ਪੀਏਯੂ ਯੁਵਕ ਮੇਲਾ: ਖੇਤੀਬਾੜੀ ਕਾਲਜ ਦਾ ਓਵਰਆਲ ਟਰਾਫੀ ’ਤੇ ਕਬਜ਼ਾ
ਸਤਵਿੰਦਰ ਬਸਰਾ
ਲੁਧਿਆਣਾ, 22 ਨਵੰਬਰ
ਪੀਏਯੂ ਦਾ ਯੁਵਕ ਮੇਲਾ ਸੱਭਿਆਚਾਰਕ ਸਾਂਝਾ ਹੋਰ ਮਜ਼ਬੂਤ ਕਰਦਾ ਹੋਇਆ ਬੀਤੀ ਦੇਰ ਸ਼ਾਮ ਸਮਾਪਤ ਹੋ ਗਿਆ। ਇਸ ਯੁਵਕ ਮੇਲੇ ਦੀ ਓਵਰਆਲ ਟਰਾਫੀ ਖੇਤੀਬਾੜੀ ਕਾਲਜ ਨੇ ਜਿੱਤੀ। ਯੁਵਕ ਮੇਲੇ ਦੌਰਾਨ ਗਿੱਧੇ ਵਿੱਚ ਕਮਿਊਨਿਟੀ ਸਾਇੰਸ ਕਾਲਜ ਅਤੇ ਭੰਗੜੇ ਵਿੱਚ ਖੇਤੀਬਾੜੀ ਕਾਲਜ ਸੌਂਖੜੀ ਦੀਆਂ ਟੀਮਾਂ ਦੀ ਸਰਦਾਰੀ ਰਹੀ। ਮੇਲੇ ਦੇ ਆਖਰੀ ਦਿਨ ਕੈਬਨਿਟ ਮੰਤਰੀ ਪੰਜਾਬ ਹਰਦੀਪ ਸਿੰਘ ਮੁੰਡੀਆਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਰੋਹ ਦੀ ਪ੍ਰਧਾਨਗੀ ਪੀ ਏ ਯੂ ਦੇ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤੀ। ਇਸ ਮੌਕੇ ਪੀ ਏ ਯੂ ਦੇ ਉੱਚ ਅਧਿਕਾਰੀਆਂ, ਡੀਨ, ਡਾਇਰੈਕਟਰ, ਵਿਭਾਗਾਂ ਦੇ ਮੁਖੀ, ਅਧਿਆਪਕ ਅਤੇ ਵਿਦਿਆਰਥੀ ਭਰਪੂਰ ਗਿਣਤੀ ਵਿਚ ਮੌਜੂਦ ਸਨ।
ਯੁਵਕ ਮੇਲੇ ਵਿੱਚ ਕੁੜੀਆਂ ਦਾ ਗਿੱਧਾ ਅਤੇ ਮੁੰਡਿਆਂ ਦਾ ਭੰਗੜਾ ਖਿੱਚ ਦਾ ਕੇਂਦਰ ਰਿਹਾ। ਗਿੱਧੇ ਵਿਚ ਪਹਿਲਾ ਸਥਾਨ ਕਮਿਊਨਿਟੀ ਸਾਇੰਸ ਕਾਲਜ, ਦੂਜਾ ਬਾਗਬਾਨੀ ਅਤੇ ਜੰਗਲਾਤ ਕਾਲਜ ਅਤੇ ਤੀਸਰਾ ਸਥਾਨ ਖੇਤੀਬਾੜੀ ਕਾਲਜ ਨੇ ਜਿੱਤਿਆ। ਇਨ੍ਹਾਂ ਨੂੰ ਪੰਜਾਬੀ ਦੇ ਪ੍ਰਸਿੱਧ ਕਲਾਕਾਰ ਡਾ. ਜਸਵਿੰਦਰ ਭੱਲਾ ਵਲੋਂ ਨਕਦ ਇਨਾਮ ਵੀ ਦਿੱਤੇ ਗਏ। ਭੰਗੜੇ ਵਿਚ ਖੇਤੀਬਾੜੀ ਕਾਲਜ ਬੱਲੋਵਾਲ ਸੌਂਖੜੀ ਨੇ ਪਹਿਲਾ, ਖੇਤੀਬਾੜੀ ਕਾਲਜ ਲੁਧਿਆਣਾ ਨੇ ਦੂਜਾ ਅਤੇ ਖੇਤੀ ਇੰਜਨੀਅਰਿੰਗ ਕਾਲਜ ਨੇ ਤੀਜਾ ਸਥਾਨ ਹਾਸਲ ਕੀਤਾ।