ਪੀਏਯੂ ਵੱਲੋਂ ਡੀਏਪੀ ਦੇ ਬਦਲ ਵਜੋਂ ਹੋਰ ਖਾਦਾਂ ਵਰਤਣ ਦੀ ਸਿਫ਼ਾਰਸ਼
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 30 ਅਕਤੂਬਰ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਭੂਮੀ ਵਿਗਿਆਨੀਆਂ ਨੇ ਆਉਂਦੀ ਕਣਕ ਦੀ ਫਸਲ ਲਈ ਡੀਏਪੀ ਦੇ ਬਦਲ ਵਜੋਂ ਹੋਰ ਫਾਸਫੋਰਸ ਤੱਤਾਂ ਵਾਲੀਆਂ ਖਾਦਾਂ ਨੂੰ ਬਦਲਵੇਂ ਸਰੋਤਾਂ ਵਜੋਂ ਵਰਤਣ ਦਾ ਸੁਝਾਅ ਦਿੱਤਾ ਹੈ। ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਨੇ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਜਾਰੀ ਹੋਰ ਵੇਰਵੇ ਜ਼ਿਲ੍ਹਾ ਸੰਗਰੂਰ ਦੇ ਕਿਸਾਨਾਂ ਨਾਲ ਸਾਂਝੇ ਕੀਤੇ ਗਏ ਹਨ ਜਿਸ ਤਹਿਤ ਪੀਏਯੂ ਦੇ ਭੂਮੀ ਵਿਗਿਆਨ ਵਿਭਾਗ ਦੇ ਮੁਖੀ ਡਾ. ਧਨਵਿੰਦਰ ਸਿੰਘ ਨੇ ਕਿਹਾ ਕਿ ਡੀਏਪੀ ਸਭ ਤੋਂ ਵੱਧ ਫਾਸਫੋਰਸ ਤੱਤ ਵਾਲੀ ਖਾਦ ਹੈ ਜੋ ਝੋਨੇ-ਕਣਕ ਫਸਲੀ ਚੱਕਰ ਵਿੱਚ ਵਰਤੀ ਜਾਂਦੀ ਹੈ। ਕਣਕ ਦੀ ਫਸਲ ਲਈ ਕਿਸਾਨ ਦੂਜੀਆਂ ਫਾਸਫੋਰਸ ਤੱਤਾਂ ਵਾਲੀਆਂ ਖਾਦਾਂ ਨਾਲੋਂ ਡੀਏਪੀ ਨੂੰ ਤਰਜੀਹ ਦਿੰਦੇ ਹਨ। ਇਸ ਦਾ ਕਾਰਨ ਹੈ ਕਿ ਇਹ ਖਾਦ ਉੱਚ ਫਾਸਫੋਰਸ (46 ਫ਼ੀਸਦ) ਮਾਤਰਾ ਵਾਲੀ ਹੈ ਅਤੇ ਬਿਜਾਈ ਸਮੇਂ ਕਣਕ ਦੀ ਨਾਈਟ੍ਰੋਜਨ ਦੀ ਜ਼ਰੂਰਤ ਨੂੰ ਵੀ ਪੂਰਾ ਕਰਦੀ ਹੈ। ਪਿਛਲੇ ਸਾਲਾਂ ਦੌਰਾਨ ਅਸਾਨੀ ਨਾਲ ਮਿਲਣ ਕਰਕੇ ਕਿਸਾਨਾਂ ਨੇ ਇਸ ਨੂੰ ਭਰਪੂਰ ਮਾਤਰਾ ਵਿਚ ਇਸਤੇਮਾਲ ਕੀਤਾ। ਡੀਏਪੀ ਵਿਚ 46 ਫੀਸਦੀ ਫਾਸਫੋਰਸ ਅਤੇ 18 ਫੀਸਦੀ ਨਾਈਟ੍ਰੋਜਨ ਹੁੰਦੀ ਹੈ। ਇਕ ਹੋਰ ਖਾਦ ਐੱਨਪੀਕੇ ’ਚ 32 ਫੀਸਦੀ ਫਾਸਫੋਰਸ ਅੇ 12 ਫੀਸਦ ਨਾਈਟ੍ਰੋਜਨ ਤੋਂ ਬਿਨਾਂ 16 ਫੀਸਦ ਪੋਟਾਸ਼ੀਅਮ ਦੀ ਮਾਤਰਾ ਪਾਈ ਜਾਂਦੀ ਹੈ। ਤੀਸਰੇ ਬਦਲ ਵਜੋਂ ਸਿੰਗਲ ਸੁਪਰ ਫਾਸਫੇਟ ਦੀ ਵਰਤੋਂ ਕੀਤੀ ਜਾ ਸਕਦੀ ਹੈ।