ਪੀਏਯੂ ਧਰਨਾ: ਵਿਦਿਆਰਥੀਆਂ ਨੂੰ ਪੱਕੇ ਧਰਨੇ ’ਚ ਪੁੱਜਣ ਦਾ ਸੱਦਾ
ਸਤਵਿੰਦਰ ਬਸਰਾ
ਲੁਧਿਆਣਾ, 5 ਨਵੰਬਰ
ਐਗਰੀਕਲਚਰਲ ਸਟੂਡੈਂਟਸ ਐਸੋਸੀਏਸ਼ਨ ਵੱਲੋਂ ਪੀਏਯੂ ਦੇ ਗੇਟ ਨੰਬਰ 1 ਵਿੱਚ ਬੀਤੇ ਦਿਨ ਸ਼ੁਰੂ ਕੀਤਾ ਗਿਆ ਧਰਨਾ ਅੱਜ ਵੀ ਜਾਰੀ ਰਿਹਾ। ਧਰਨੇ ਦੇ ਦੂਜੇ ਦਿਨ ਹੋਰ ਵਿਦਿਆਰਥੀਆਂ ਨੂੰ ਵੀ ਨਾਲ ਜੋੜਨ ਦੇ ਮਕਸਦ ਨਾਲ ਵੱਖ-ਵੱਖ ਵਿਭਾਗਾਂ ਦਾ ਦੌਰਾ ਕਰ ਕੇ ਮੀਟਿੰਗਾਂ ਕੀਤੀਆਂ ਅਤੇ ਪੱਕੇ ਧਰਨੇ ’ਚ ਪਹੁੰਚਣ ਦੇ ਸੁਨੇਹੇ ਦਿੱਤੇ ਗਏ। ਉਨ੍ਹਾਂ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਵੱਲੋਂ ਸਕੂਲਾਂ ’ਚ ਖੇਤੀਬਾੜੀ ਦਾ ਵਿਸ਼ਾ ਬੰਦ ਕੀਤਾ ਹੋਇਆ ਹੈ, ਇਹ ਕਦਮ ਖੇਤੀ ਦੇ ਵਿਕਾਸ ਲਈ ਵੀ ਨਾਂਹਪੱਖੀ ਹੋਵੇਗਾ। ਉਨ੍ਹਾਂ ਦਾ ਕਹਿਣਾ ਸੀ ਕਿ ਇੱਕ ਪਾਸੇ ਪਿੰਡਾਂ ’ਚ ਖੇਤਾਂ ਦੇ ਮਾਸਟਰ ਰੱਖਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ, ਪਰ ਦੂਜੇ ਪਾਸੇ ਇਸ ਵਿਸ਼ੇ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀ ਰੁਜ਼ਗਾਰ ਲਈ ਸੜਕਾਂ, ਸਰਕਾਰ ਦੇ ਨੁਮਾਇੰਦਿਆਂ ਦੇ ਦਫ਼ਤਰਾਂ ’ਚ ਠੋਕਰਾਂ ਖਾਣ ਲਈ ਮਜਬੂਰ ਹਨ। ਵਿਦਿਆਰਥੀ ਆਗੂਆਂ ਨੇ ਕਿਹਾ ਕਿ ਪੀਏਯੂ ਵਿੱਚ ਸ਼ੁਰੂ ਕੀਤਾ ਗਿਆ ਇਹ ਪੱਕਾ ਧਰਨਾ ਉੱਨੀ ਦੇਰ ਤੱਕ ਜਾਰੀ ਰੱਖਿਆ ਜਾਵੇਗਾ, ਜਿੰਨੀ ਦੇਰ ਤੱਕ ਸਰਕਾਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨਦੀ। ਇਸ ਧਰਨੇ ਨੂੰ ਹੋਰ ਮਜ਼ਬੂਤ ਕਰਨ ਲਈ ਅੱਜ ਐੱਮਐੱਸਸੀ, ਐੱਮਬੀਏ ਅਤੇ ਬੀਐੱਸਸੀ ਖੇਤੀਬਾੜੀ ਦੇ ਵਿਦਿਆਰਥੀਆਂ ਨਾਲ ਮੀਟਿੰਗਾਂ ਕਰ ਕੇ ਉਨ੍ਹਾਂ ਨੂੰ ਪੱਕੇ ਧਰਨੇ ਵਿੱਚ ਪਹੁੰਚਣ ਦੇ ਸੁਨੇਹੇ ਦਿੱਤੇ ਗਏ। ਆਗੂਆਂ ਨੇ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਸਕੂਲਾਂ ਵਿੱਚ 6ਵੀਂ ਤੋਂ 12ਵੀਂ ਤੱਕ ਖੇਤੀਬਾੜੀ ਦਾ ਵਿਸ਼ਾ ਲਾਜ਼ਮੀ ਕਰਨ, ਸਕੂਲਾਂ ਵਿੱਚ ਖੇਤੀਬਾੜੀ ਅਧਿਆਪਕਾਂ ਦੀ ਭਰਤੀ ਕਰਨ, ਮੁੱਖ ਮੰਤਰੀ ਨੂੰ ਆਪਣੇ ਵਾਅਦੇ ਚੇਤੇ ਰੱਖਣ ਅਤੇ ਖੇਤੀਬਾੜੀ ਦੀ ਪੜ੍ਹਾਈ ਪੂਰੀ ਕਰ ਕੇ ਠੋਕਰਾਂ ਖਾ ਰਹੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਮੰਗ ਕਰ ਰਹੀ ਹੈ।