੂ
ਖੇਤਰੀ ਪ੍ਰਤੀਨਿਧ
ਲੁਧਿਆਣਾ, 12 ਮਾਰਚ
ਪੀਏਯੂ ਦੇ ਖੇਡ ਸਟੇਡੀਅਮ ਵਿੱਚ ਡਾਇਰੈਕਟੋਰੇਟ ਪਸਾਰ ਸਿੱਖਿਆ ਦੀ ਨਿਗਰਾਨੀ ਹੇਠ ਹੋਈ 58ਵੀਂ ਸਾਲਾਨਾ ਐਥਲੈਟਿਕ ਮੀਟ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪਹੁੰਚੀ ਓਲੰਪੀਅਨ ਅਵਨੀਤ ਕੌਰ ਸਿੱਧੂ ਨੇ ਕੀਤਾ। ਸਮਾਗਮ ਦੀ ਪ੍ਰਧਾਨਗੀ ਪੀਏਯੂ ਦੇ ਰਜਿਸਟਰਾਰ ਡਾ. ਰਿਸ਼ੀਪਾਲ ਸਿੰਘ ਨੇ ਕੀਤੀ। ਸਵਾਗਤੀ ਸ਼ਬਦ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਨੇ ਆਖਦਿਆਂ ਕਿਹਾ ਕਿ ਅਵਨੀਤ ਕੌਰ ਸਿੱਧੂ ਨੇ ਪੀਏਯੂ ਵਿੱਚ ਦਾਖਲਾ ਹਾਸਲ ਕਰ ਲਿਆ ਸੀ। ਜੇਕਰ ਉਹ ਇੱਥੇ ਪੜ੍ਹਨ ਲਈ ਆ ਜਾਂਦੇ ਤਾਂ ਖੇਡਾਂ ਨਾਲ ਸੰਬੰਧਤ ਪੀਏਯੂ ਦਾ ਇਤਿਹਾਸ ਯਕੀਨਨ ਹੋਰ ਅਮੀਰ ਹੁੰਦਾ। ਧੰਨਵਾਦ ਦੇ ਸ਼ਬਦ ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਮਾਨਵਇੰਦਰਾ ਸਿੰਘ ਗਿੱਲ ਨੇ ਕਹੇ। ਸਮਾਗਮ ਦਾ ਸੰਚਾਲਨ ਡਾ. ਆਸ਼ੂ ਤੂਰ ਨੇ ਕੀਤਾ। ਇਨ੍ਹਾਂ ਖੇਡਾਂ ਦੌਰਾਨ ਮਰਦਾਂ ਦੀ 5000 ਮੀਟਰ ਦੌੜ ਖੇਤੀਬਾੜੀ ਕਾਲਜ ਦੇ ਪ੍ਰਿਯਾਸ਼ੂੰ ਕੰਬੋਜ ਨੇ ਜਿੱਤੀ। ਮਰਦਾਂ ਦੀ 110 ਮੀਟਰ ਅੜਿੱਕਾ ਦੌੜ ਖੇਤੀ ਇੰਜਨੀਅਰਿੰਗ ਕਾਲਜ ਦੇ ਗੁਰਮਨਜੋਤ ਸਿੰਘ ਨੇ, ਤੀਹਰੀ ਛਾਲ ਵਿੱਚ ਖੇਤੀ ਇੰਜਨੀਅਰਿੰਗ ਕਾਲਜ ਦੇ ਗੁਰਮਨਜੋਤ ਸਿੰਘ ਨੇ, 400 ਮੀਟਰ ਅੜਿੱਕਾ ਦੌੜ ਵਿਚ ਖੇਤੀਬਾੜੀ ਕਾਲਜ ਦੇ ਵਿਦਿਆਰਥੀ ਅਵਿਕਾਸ਼ ਸਿੰਘ ਨੇ, ਨੇਜ਼ਾ ਸੁੱਟਣ ਦੇ ਮੁਕਾਬਲੇ ਵਿਚ ਖੇਤੀਬਾੜੀ ਕਾਲਜ ਦੇ ਅਨਮੋਲ ਬਿਸ਼ਨੋਈ, ਸ਼ਾਟਪੁੱਟ ਦੇ ਮੁਕਾਬਲਿਆਂ ਵਿਚ ਖੇਤੀਬਾੜੀ ਕਾਲਜ ਦੇ ਰਵਿੰਦਰਰਾਜ ਸਿੰਘ ਬਰਾੜ, ਉੱਚੀ ਛਾਲ ਦੇ ਮੁਕਾਬਲੇ ਵਿਚ ਇੰਜਨੀਅਰਿੰਗ ਕਾਲਜ ਦੇ ਖੁਸ਼ਕਰਨ ਸਿੰਘ, 100 ਮੀਟਰ ਫਰਾਟਾ ਦੌੜ ਖੇਤੀਬਾੜੀ ਕਾਲਜ ਦੇ ਅਵਿਕਾਸ਼ ਸਿੰਘ ਨੇ, 1500 ਮੀਟਰ ਦੌੜ ਵਿਚ ਪ੍ਰਿਯਾਂਸ਼ੂ ਕੰਬੋਜ ਨੇ ਪਹਿਲੀਆਂ ਪੁਜੀਸ਼ਨਾਂ ਹਾਸਲ ਕੀਤੀਆਂ। ਔਰਤਾਂ ਦੇ ਵਰਗ ਵਿੱਚ ਨੇਜ਼ਾ ਸੁੱਟਣ ਦਾ ਮੁਕਾਬਲਾ ਖੇਤੀਬਾੜੀ ਕਾਲਜ ਦੀ ਅਰੁਨਦੀਪ ਕੌਰ ਨੇ , 1500 ਮੀਟਰ ਦੌੜ ਵਿਚ ਅਰੁਨਦੀਪ ਕੌਰ ਖੇਤੀਬਾੜੀ ਕਾਲਜ, ਉੱਚੀ ਛਾਲ ਦੇ ਮੁਕਾਬਲੇ ਵਿਚ ਬਾਗਬਾਨੀ ਕਾਲਜ ਦੀ ਗੁਰਪ੍ਰੀਤ ਕੌਰ, ਡਿਸਕਸ ਸੁੱਟਣ ਦਿਵਨੂਰ ਕੌਰ, 800 ਮੀਟਰ ਦੌੜ ਵਿਚ ਖੇਤੀਬਾੜੀ ਕਾਲਜ ਦੀ ਵਿਦਿਆਰਥਣ ਰੀਆ ਨੇ ਪਹਿਲੇ ਸਥਾਨ ਪ੍ਰਾਪਤ ਕੀਤੇ।