ਪੀਏਯੂ: ਵਿਦਿਆਰਥੀਆਂ ਨੇ ਕੈਬਨਿਟ ਮੰਤਰੀ ਨੂੰ ਸੌਂਪਿਆ ਮੰਗ ਪੱਤਰ
ਖੇਤਰੀ ਪ੍ਰਤੀਨਿਧ
ਲੁਧਿਆਣਾ, 24 ਜੂਨ
ਪੀਏਯੂ ਵਿੱਚ ਆਖਰੀ ਸਾਲ ਦੀ ਪੜ੍ਹਾਈ ਕਰਦੇ ਵਿਦਿਆਰਥੀਆਂ ਨੇ ਆਪਣੀਆਂ ਮੰਗਾਂ ਸਬੰਧੀ ਪੱਤਰ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਸੌਂਪਿਆ। ਪੀਏਯੂ ਵਿਦਿਆਰਥੀਆਂ ਐਸੋਸੀਏਸ਼ਨ ਦੇ ਆਗੂਆਂ ਲਵਪ੍ਰੀਤ ਸਿੰਘ ਅਤੇ ਅੰਗਰੇਜ਼ ਸਿੰਘ ਨੇ ਦੱਸਿਆ ਕਿ ਇਸ ਮੰਗ ਪੱਤਰ ਵਿੱਚ ਦੱਸਿਆ ਗਿਆ ਕਿ ਖੇਤੀ ਪ੍ਰਧਾਨ ਸੂਬਾ ਹੋਣ ਕਰ ਕੇ ਪੰਜਾਬ ਵਿੱਚ ਪੰਜਾਬੀ ਵਿਸ਼ੇ ਦੇ ਨਾਲ-ਨਾਲ ਖੇਤੀਬਾੜੀ ਵਿਸ਼ਾ ਵੀ ਲਾਜ਼ਮੀ ਕੀਤਾ ਜਾਵੇ। ਖੇਤੀਬਾੜੀ ਅਧਿਆਪਕਾਂ ਦਾ ਕਾਡਰ, ਜੋ ਕਿ ਪਿਛਲੀਆਂ ਸਰਕਾਰਾਂ ਨੇ ਭੰਗ ਕਰ ਦਿੱਤਾ ਹੈ, ਉਸ ਨੂੰ ਦੁਬਾਰਾ ਹੋਂਦ ਵਿੱਚ ਲਿਆ ਕੇ ਖੇਤੀਬਾੜੀ ਅਧਿਆਪਕਾਂ ਦੀ ਭਰਤੀ ਨੂੰ ਯਕੀਨੀ ਬਣਾਇਆ ਜਾਵੇ। ਇਸੇ ਤਰ੍ਹਾਂ ਖੇਤੀਬਾੜੀ ਵਿਕਾਸ ਅਫਸਰਾਂ ਦੀ ਗਿਣਤੀ ਪੰਜਾਬ ਦੇ ਪਿੰਡਾਂ ਅਤੇ ਖੇਤੀਬਾੜੀ ਜ਼ਮੀਨ ਦੇ ਖੇਤਰਫਲ ਰੇਖਾ ਮੁਤਾਬਕ 936 ਅਸਾਮੀਆਂ ਦੀ ਥਾਂ ਵਧਾ ਕੇ 3000 ਦੇ ਕਰੀਬ ਕੀਤੀਆਂ ਜਾਣ। ਇਸ ਮੰਗ ਪੱਤਰ ‘ਚ ਬੀਐੱਸਸੀ ਐਗਰੀਕਲਚਰ ਦੇ ਆਖਰੀ ਸਾਲ ਦੇ ਵਿਦਿਆਰਥੀਆਂ ਨੂੰ ਟ੍ਰੇਨਿੰਗ ਦੌਰਾਨ ਭੱਤੇ ਵਜੋਂ ਘੱਟੋ-ਘੱਟ 10 ਹਜ਼ਾਰ ਪ੍ਰਤੀ ਮਹੀਨਾ ਦੇਣ ਦੀ ਮੰਗ ਵੀ ਹੈ। ਪੰਜਾਬ ਦੇ ਦੋ-ਤਿੰਨ ਪਿੰਡਾਂ ਪਿੱਛੇ ਇੱਕ ਸਰਕਾਰੀ ਹਸਪਤਾਲ ਅਤੇ ਵੈਟਰਨਰੀ ਹਸਪਤਾਲ ਦੀ ਤਰ੍ਹਾਂ ਸਰਕਾਰ ਲਗਪਗ ਹਰ ਪਿੰਡ ਵਿੱਚ ਪਲਾਂਟ ਕਲੀਨਿਕ ਸਥਾਪਿਤ ਕਰੇ।