ਪੀਏਯੂ: ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਲਈ ਖੇਡ ਕੈਂਪ ਸ਼ੁਰੂ
ਸਤਵਿੰਦਰ ਬਸਰਾ
ਲੁਧਿਆਣਾ, 7 ਅਗਸਤ
ਪੀਏਯੂ ਨਾਲ ਸਬੰਧਤ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਲਈ ਰਾਸ਼ਟਰੀ ਖੇਡ ਸੰਗਠਨ ਕੈਂਪ ਸਾਲ 2022-2023 ਦੀ ਸ਼ੁਰੂਆਤ ਹੋ ਗਈ ਹੈ। ਇਸ ਕੈਂਪ ਦਾ ਉਦਘਾਟਨ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਕੀਤਾ ਗਿਆ। ਉਦਘਾਟਨੀ ਸਮਾਗਮ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਸ੍ਰੀ ਖੁੱਡੀਆਂ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦੇ ਹੋਏੇ ਕਿਹਾ ਕਿ ਹਰ ਇੱਕ ਬੱਚੇ ਦੇ ਮਾਂ-ਬਾਪ ਸੋਚਦੇ ਹਨ ਕਿ ਉਨ੍ਹਾਂ ਦਾ ਬੱਚਾ ਤੰਦਰੁਸਤ ਰਹੇ ਅਤੇ ਵਧੀਆ ਪੜ੍ਹਾਈ ਕਰ ਕੇ ਚੰਗੇ ਰੁਜ਼ਗਾਰ ’ਤੇ ਲੱਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੀਏਯੂ ’ਤੇ ਇਹ ਵਿਸ਼ਵਾਸ਼ ਅਤੇ ਮਾਣ ਹੈ ਕਿ ਇਸ ਦੇ ਸੋਹਣੇ ਵਾਤਾਵਰਨ ਅਤੇ ਯੋਗ ਅਧਿਆਪਕਾਂ ਦੀ ਅਗਵਾਈ ਵਿੱਚ ਵਿਦਿਆਰਥੀ ਤੰਦਰੁਸਤ ਵੀ ਰਹਿਣਗੇ ਅਤੇ ਇਸ ਯੂਨੀਵਰਸਿਟੀ ਤੋਂ ਪੜ੍ਹਾਈ ਕਰ ਕੇ ਉਨ੍ਹਾਂ ਨੂੰ ਰੁਜ਼ਗਾਰ ਦੇ ਵੀ ਬਹੁਤ ਮੌਕੇ ਮਿਲਣਗੇ। ਇਸ ਮੌਕੇ ਯੂਨੀਵਰਸਿਟੀ ਦੇ ਉਪਕੁਲਪਤੀ ਡਾ. ਸਤਬਿੀਰ ਸਿੰਘ ਗੌਸਲ ਨੇ ਦੱਸਿਆ ਕਿ ਖੇਡਾਂ ਵਿਦਿਆਰਥੀਆਂ ਵਿੱਚ ਲੀਡਰਸ਼ਿਪ, ਅਨੁਸ਼ਾਸਨ, ਸਮੇਂ ਦਾ ਪਾਬੰਦ ਹੋਣ ਵਰਗੇ ਗੁਣ ਪੈਦਾ ਕਰਦੀਆਂ ਹਨ।ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਸਿੰਘ ਜੌੜਾ ਨੇ ਦੱਸਿਆ ਕਿ ਇਸ ਸਾਲ ਦਾ ਇਹ ਕੈਂਪ 18 ਅਗਸਤ ਤੱਕ ਲਗਾਇਆ ਜਾ ਰਿਹਾ ਹੈ। ਇਸ ਵਿੱਚ ਯੂਨੀਵਰਸਿਟੀਆਂ ਦੇ ਵੱਖ-ਵੱਖ ਕਾਲਜਾਂ ਦੇ ਲਗਪੱਗ 250 ਵਿਦਿਆਰਥੀ ਹਿੱਸਾ ਲੈ ਰਹੇ ਹਨ। ਕੈਂਪ ’ਚ ਵਿਦਿਆਰਥੀਆਂ ਨੂੰ ਅਥਲੈਟਿਕਸ, ਬਾਸਕਿਟਬਾਲ, ਬੈਡਮਿੰਟਨ, ਕ੍ਰਿਕਟ, ਹਾਕੀ, ਵਾਲੀਬਾਲ, ਫੁੱਟਬਾਲ, ਤੈਰਾਕੀ, ਸਾਇਕਲਿੰਗ ਅਤੇ ਹੈਂਡਬਾਲ ਦੀ ਟ੍ਰੇਨਿੰਗ ਦੇ ਨਾਲ ਨਾਲ ਸਰੀਰਕ ਫਿਟਨਸ ਨੂੰ ਵਧਾਉਣ ਤੇ ਚੰਗੀ ਸਿਹਤ ਸਬੰਧੀ ਆਧੁਨਿਕ ਤਕਨੀਕਾਂ ਦੀ ਟ੍ਰੇਨਿੰਗ ਨਿਰਦੇਸ਼ਕ ਵਿਦਿਆਰਥੀ ਭਲਾਈ ਵਿਭਾਗ ਦੇ ਖੇਡ ਅਧਿਆਪਿਕਾਂ ਅਤੇ ਵੱਖ-ਵੱਖ ਖੇਡਾਂ ਦੇ ਕੋਚਾਂ ਵੱਲੋਂ ਦਿੱਤੀ ਜਾਵੇਗੀ।