ਪੀਏਯੂ ਯੁਵਕ ਮੇਲਾ: ਨਾਟ ਵੰਨਗੀਆਂ ਦੀ ਪੇਸ਼ਕਾਰੀ ਨੇ ਦਰਸ਼ਕ ਕੀਲੇ
ਸਤਵਿੰਦਰ ਬਸਰਾ
ਲੁਧਿਆਣਾ, 21 ਨਵੰਬਰ
ਪੀਏਯੂ ਵਿੱਚ ਜਾਰੀ ਯੁਵਕ ਮੇਲੇ ਦੇ ਆਖਰੀ ਦਿਨ ਸਵੇਰ ਦੇ ਸੈਸ਼ਨ ਵਿੱਚ ਵਿਸ਼ੇਸ਼ ਸਮਾਰੋਹ ਕਰਵਾਇਆ ਗਿਆ ਜਿਸ ਵਿੱਚ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡਣ ਦੇ ਨਾਲ ਨਾਲ ਲੋਕ ਨਾਚਾਂ ਅਤੇ ਗੀਤਾਂ ਦੀਆਂ ਬਿਹਤਰੀਨ ਪੇਸ਼ਕਾਰੀਆਂ ਦੇਖਣ ਨੂੰ ਮਿਲੀਆਂ। ਇਸ ਸੈਸ਼ਨ ਦੇ ਮੁੱਖ ਮਹਿਮਾਨ ਪੰਜਾਬ ਦੇ ਪਰਵਾਸੀ ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਸਨ। ਸਮਰੋਹ ਦੀ ਪ੍ਰਧਾਨਗੀ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤੀ। ਦੇਰ ਸ਼ਾਮ ਤੱਕ ਭੰਗੜੇ ਅਤੇ ਗਿੱਧੇ ਦੇ ਮੁਕਾਬਲੇ ਚੱਲ ਰਹੇ ਸਨ। ਕੈਬਨਿਟ ਮੰਤਰੀ ਸ੍ਰੀ ਧਾਲੀਵਾਲ ਨੇ ਕਿਹਾ ਕਿ ਸੋਸ਼ਲ ਮੀਡੀਆ ਅਤੇ ਗੈਰ ਸਮਜਕ ਰੁਝਾਨ ਨੌਜਵਾਨਾਂ ਲਈ ਘਾਤਕ ਸਾਬਤ ਹੋ ਰਹੇ ਹਨ। ਇਨ੍ਹਾਂ ਸਾਰੇ ਵਿਕਾਰਾਂ ਤੋਂ ਛੁਟਕਾਰਾ ਪਾਉਣ ਲਈ ਨੌਜਵਾਨ ਉਸਾਰੂ ਭੂਮਿਕਾ ਨਿਭਾਅ ਸਕਦੇ ਹਨ। ਉਨ੍ਹਾਂ ਨੇ ਖੇਤੀਬਾੜੀ ਨੂੰ ਸਕੂਲਾਂ ਵਿੱਚ ਰੈਗੂਲਰ ਵਿਸ਼ੇ ਵਜੋਂ ਸ਼ਾਮਲ ਕਰਨ ਅਤੇ ਮਾਸਟਰ ਕੇਡਰ ਵਿੱਚ ਖੇਤੀ ਗਰੈਜੂਏਟਾਂ ਦੀ ਨਿਯੁਕਤੀ ਦਾ ਜ਼ਿਕਰ ਕਰਦਿਆਂ ਸੂਬਾ ਸਰਕਾਰ ਵੱਲੋਂ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ, ਅਸੀਂ ਨੌਜਵਾਨਾਂ ਲਈ ਵਧੇਰੇ ਰੁਜ਼ਗਾਰ ਪੈਦਾ ਕਰਨ ਲਈ ਯਤਨਸ਼ੀਲ ਹਾਂ, ਇਸ ਲਈ ਕੁਝ ਸਮਾਂ ਜ਼ਰੂਰ ਲੱਗ ਸਕਦਾ ਹੈ ਪਰ ਸਾਰੇ ਵਰਤਾਰੇ ਨੂੰ ਸਾਰਥਕ ਦਿਸ਼ਾ ਵਿਚ ਲਿਜਾਣ ਲਈ ਸਭ ਦਾ ਸਹਿਯੋਗ ਲੋੜੀਂਦਾ ਹੈ। ਵਾਈਸ ਚਾਂਸਲਰ ਡਾ: ਸਤਿਬੀਰ ਸਿੰਘ ਗੋਸਲ ਨੇ ਕਲਾਕਾਰਾਂ ਵਲੋਂ ਪੇਸ਼ ਵੱਖ-ਵੱਖ ਵੰਨਗੀਆਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਪੀ ਏ ਯੂ ਦੇ ਵਿਦਿਆਰਥੀਆਂ ਉੱਪਰ ਅਥਾਹ ਮਾਣ ਹੈ।ਇਸ ਅੰਤਰ-ਕਾਲਜ ਯੁਵਕ ਮੇਲੇ ਵਿੱਚ ਨਾਟਕੀ ਅਤੇ ਸੰਗੀਤਕ ਵੰਨਗੀਆਂ ਪੇਸ਼ ਕੀਤੀਆਂ ਗਈਆਂ। ਸਕਿੱਟ ਮੁਕਾਬਲਿਆਂ ਵਿੱਚ ਪੰਜਾਬ ਦੇ ਮੌਜੂਦਾ ਮਸਲਿਆਂ -ਪਰਵਾਸ, ਵਿਦਿਅਕ ਨਿਘਾਰ, ਬੇਸਹਾਰਾ ਰਹਿ ਗਏ ਮਾਪੇ ਅਤੇ ਦਿਸ਼ਾਹੀਣ ਪੀੜ੍ਹੀ ਵਲੋਂ ਸੋਸ਼ਲ ਮੀਡੀਆ ਦੀ ਵਰਤੋਂ ਵਿਸ਼ਿਆਂ ’ਤੇ ਸਕਿੱਟ ਖੇਡ ਕੇ ਸਮਾਜ ਦੇ ਹਨੇਰੇ ਪੱਖ ਦਿਖਾਏ।
ਗੁਲਦਾਉਦੀ ਸ਼ੋਅ 3-4 ਦਸੰਬਰ ਨੂੰ
ਪੀਏਯੂ ਦੀ ਪਛਾਣ ਬਣ ਚੁੱਕਾ ਸਾਲਾਨਾ ਗੁਲਦਾਉਦੀ ਸ਼ੋਅ ਫਲੋਰੀਕਲਚਰ ਤੇ ਲੈਂਡਸਕੇਪਿੰਗ ਵਿਭਾਗ ਵੱਲੋਂ ਅਸਟੇਟ ਆਰਗਨਾਈਜ਼ੇਸ਼ਨ ਦੇ ਸਹਿਯੋਗ ਨਾਲ 3-4 ਦਸੰਬਰ ਨੂੰ ਡਾ. ਮਨਮੋਹਨ ਸਿੰਘ ਆਡੀਟੋਰੀਅਮ ਵਿੱਚ ਕਰਵਾਇਆ ਜਾ ਰਿਹਾ ਹੈ। ਇਸ ਸ਼ੋਅ ਦਾ ਉਦਘਾਟਨ 3 ਦਸੰਬਰ ਨੂੰ ਬਾਅਦ ਦੁਪਹਿਰ 12.30 ਵਜੇ ਪੀਏਯੂ ਦੇ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਕਰਨਗੇ। ਇਹ ਗੁਲਦਾਉਦੀ ਸ਼ੋਅ ਪੰਜਾਬੀ ਕਵੀ ਭਾਈ ਵੀਰ ਸਿੰਘ ਨੂੰ ਸਮਰਪਿਤ ਹੋਵੇਗਾ। ਫਲੋਰੀਕਲਚਰ ਅਤੇ ਲੈਂਡਸਕੇਪਿੰਗ ਵਿਭਾਗ ਦੇ ਮੁਖੀ ਡਾ. ਪਰਮਿੰਦਰ ਸਿੰਘ ਨੇ ਦੱਸਿਆ ਕਿ ਇਸ ਮੌਕੇ 10 ਵਰਗਾਂ ਵਿੱਚ ਗੁਲਦਾਉਦੀ ਮੁਕਾਬਲੇ ਕਰਵਾਏ ਜਾਣਗੇ। ਇਨ੍ਹਾਂ ਵਿੱਚ ਇਨਕਰਵਡ, ਰਿਫਲੈਕਸਡ, ਸਪਾਈਡਰ, ਸਜਾਵਟੀ, ਪੋਪਨ/ਬਟਨ ਇਕਹਿਰੇ ਦੋਹਰੇ ਕੋਰੀਅਨ, ਸਪੂਨ, ਐਨੀਮੂਨ ਤੇ ਹੋਰ ਕਈ ਵਿਸ਼ੇਸ਼ ਪੌਦੇ ਸ਼ਾਮਲ ਹਨ। ਇਸ ਤੋਂ ਇਲਾਵਾ ਗੁਲਦਾਉਦੀ ਦੀਆਂ ਜਪਾਨੀ ਅਤੇ ਕੋਰੀਅਨ ਕਿਸਮਾਂ ਦੇ ਮੁਕਾਬਲੇ ਵੀ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਵਿਭਾਗ ਕੋਲ ਗੁਲਦਾਉਦੀ ਦੀਆਂ 250 ਕਿਸਮਾਂ ਦਾ ਵਿਸ਼ੇਸ਼ ਸੰਗ੍ਰਹਿ ਹੈ।