ਪੀਏਯੂ ਯੂਵਕ ਮੇਲਾ: ਕਵੀਸ਼ਰੀ ’ਚ ਕਾਲਜ ਆਫ ਬੇਸਿਕ ਸਾਇੰਸ ਅੱਵਲ
ਖੇਤਰੀ ਪ੍ਰਤੀਨਿਧ
ਲੁਧਿਆਣਾ, 16 ਨਵੰਬਰ
ਪੀਏਯੂ ਵਿੱਚ ਚੱਲ ਰਹੇ ਚੱਲ ਰਹੇ ਯੁਵਕ ਮੇਲੇ ਦੇ ਛੇਵੇਂ ਦਿਨ ਫੁਲਕਾਰੀ ਕੱਢਣ, ਸ਼ਬਦ ਗਾਇਨ, ਕਵੀਸ਼ਰੀ ਆਦਿ ਦੇ ਮੁਕਾਬਲੇ ਖਿੱਚ ਦਾ ਕੇਂਦਰ ਰਹੇ। ਇਸ ਦੌਰਾਨ ਕਵੀਸ਼ਰੀ ਦੇ ਹੋਏ ਮੁਕਾਬਲੇ ਵਿੱਚ ਕਾਲਜ ਆਫ ਬੇਸਿਕ ਸਾਇੰਸ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਨੌਜਵਾਨਾਂ ਨੂੰ ਪੜ੍ਹਾਈ ਦੇ ਨਾਲ ਨਾਲ ਹੋਰ ਗਤੀਵਿਧੀਆਂ ਵਿੱਚ ਸ਼ਮੂਲੀਅਤ ਕਰਵਾਉਣ ਦੇ ਮਕਸਦ ਨਾਲ ਪੀਏਯੂ ਵਿੱਚ ਕਰਵਾਏ ਜਾ ਰਹੇ ਯੁਵਕ ਮੇਲੇ ’ਚ ਪੀਏਯੂ ਸਥਿਤ ਵੱਖ ਵੱਖ ਕਾਲਜਾਂ ਤੋਂ ਇਲਾਵਾ ਪੀਏਯੂ ਨਾਲ ਸਬੰਧਤ ਹੋਰ ਕੇਵੀਕੇ ਕਾਲਜਾਂ ਦੇ ਵਿਦਿਆਰਥੀਆਂ ਨੇ ਵੀ ਸ਼ਿਰਕਤ ਕੀਤੀ। ਇਸ ਯੁਵਕ ਮੇਲੇ ਦੇ ਛੇਵੇਂ ਦਿਨ ਫੁਲਕਾਰੀ ਕੱਢਣ, ਪੱਖੀ ਬੁਣਨ ਸ਼ਬਦ ਗਾਇਨ ਸੋਲੋ ਅਤੇ ਗਰੁੱਪ, ਕਵਿਸ਼ਰੀ, ਦਸੂਤੀ ਦੀ ਕਢਾਈ, ਮੁਹਾਵਰੇਦਾਰ ਵਾਰਤਾਲਾਪ ਅਤੇ ਵਿਰਾਸਤੀ ਸਵਾਲ-ਜਵਾਬ ਦੇ ਮੁਕਾਬਲੇ ਕਰਵਾਏ ਗਏ। ਮੁਕਾਬਲਿਆਂ ਦੇ ਨਤੀਜਿਆਂ ਅਨੁਸਾਰ ਕਵਿਸ਼ਰੀ ਵਿੱਚ ਕਾਲਜ ਆਫ ਬੇਸਿਕ ਸਾਇੰਸ ਨੇ ਪਹਿਲਾ, ਕਾਲਜ ਆਫ ਐਗਰੀਕਲਚਰ ਬੱਲੋਵਾਲ ਸੌਂਕਰੀ ਨੇ ਦੂਜਾ ਅਤੇ ਕਾਲਜ ਆਫ ਐਗਰੀਕਲਚਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸ਼ਬਦ ਗਾਇਨ ਗਰੁੱਪ ਮੁਕਾਬਲੇ ਵਿੱਚ ਕਾਲਜ ਆਫ ਕਮਿਊਨਟੀ ਸਾਇੰਸ ਨੇ ਪਹਿਲਾ, ਕਾਲਜ ਆਫ ਐਗਰੀਕਲਚਰ ਨੇ ਦੂਜਾ ਅਤੇ ਕਾਲਜ ਆਫ ਬੇਸਿਕ ਸਾਇੰਸ ਨੇ ਤੀਜਾ, ਸ਼ਬਦ ਗਾਇਨ ਸੋਲੋ ਵਿੱਚ ਕਾਲਜ ਆਫ ਐਗਰੀਕਲਚਰ ਦੇ ਦਿਵਿਆਯੋਤੀ ਮਹੰਤਾ ਨੇ ਪਹਿਲਾ, ਕਾਲਜ ਆਫ ਐਗਰੀਕਲਚਰ ਇੰਜੀਨੀਅਰਿੰਗ ਦੇ ਅਮ੍ਰਿਤਪਾਲ ਸਿੰਘ ਨੇ ਦੂਜਾ ਜਦਕਿ ਕਾਲਜ ਆਫ ਹੋਰਟੀਕਲਚਰ ਦੀ ਬਨਿਸ਼ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।