ਪੀਏਯੂ ਪੈਨਸ਼ਨਰਾਂ ਨੇ 200 ਰੁਪਏ ਟੈਕਸ ਦੀਆਂ ਕਾਪੀਆਂ ਸਾੜੀਆਂ
ਖੇਤਰੀ ਪ੍ਰਤੀਨਿਧ
ਲੁਧਿਆਣਾ, 6 ਜੁਲਾਈ
ਪੀਏਯੂ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਸਥਾਨਕ ਵਿਦਿਆਰਥੀ ਭਵਨ ਵਿਖੇ ਸੁਖਦੇਵ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਤੋਂ ਬਾਅਦ ਸਮੂਹ ਮੁਲਾਜ਼ਮਾਂ ਨੇ ਪੰਜਾਬ ਸਰਾਕਰ ਵੱਲੋਂ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਉਪਰ ਵਿਕਾਸ ਦੇ ਨਾਂ ਹੇਠ 200 ਰੁਪਏ ਪ੍ਰਤੀ ਮਹੀਨਾ ਲਾਏ ਜਬਰੀ ਟੈਕਸ ਵਾਲੇ ਪੱਤਰ ਦੀਆਂ ਕਾਪੀਆਂ ਸਾੜ ਕੇ ਰੋਸ ਪ੍ਰਗਟਾਇਆ ਗਿਆ।
ਐਸੋਸੀਏਸ਼ਨ ਦੇ ਉਪ ਪ੍ਰਧਾਨ ਜਸਵੰਤ ਜੀਰਖ ਨੇ ਸਰਕਾਰ ਦੇ ਲੋਕ ਲਭਾਊ ਫੈਸਲਿਆਂ ਨੂੰ ਲੋਕਾਂ ਨਾਲ ਧੋਖਾ ਕਰਾਰ ਦਿੰਦਿਆਂ ਕਿਹਾ ਕਿ ਰੰਗ-ਬਿਰੰਗੀਆਂ ਸਰਕਾਰਾਂ ਨੇ ਹਮੇਸ਼ਾਂ ਹੀ ਰਿਸ਼ਵਤਖੋਰੀ ਬੰਦ ਕਰਨ ਦੇ ਸੋਹਲੇ ਗਾਏ ਹਨ ਪਰ ਇਸ ਨੂੰ ਖਤਮ ਕਰਨ ਦੀ ਬਜਾਏ ਇਨ੍ਹਾਂ ਨੇ ਇਸ ਨੂੰ ਕਥਿਤ ਕਾਨੂੰਨੀ ਮਾਨਤਾ ਦੇ ਦਿੱਤੀ ਹੈ। ਵੋਟਾਂ ਮੌਕੇ ਇੱਕ ਦੂਜੇ ਤੋਂ ਵਧ-ਚੜ੍ਹ ਕੇ ਕਣਕ, ਦਾਲ, ਬਿਜਲੀ ਆਦਿ ਮੁਫਤ ਦੇਣ ਦੇ ਲਾਲਚ ਨੂੰ ਕਾਨੂੰਨੀ ਮਾਨਤਾ ਦੇ ਕੇ ਵੋਟਾਂ ਬਟੋਰ ਲਈਆਂ ਜਾਂਦੀਆਂ ਹਨ ਪਰ ਸਰਕਾਰ ਬਣਾਉਣ ਤੋਂ ਬਾਅਦ ਇਸ ਨੂੰ ਵਿਕਾਸ ਕਰਾਰ ਦੇ ਕੇ ਵੱਖ ਵੱਖ ਟੈਕਸ ਲਾ ਕੇ ਲੋਕਾਂ ਤੋਂ ਪੂਰਤੀ ਕਰ ਲਈ ਜਾਂਦੀ ਹੈ। ਲੋਕਾਂ ਨੂੰ ਰੁਜ਼ਗਾਰ ਦੇਣ ਦੀ ਥਾਂ ਉਹਨਾਂ ਨੂੰ ਮਾੜੀ ਮੋਟੀ ਰਾਹਤ ਦੇ ਕੇ ਚੁੱਪ ਕਰਵਾਉਣ ਦੇ ਸਾਧਨ ਵਜੋਂ ਵਰਤਿਆ ਜਾਂਦਾ ਹੈ। ਪਰ ਦੂਜੇ ਪਾਸੇ ਅਡਾਨੀ, ਅੰਬਾਨੀ ਵਰਗਿਆਂ ਦੇ ਕਰੋੜਾਂ ਦੇ ਕਰਜ਼ੇ ਮੁਆਫ ਕਰਕੇ ਲੋਕਾਂ ਦਾ ਹੋਰ ਸ਼ੋਸ਼ਣ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਜਾਂਦੀ। ਮੀਟਿੰਗ ਵਿੱਚ ਜਾਇੰਟ ਸਕੱਤਰ ਸਵਰਨ ਸਿੰਘ ਰਾਣਾ ਨੇ ਮੁਲਾਜ਼ਮਾਂ ਅਤੇ ਪੈਨਸ਼ਨਰ ਦੇ ਅਦਾਲਤੀ ਕੇਸਾਂ ਬਾਰੇ ਵਿਆਖਿਆ ਕੀਤੀ, ਜਿਹੜੇ ਕਿ ਸਰਕਾਰਾਂ ਵੱਲੋਂ ਕੀਤੀਆਂ ਵਧੀਕੀਆਂ ਬਾਰੇ ਲੜੇ ਜਾ ਰਹੇ ਹਨ। ਅਖੀਰ ਵਿੱਚ ਪ੍ਰਧਾਨ ਸੁਖਦੇਵ ਸਿੰਘ ਨੇ ਪੰਜਾਬ ਸਰਕਾਰ ਦੇ ਜਜ਼ੀਆ ਟੈਕਸ ਅਤੇ ਹੋਰ ਲੋਕ ਵਿਰੋਧੀ ਫੈਸਲਿਆਂ ਵਿਰੁੱਧ ਇੱਕਜੁਟ ਹੋ ਕੇ ਲੜਨ ਦੀ ਅਪੀਲ ਕੀਤੀ। ਮੀਟਿੰਗ ਤੋਂ ਬਾਅਦ ਟੈਕਸ ਦੇ ਪੱਤਰ ਦੀਆਂ ਕਾਪੀਆਂ ਸਾੜ ਕੇ ਰੋਸ ਦਾ ਪ੍ਰਗਟਾਵਾ ਕਰਦਿਆਂ ਇਸ ਫੈਸਲੇ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐਮਐਸ ਪਰਮਾਰ, ਰਣਜੋਧ ਸਿੰਘ ਗਰੇਵਾਲ, ਤਜਿੰਦਰ ਮਹਿੰਦਰੂ, ਬਲਵੀਰ ਸਿੰਘ, ਤਰਸੇਮ ਸਿੰਘ, ਜਰਨੈਲ ਸਿੰਘ, ਨਿਰਮਲ ਸਿੰਘ ਸਮੇਤ ਵੱਡੀ ਗਿਣਤੀ ਮੈਂਬਰ ਹਾਜ਼ਰ ਸਨ।