For the best experience, open
https://m.punjabitribuneonline.com
on your mobile browser.
Advertisement

ਪੀਏਯੂ ਦੇ ਅਧਿਕਾਰੀਆਂ ਵੱਲੋਂ ਨਰਮਾ ਪੱਟੀ ਦਾ ਦੌਰਾ

08:50 AM Jul 01, 2023 IST
ਪੀਏਯੂ ਦੇ ਅਧਿਕਾਰੀਆਂ ਵੱਲੋਂ ਨਰਮਾ ਪੱਟੀ ਦਾ ਦੌਰਾ
ਨਰਮਾ ਪੱਟੀ ਦੇ ਇੱਕ ਖੇਤ ਵਿੱਚ ਸਰਵੇਖਣ ਕਰਦੀ ਹੋੋਈ ਪੀਏਯੂ ਦੇ ਮਾਹਿਰਾਂ ਦੀ ਟੀਮ।
Advertisement

ਖੇਤਰੀ ਪ੍ਰਤੀਨਿਧ
ਲੁਧਿਆਣਾ, 30 ਜੂਨ
ਪੰਜਾਬ ਵਿੱਚ ਨਰਮੇ ਦੀ ਫ਼ਸਲ ਨੂੰ ਗੁਲਾਬੀ ਸੁੰਡੀ ਦੇ ਹਮਲਿਆਂ ਤੋਂ ਬਚਾਉਣ ਲਈ ਪੀਏਯੂ ਦੇ ਅਧਿਕਾਰੀਆਂ ਦੀ ਇੱਕ ਟੀਮ ਨੇ ਨਰਮਾ ਪੱਟੀ ਦਾ ਦੌਰਾ ਕੀਤਾ। ਇਸ ਟੀਮ ਵਿੱਚ ਪੀਏਯੂ ਦੇ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਤੋਂ ਇਲਾਵਾ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਅਤੇ ਖੋਜ ਸਟੇਸ਼ਨ ਤੋਂ ਡਾ. ਪਰਮਜੀਤ ਸਿੰਘ, ਡਾ. ਵਿਜੈ ਕੁਮਾਰ, ਡਾ. ਰਾਜਿੰਦਰ ਕੌਰ, ਡਾ. ਕੇ ਐੱਸ ਸੇਖੋਂ, ਡਾ. ਅਮਰਜੀਤ ਸਿੰਘ ਅਤੇ ਡਾ. ਜਸਪਿੰਦਰ ਕੌਰ ਸ਼ਾਮਲ ਸਨ।
ਪੀਏਯੂ ਮਾਹਿਰਾਂ ਦੀ ਟੀਮ ਨੇ ਮਾਨਸਾ ਜ਼ਿਲ੍ਹੇ ਦੇ ਖਿਲਾਲੀ ਛਈਆਂ ਵਾਲੀ, ਸਾਹਨੇਵਾਲੀ, ਬੁਰਜ ਭਲਾਈ ਕੇ, ਝੇੜੀਆਂ ਵਾਲੀ, ਟਾਂਡੀਆਂ ਅਤੇ ਬਠਿੰਡਾ ਜ਼ਿਲ੍ਹੇ ਦੇ ਤਲਵੰਡੀ ਸਾਬੋ, ਬਹਿਮਣ ਕੌਰ ਸਿੰਘ, ਮਲਕਾਣਾ, ਸਿੰਗੋ, ਕੌਰ ਸਿੰਘ ਵਾਲਾ ਪਿੰਡਾਂ ਦਾ ਦੌਰਾ ਕਰ ਕੇ ਨਰਮੇ ਦੀ ਫ਼ਸਲ ਦਾ ਸਰਵੇਖਣ ਕੀਤਾ। ਗੁਲਾਬੀ ਸੁੰਡੀ ਨਾਲ ਨਰਮੇ ਦੀ ਫ਼ਸਲ ਦੇ ਹੋਏ ਨੁਕਸਾਨ ਤੇ ਚਿੰਤਾ ਪ੍ਰਗਟ ਕਰਦਿਆਂ ਡਾ. ਗੋਸਲ ਨੇ ਕਿਹਾ ਕਿ ਉੱਤਰੀ ਭਾਰਤ ਵਿੱਚ ਨਰਮੇ ਦੇ ਖੇਤਾਂ ਤੇ ਇਹ ਸੁੰਡੀ ਇੱਕ ਵੱਡੀ ਚੁਣੌਤੀ ਬਣੀ ਹੋਈ ਹੈ, ਜਿਸਨੂੰ ਨਜਿੱਠਣ ਲਈ ਲਗਾਤਾਰ ਸਰਵੇਖਣ ਅਤੇ ਤੁਰੰਤ ਕਾਰਵਾਈ ਕਰਨਾ ਅਤਿ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਸਰਵੇਖਣ ਦੌਰਾਨ ਇਹ ਪਤਾ ਚੱਲਿਆ ਹੈ ਕਿ ਅਗੇਤੀ ਬੀਜੀ ਫ਼ਸਲ, ਜੋ ਕਿ 60 ਤੋਂ 80 ਦਿਨਾਂ ਦੀ ਹੈ, ਉੱਤੇ ਇਹ ਸੁੰਡੀ ਜ਼ਿਆਦਾ ਹਮਲਾ ਕਰਦੀ ਹੈ ਅਤੇ 15 ਪ੍ਰਤੀਸ਼ਤ ਫ਼ਸਲ ਨੂੰ ਇਸਦੀ ਲਾਗ ਲੱਗ ਜਾਂਦੀ ਹੈ । ਜਦੋਂ ਕਿ ਸਧਾਰਨ ਹਾਲਤਾਂ ਵਿੱਚ ਬੀਜਿਆ ਬਹੁਤਾ ਖੇਤਰ ਅਜਿਹੇ ਕੀੜਿਆਂ-ਮਕੌੜਿਆਂ ਦੇ ਹਮਲਿਆਂ ਤੋਂ ਤਕਰੀਬਨ ਬਚਿਆ ਰਹਿੰਦਾ ਹੈ ਪਰ ਕਿਤੇ ਕਿਤਾਈਂ ਚਿੱਟੀ ਮੱਖੀ, ਤੇਲਾ, ਜੂੰ ਅਤੇ ਮਿੱਲੀਬੱਗ ਦੀ ਸਮੱਸਿਆ ਆ ਜਾਂਦੀ ਹੈ।
ਡਾ. ਢੱਟ ਨੇ ਨਰਮੇ ਦੀ ਫ਼ਸਲ ਤੇ ਸਿਫ਼ਾਰਸ਼ ਕੀਤੇ ਕੀਟਨਾਸ਼ਕਾਂ ਦਾ ਹਦਾਇਤਾਂ ਮੁਤਾਬਕ ਤੁਰੰਤ ਛਿੜਕਾਅ ਕਰਨ ਦੀ ਸਿਫ਼ਾਰਸ਼ ਕੀਤੀ।
ਡਾ. ਵਿਜੇ ਕੁਮਾਰ ਨੇ ਕਿਸਾਨਾਂ ਨੂੰ ਵੱਖੋ-ਵੱਖ ਥਾਵਾਂ ਤੋਂ ਘੱਟੋ-ਘੱਟ 100 ਫੁੱਲਾਂ ਖਾਸ ਤੌਰ ਤੇ ਗੁਲਾਬੀ ਫੁੱਲਾਂ ਦਾ ਸਰਵੇਖਣ ਕਰਨ ਲਈ ਕਿਹਾ। ਗੁਲਾਬੀ ਸੁੰਡੀ ਦੀ ਮੌਜੂਦਗੀ ਮਿਲਣ ’ਤੇ ਉਨ੍ਹਾਂ ਨੇ 100 ਗ੍ਰਾਮ ਇਮੈਮਕਟਿਨ ਬੈਂਜ਼ੋਏਟ 5 ਐੱਸ ਜੀ (ਪ੍ਰੋਕਲੇਮ), 500 ਮਿ.ਲੀ. ਪ੍ਰੋਫੈਨੋਫੋਸ, 50 ਈਸੀ (ਕਿਊਰਾਕਰੋਨ), 200 ਮਿ.ਲੀ. ਇੰਡੋਕਸਾਕਾਰਬ, 145 ਐੱਸ ਸੀ (ਐਵਾਊਂਟ) ਜਾਂ 250 ਗ੍ਰਾਮ ਥਿਓਡੀਕਾਰਬ 75 ਡਬਲਯੂ ਪੀ (ਲਾਰਵਿਨ) ਪ੍ਰਤੀ ਏਕੜ ਦੇ ਛਿੜਕਾਅ ਨਾਲ ਇਸ ਸੁੰਡੀ ਦੀ ਲਾਗ ਨੂੰ ਖਤਮ ਕਰਨ ਲਈ ਕਿਹਾ।

Advertisement

ਖੇਤੀ ਪ੍ਰੋਸੈਸਿੰਗ ਨਾਲ ਜਿਣਸਾਂ ਦੇ ਮੁੱਲ ’ਚ ਵਾਧਾ ਹੋਵੇਗਾ: ਗੋਸਲ

ਲੁਧਿਆਣਾ (ਖੇਤਰੀ ਪ੍ਰਤੀਨਿਧ): ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਕਿਸਾਨਾਂ ਦੀ ਆਮਦਨ ਵਧਾਉਣ ਲਈ ਖੇਤੀ ਪ੍ਰੋਸੈਸਿੰਗ ਕੰਪਲੈਕਸ ਅਹਿਮ ਭੂਮਿਕਾ ਨਿਭਾਅ ਸਕਦੇ ਹਨ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਖੇਤੀ ਉਤਪਾਦਨਾਂ ਨੂੰ ਸਿੱਧੇ ਤੌਰ ’ਤੇ ਨਹੀਂ ਵਰਤਿਆ ਜਾ ਸਕਦਾ ਜਿਸ ਲਈ ਉਨ੍ਹਾਂ ਦੀ ਪ੍ਰੋਸੈਸਿੰਗ ਕਰਨੀ ਜ਼ਰੂਰੀ ਹੁੰਦੀ ਹੈ। ਖੇਤੀ ਉਤਪਾਦਨਾਂ ਦੀ ਮੁੱਢਲੀ ਪ੍ਰੋਸੈਸਿੰਗ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆ ਡਾ. ਗੋਸਲ ਨੇ ਕਿਹਾ ਕਿ ਇਸ ਨਾਲ ਖੇਤ ਉਤਪਾਦਾਂ ਨੂੰ ਸਿੱਧੇ ਤੌਰ ’ਤੇ ਖਾਣਯੋਗ ਬਣਾਇਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਖੇਤੀ ਪ੍ਰੋਸੈਸਿੰਗ ਨਾਲ ਖੇਤੀ ਜਿਣਸਾਂ ਦੇ ਮੁੱਲ ’ਚ ਵਾਧਾ ਹੋਵੇਗਾ ਅਤੇ ਮੰਡੀਆਂ ਵਿੱਚ ਚੰਗਾ ਭਾਅ ਮਿਲਣ ਕਰ ਕੇ ਕਿਸਾਨਾਂ ਦੀ ਆਮਦਨ ਵਿੱਚ ਇਜ਼ਾਫ਼ਾ ਹੋ ਸਕੇਗਾ । ਡਾ.ਗੋਸਲ ਨੇ ਦੱਸਿਆ ਕਿ ਖੇਤੀ ਪ੍ਰੋਸੈਸਿੰਗ ਦੇ ਇਨ੍ਹਾਂ ਫਾਇਦਿਆਂ ਨੂੰ ਮੱਦੇਨਜ਼ਰ ਰੱਖਦਿਆਂ ਪੀ.ਏ.ਯੂ. ਦੇ ਪ੍ਰੋਸੈਸਿੰਗ ਅਤੇ ਫੂਡ ਇੰਜੀਨਅਰਿੰਗ ਵਿਭਾਗ ਵਲੋਂ ਖੇਤੀ ਪ੍ਰੋਸੈਸਿੰਗ ਕੰਪਲੈਕਸ ਸਥਾਪਿਤ ਕਰਨ ਦਾ ਸੰਕਲਪ ਦਿੱਤਾ ਗਿਆ ਹੈ।

Advertisement
Tags :
Author Image

joginder kumar

View all posts

Advertisement
Advertisement
×