ਪੀਏਯੂ ਵੱਲੋਂ ਆਂਧਰਾ ਪ੍ਰਦੇਸ਼ ਦੀ ਫਰਮ ਨਾਲ ਸਮਝੌਤਾ
ਖੇਤਰੀ ਪ੍ਰਤੀਨਿਧ
ਲੁਧਿਆਣਾ, 10 ਜੁਲਾਈ
ਪੀਏਯੂ ਨੇ ਆਂਧਰਾ ਪ੍ਰਦੇਸ਼ ਸਥਿਤ ਗੋਰਮੇਟ ਪੋਪਕੋਰਨਿਕਾ ਐੱਲਐੱਲਪੀ ਨਾਲ ਮੱਕੀ ਦੀ ਹਾਈਬ੍ਰਿਡ ਕਿਸਮ ਪੀਐੱਮਐੱਚ-14 ਦੇ ਵਪਾਰੀਕਰਨ ਦਾ ਸਮਝੌਤਾ ਕੀਤਾ। ਪੀਏਯੂ ਵੱਲੋਂ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਅਤੇ ਸਬੰਧਤ ਫਰਮ ਵੱਲੋਂ ਰਾਕੇਸ਼ ਅਰੋੜਾ ਨੇ ਸਮਝੌਤੇ ਦੀਆਂ ਸ਼ਰਤਾਂ ਉੱਪਰ ਸਹੀ ਪਾਈ। ਮੱਕੀ ਸੈਕਸ਼ਨ ਦੇ ਇੰਚਾਰਜ ਡਾ. ਸੁਰਿੰਦਰ ਸੰਧੂ ਨੇ ਦੱਸਿਆ ਕਿ ਇਹ ਹਾਈਬ੍ਰਿਡ ਉੱਚ ਝਾੜ ਸਮਰਥਾ ਵਾਲਾ ਹੈ, ਜੋ 98 ਦਿਨਾਂ ਵਿਚ ਪੱਕ ਕੇ ਤਿਆਰ ਹੁੰਦਾ ਹੈ ਅਤੇ ਇਸਦਾ ਔਸਤ ਝਾੜ 24.8 ਕੁਇੰਟਲ ਪ੍ਰਤੀ ਏਕੜ ਆਉਣ ਦੀ ਸੰਭਾਵਨਾ ਹੁੰਦੀ ਹੈ। ਇਹ ਕਿਸਮ ਪੱਤਿਆਂ ਦੇ ਸੋਕੇ ਰੋਗ, ਮੱਕੀ ਦੇ ਗੜੂੰਏ ਅਤੇ ਫਾਲ ਆਰਮੀਵਰਮ ਵਰਗੇ ਕੀੜਿਆਂ ਅਤੇ ਬਿਮਾਰੀਆਂ ਦਾ ਟਾਕਰਾ ਕਰਨ ਦੇ ਸਮਰੱਥ ਹੈ। ਪਲਾਂਟ ਬਰੀਡਿੰਗ ਵਿਭਾਗ ਦੇ ਮੁਖੀ ਡਾ. ਵੀਐੱਸ ਸੋਹੂ ਨੇ ਡਾ. ਸੰਧੂ ਅਤੇ ਉਨ੍ਹਾਂ ਦੀ ਟੀਮ ਨੂੰ ਇਸ ਮੌਕੇ ਵਧਾਈ ਦਿੰਦਿਆਂ ਇਸ ਕਿਸਮ ਦੇ ਬਿਹਤਰ ਪ੍ਰਦਰਸ਼ਨ ਦੀ ਉਮੀਦ ਕੀਤੀ। ਤਕਨਾਲੋਜੀ ਮਾਰਕੀਟਿੰਗ ਸੈੱਲ ਦੇ ਸਹਿਯੋਗੀ ਨਿਰਦੇਸ਼ਕ ਡਾ. ਖੁਸ਼ਦੀਪ ਧਰਨੀ ਨੇ ਪੀਏਯੂ ਵੱਲੋਂ ਵਿਕਸਿਤ ਕੀਤੀਆਂ ਮੱਕੀ ਦੀਆਂ ਹਾਈਬ੍ਰਿਡ ਕਿਸਮਾਂ ਦੇ ਪਸਾਰ ਲਈ ਅੱਗੇ ਆਈਆਂ ਕੰਪਨੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।