ਪੀਏਯੂ: ਖੇਤੀ ਅਜਾਇਬ ਘਰਾਂ ਦੀ ਕੌਮਾਂਤਰੀ ਕਾਨਫਰੰਸ ਸਮਾਪਤ
ਸਤਵਿੰਦਰ ਬਸਰਾ
ਲੁਧਿਆਣਾ, 18 ਅਕਤੂਬਰ
ਪੀਏਯੂ ਵਿਚ ਬੀਤੇ ਤਿੰਨ ਦਿਨਾਂ ਤੋਂ ਜਾਰੀ ਖੇਤੀ ਅਜਾਇਬ ਘਰਾਂ ਦੀ 20ਵੀਂ ਕੌਮਾਂਤਰੀ ਕਾਨਫਰੰਸ ਅੱਜ ਨਿੱਘੀਆਂ ਯਾਦਾਂ ਛੱਡਦੀ ਸਮਾਪਤ ਹੋ ਗਈ। ਇਸ ਵਿਚ ਆਸਟ੍ਰੇਲੀਆ, ਅਮਰੀਕਾ, ਸਲੋਵੇਨੀਆ, ਬਰਤਾਨੀਆ ਅਤੇ ਭਾਰਤ ਤੋਂ ਤਿੰਨ ਦਰਜਨ ਦੇ ਕਰੀਬ ਡੈਲੀਗੇਟ ਸ਼ਾਮਲ ਹੋਏ। ਇਨ੍ਹਾਂ ਡੈਲੀਗੇਟਾਂ ਨੇ ਕਾਨਫਰੰਸ ਦੇ ਆਖਰੀ ਦਿਨ ਪੀਏਯੂ ਦੇ ਤਜਰਬਾ ਖੇਤਾਂ ਦਾ ਦੌਰਾ ਕਰਨ ਦੇ ਨਾਲ-ਨਾਲ ਕ੍ਰਿਸ਼ੀ ਵਿਗਿਆਨ ਕੇਂਦਰ ਨੂਰਮਹਿਲ ਵਿਚ ਪਸਾਰ ਗਤੀਵਿਧੀਆਂ ਨੂੰ ਦੇਖਿਆ। ਤਿੰਨ ਸਾਲ ਬਾਅਦ ਹੋਣ ਵਾਲੀ ਇਹ ਕਾਨਫਰੰਸ ਖੇਤੀ ਅਜਾਇਬ ਘਰਾਂ ਦੀ ਕੌਮਾਂਤਰੀ ਐਸੋਸੀਏਸ਼ਨ ਵੱਲੋਂ ਆਯੋਜਿਤ ਕੀਤੀ ਜਾਂਦੀ ਹੈ। ਵਫ਼ਦ ਦੇ ਮੈਂਬਰਾਂ ਨੇ ਕ੍ਰਿਸ਼ੀ ਵਿਗਿਆਨ ਕੇਂਦਰ ਨੂਰਮਹਿਲ ਵਿਚ ਕਿਸਾਨਾਂ ਤੱਕ ਸੂਚਨਾ ਪ੍ਰਸਾਰਿਤ ਕਰਨ ਦੇ ਤਰੀਕਿਆਂ ਨੂੰ ਦੇਖਿਆ। ਖੇਤ ਵਿਚ ਗੱਲਬਾਤ ਕਰਦਿਆਂ ਵਫ਼ਦ ਮੈਂਬਰਾਂ ਨੇ ਪੰਜਾਬ ਵਿਚ ਭੋਜਨ ਅਤੇ ਪੋਸ਼ਣ ਦੇ ਨਾਲ-ਨਾਲ ਖੇਤੀ ਸਥਿਰਤਾ ਸਬੰਧੀ ਗੱਲਬਾਤ ਕੀਤੀ। ਉਨ੍ਹਾਂ ਪੰਜਾਬ ਵਿਚ ਪਾਣੀ ਦੇ ਘੱਟ ਰਹੇ ਪੱਧਰ ਬਾਰੇ ਚਿੰਤਾ ਪ੍ਰਗਟ ਕਰਦਿਆਂ ਥੋੜੇ ਮਿਆਦ ਵਿਚ ਪੱਕਣ ਵਾਲੀਆਂ ਕਿਸਮਾਂ ਵੱਲ ਕਿਸਾਨਾਂ ਦੇ ਰੁਝਾਨ ’ਤੇ ਤਸੱਲੀ ਪ੍ਰਗਟਾਈ। ਇਸ ਤੋਂ ਇਲਾਵਾ ਮਾਹਿਰਾਂ ਨੇ ਖੇਤੀ ਵਿਭਿੰਨਤਾ ਵਿਸ਼ੇਸ਼ ਕਰ ਕੇ ਬਾਗਬਾਨੀ ਫਸਲਾਂ ਵਿਚ ਕਿੰਨੂ ਦੀ ਕਾਸ਼ਤ ਬਾਰੇ ਵਫ਼ਦ ਮੈਂਬਰਾਂ ਨੂੰ ਜਾਣਕਾਰੀ ਦਿੱਤੀ। ਵਫ਼ਦ ਨੇ ਪੰਜਾਬ ਵਿਚ ਜੈਵਿਕ ਖੇਤੀ ਦੀਆਂ ਸੰਭਾਵਨਾਵਾਂ, ਦੁੱਧ ਉਤਪਾਦਨ ਅਤੇ ਸਹਾਇਕ ਧੰਦਿਆਂ ਵਿਸ਼ੇਸ਼ ਕਰ ਕੇ ਖੁੰਬਾਂ ਅਤੇ ਪਸ਼ੂ ਪਾਲਣ ਸਬੰਧੀ ਮਾਹਿਰਾਂ ਦੀ ਗੱਲਬਾਤ ਸੁਣੀ। ਇਹ ਸਮੁੱਚਾ ਦੌਰਾ ਪਸਾਰ ਸਿੱਖਿਆ ਵਿਭਾਗ ਦੇ ਮੁਖੀ ਡਾ. ਕੁਲਦੀਪ ਸਿੰਘ ਅਤੇ ਸੰਸਥਾਈ ਸੰਪਰਕ ਦੇ ਸਹਿਯੋਗੀ ਨਿਰਦੇਸ਼ਕ ਡਾ. ਵਿਸ਼ਾਲ ਬੈਕਟਰ ਦੀ ਨਿਗਰਾਨੀ ਹੇਠ ਨੇਪਰੇ ਚੜ੍ਹਿਆ।