ਪੀਏਯੂ ਫਰੂਟ ਫਲਾਈ ਟਰੈਪ
ਹਰਪਾਲ ਸਿੰਘ ਰੰਧਾਵਾ/ਸੰਦੀਪ ਸਿੰਘ/ਹਰਪ੍ਰੀਤ ਕੌਰ ਚੀਮਾ*
ਬਾਗ਼ਬਾਨੀ ਫ਼ਸਲਾਂ ਵਿਸ਼ਵ ਵਿਆਪੀ ਖੇਤੀ ਉਤਪਾਦਨ ਦਾ ਮਹੱਤਵਪੂਰਨ ਹਿੱਸਾ ਹਨ। ਇਸੇ ਤਰ੍ਹਾਂ ਸਬਜ਼ੀਆਂ ਆਮਦਨੀ ਦੇ ਵਾਧੇ ਅਤੇ ਪੋਸ਼ਣ ਸੁਰੱਖਿਆ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਪਰ ਫਲਦਾਰ ਬੂਟਿਆਂ ਅਤੇ ਸਬਜ਼ੀਆਂ ਦਾ ਝਾੜ ਅਤੇ ਗੁਣਵੱਤਾ (ਕੁਆਲਟੀ) ਆਸ ਤੋਂ ਬਹੁਤ ਥੱਲੇ ਹੈ ਜਿਸ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਕਿ ਕੀੜੇ-ਮਕੌੜਿਆਂ ਦਾ ਹਮਲਾ। ਇਨ੍ਹਾਂ ਵਿੱਚੋਂ ਬਹੁਤਾ ਮਹੱਤਵ ਰੱਖਣ ਵਾਲੇ ਕੀੜਾ ਫਲਾਂ ਦੀ ਮੱਖੀ ਹੈ। ਫਲ ਮੱਖੀਆਂ ਦੀਆਂ ਕਈ ਕਿਸਮਾਂ ਫਲਦਾਰ ਬੂਟਿਆਂ ’ਤੇ ਹਮਲਾ ਕਰ ਕੇ ਉਤਪਾਦਨ ਅਤੇ ਗੁਣਵੱਤਾ ਨੂੰ ਬਹੁਤ ਪ੍ਰਭਾਵਿਤ ਕਰਦੀਆਂ ਹਨ। ਇਨ੍ਹਾਂ ਮੱਖੀਆਂ ਦੀ ਲਾਗ ਕਰ ਕੇ ਫਲਾਂ ਦੀ ਨਿਰਯਾਤ ਦਾ ਨੁਕਸਾਨ ਬਹੁਤ ਜ਼ਿਆਦਾ ਵਧ ਜਾਂਦਾ ਹੈ। ਮੱਖੀ ਦੀ ਰੋਕਥਾਮ ਵਾਸਤੇ ਰਸਾਇਣਕ ਦਵਾਈਆਂ ਨੂੰ ਪਹਿਲ ਦਿੱਤੀ ਜਾਂਦੀ ਹੈ, ਜੋ ਹਵਾ, ਪਾਣੀ ਅਤੇ ਵਾਤਾਵਰਨ ਨੂੰ ਵੀ ਪ੍ਰਦੂਸ਼ਿਤ ਕਰਦੀਆਂ ਹਨ। ਇਸ ਲਈ ਫਲ ਮੱਖੀਆਂ ਦੀ ਪੀਏਯੂ ਫਰੂਟ ਫਲਾਈ ਟਰੈਪ ਦੀ ਵਰਤੋਂ ਨਾਲ ਰੋਕਥਾਮ ਕਰ ਕੇ ਮਨੁੱਖੀ ਸਿਹਤ ਅਤੇ ਵਾਤਾਵਰਨ ਦੀ ਸਾਂਭ-ਸੰਭਾਲ ਕੀਤੀ ਜਾ ਸਕਦੀ ਹੈ ਅਤੇ ਫਲਦਾਰ ਫ਼ਸਲਾਂ ਅਤੇ ਸਬਜ਼ੀਆਂ ਤੋਂ ਵੱਧ ਆਮਦਨੀ ਪ੍ਰਾਪਤ ਕੀਤੀ ਜਾ ਸਕਦੀ ਹੈ। ਪੰਜਾਬ ਦੇ ਫਲ ਜਿਵੇਂ ਕਿ ਕਿੰਨੂ, ਅੰਬ, ਅਮਰੂਦ, ਨਾਸ਼ਪਾਤੀ, ਆੜੂ ਅਲੂਚੇ ਅਤੇ ਬੇਰ ਵਿੱਚ ਫਲ ਦੀਆਂ ਮੱਖੀਆਂ ਦੀ ਰੋਕਥਾਮ ਲਈ ਪੀਏਯੂ ਫਰੂਟ ਫਲਾਈ ਟਰੈਪ ਨਾਲ ਕੀਤੀ ਜਾ ਸਕਦੀ ਹੈ। ਸਬਜ਼ੀਆਂ ਲਈ ਵਰਤੇ ਜਾਣ ਵਾਲੇ ਫਰੂਟ ਫਲਾਈ ਟਰੈਪ ਵਿੱਚ ਕਯੂ-ਲਿਉਰ ਹੁੰਦਾ ਹੈ ਅਤੇ ਇਸ ਦੀ ਵਰਤੋਂ ਕੱਦੂ-ਜਾਤੀ ਦੀਆਂ ਫ਼ਸਲਾਂ ਜਿਵੇਂ ਕਿ ਕਰੇਲਾ ਅਤੇ ਕਾਲੀ ਤੋਰੀ ਵਿੱਚ ਕੀਤੀ ਜਾ ਸਕਦੀ ਹੈ।
ਬਾਲਗ ਫਲ ਮੱਖੀ ਭੂਰੇ ਜਾਂ ਗੂੜੇ ਭੂਰੇ ਰੰਗ, ਮੋਟੇ ਚਮਕਦਾਰ ਖੰਭਾਂ, ਪੀਲੀਆਂ ਲੱਤਾਂ ਵਾਲੀ ਆਮ ਘਰੇਲੂ ਮੱਖੀ ਨਾਲੋਂ ਥੋੜ੍ਹੀ ਵੱਡੀ ਹੁੰਦੀ ਹੈ। ਬਾਲਗ ਮਾਦਾ ਮੱਖੀ ਫਲਾਂ ਦੀ ਚਮੜੀ ਦੇ ਬਿਲਕੁਲ ਹੇਠਾਂ ਆਂਡੇ ਦਿੰਦੀ ਹੈ। ਮੱਖੀ ਦੀ ਸੁੰਡੀ ਲੱਤਾਂ ਤੋਂ ਰਹਿਤ ਹੁੰਦੀ ਹੈ, ਫਲ ਦੇ ਅੰੰਦਰ ਵੱਡੀ ਹੋ ਕੇ ਫਲ ਦਾ ਗੁੱਦਾ ਖਾਂਦੀ ਹੈ। ਹਮਲੇ ਵਾਲੇ ਫਲ ਗਲ ਜਾਂਦੇ ਹਨ ਅਤੇ ਬਹੁਤ ਗੰਦੀ ਬਦਬੂ ਆਉਂਦੀ ਹੈ। ਸੁੰਡੀ ਫਲ ਦੇ ਗੁੱਦੇ ਵਿੱਚ ਹੀ ਵਿਕਸਿਤ ਹੁੰਦੀ ਹੈ, ਜੋ ਫਲਾਂ ਵਿੱਚੋਂ ਬਾਹਰ ਨਿਕਲਣ ਤੇ ਹੋਰ ਜੀਵ/ਦੂਜੀ ਲਾਗ (ਸੈਕੰਡਰੀ ਇਨਫੈਕਸ਼ਨ) ਲਈ ਪ੍ਰਵੇਸ਼ ਦੇ ਕੰਮ ਕਰਦੀ ਹੈ। ਸੁੰਡੀ ਤੋਂ ਬਾਲਗ ਮੱਖੀ ਜ਼ਮੀਨ ਵਿੱਚ ਬਣਦੀ ਹੈ। ਉਭਰਨ ਤੋਂ ਬਾਅਦ ਬਾਲਗ ਮੱਖੀ ਜਲਦੀ ਹੀ ਪੋਸ਼ਣ ਲੱਭਣਾ ਸ਼ੁਰੂ ਕਰ ਦਿੰਦਾ ਹੈ, ਜਿਸ ਦੀ ਉਸ ਨੂੰ ਜਿਣਸੀ ਪਰਿਪੱਕਤਾ, ਜੀਵਨ ਸਾਥੀ ਤੱਕ ਪਹੁੰਚਣ ਅਤੇ ਫਲਾਂ ਵਿੱਚ ਆਂਡੇ ਦੇਣ ਦੀ ਲੋੜ ਹੁੰਦੀ ਹੈ। ਕੱਦੂ ਜਾਤੀ ਦੀ ਫਲ ਮੱਖੀ 4-12 ਆਂਡੇ ਫੁੱਲਾਂ ਜਾਂ ਪੱਕ ਰਹੇ ਫਲਾਂ ’ਤੇ ਦਿੰਦੀ ਹੈ। ਇਸ ਦੀਆਂ ਸੁੰਡੀਆਂ ਫਲਾਂ ਨੂੰ ਅੰਦਰੋਂ ਨੁਕਸਾਨ ਕਰਦੀਆਂ ਹਨ ਜਿਸ ਕਾਰਨ ਹਮਲੇ ਵਾਲੇ ਫਲ ਖਾਣ ਦੇ ਯੋਗ ਨਹੀਂ ਰਹਿੰਦੇ।
ਪੀਏਯੂ ਫਰੂਟ ਫਲਾਈ ਟਰੈਪ ਦੀ ਵਰਤੋਂ ਕਿਵੇਂ ਕਰੀਏ
• ਬਾਗ਼ ਵਿੱਚ 16 ਪੀਏਯੂ ਫਰੂਟ ਫਲਾਈ ਟਰੈਪ ਪ੍ਰਤੀ ਏਕੜ ਲਗਾਉ ਅਤੇ ਲੋੜ ਪੈਣ ’ਤੇ ਇੱਕ ਮਹੀਨੇ ਬਾਅਦ ਬਦਲੋ। ਟਰੈਪਾਂ ਨੂੰ ਬਾਗ਼ਾਂ ਵਿੱਚ ਉਸ ਸਮੇਂ ਤੱਕ ਲਗਾਈ/ ਟੰਗੀ ਰੱਖੋ ਜਦੋਂ ਤੱਕ ਫਲਾਂ ਦੀ ਪੂਰੀ ਤੁੜਾਈ ਨਾ ਹੋ ਜਾਵੇ।
• ਟਰੈਪਾਂ ਨੂੰ ਰੁੱਖਾਂ ਦੇ ਨਾਲ ਲੋਹੇ ਦੀ ਤਾਰ ਜਾਂ ਮਜ਼ਬੂਤ ਧਾਗੇ/ ਸੇਬੇ ਨਾਲ ਰੁੱਖਾਂ ਦੀ ਉੱਚਾਈ ਦੇ ਹਿਸਾਬ ਨਾਲ ਜ਼ਮੀਨ ਤੋਂ ਤਕਰੀਬਨ 1 ਤੋਂ 1.5 ਮੀਟਰ ਉੱਚਾ, ਸੂਰਜ/ਧੁੱਪ ਦੀ ਉਲਟ ਦਿਸ਼ਾ ਵਾਲੇ ਪਾਸੇ ਹੀ ਟੰਗੋ।
• ਪੀਏਯੂ ਫਰੂਟ ਫਲਾਈ ਟਰੈਪ ਨੂੰ ਸਿਫ਼ਾਰਸ਼ ਕੀਤੀ ਗਿਣਤੀ ਅਨੁਸਾਰ ਹੀ ਫਲ ਮੱਖੀ ਦਾ ਹਮਲਾ ਹੋਣ ਤੋਂ ਪਹਿਲਾਂ ਬਾਗ਼ਾਂ ਵਿੱਚ ਲਗਾ/ਟੰਗ ਦੇਣਾ ਚਾਹੀਦਾ ਹੈ ਅਤੇ ਟਰੈਪ ਲਾਉਣ ਤੋਂ ਬਾਅਦ ਜੇ ਫਲਾਂ ’ਤੇ ਮੱਖੀ ਦਾ ਤਾਜ਼ਾ ਹਮਲਾ ਜ਼ਿਆਦਾ ਹੋਵੇ ਤਾਂ ਟਰੈਪ ਵਿੱਚ ਖੁਸ਼ਬੂ ਦੀ ਨਵੀਂ ਟਿੱਕੀ ਪਾ ਲਾਉ।
ਪੀਏਯੂ ਫਰੂਟ ਫਲਾਈ ਟਰੈਪ ਲਾਉਣ ਦਾ ਸਮਾਂ: ਅਲੂਚਾ ਲਈ ਅਪਰੈਲ ਦੇ ਦੂਜੇ ਹਫ਼ਤੇ। ਨਾਸ਼ਪਾਤੀ ਲਈ ਜੂਨ ਦੇ ਪਹਿਲੇ ਹਫ਼ਤੇ। ਆੜੂ ਲਈ ਮਈ ਦੇ ਪਹਿਲੇ ਹਫ਼ਤੇ। ਅਮਰੂਦ ਲਈ ਜੁਲਾਈ ਦੇ ਪਹਿਲੇ ਹਫ਼ਤੇ। ਅੰਬ ਲਈ ਮਈ ਦੇ ਤੀਜੇ ਹਫ਼ਤੇ। ਕਿੰਨੂ ਲਈ ਅਗਸਤ ਦੇ ਦੂਜੇ ਹਫ਼ਤੇ। ਤੋਰੀ (ਬਹਾਰ ਰੁੱਤ) ਲਈ ਅਪਰੈਲ ਦੇ ਤੀਜੇ-ਚੌਥੇ ਹਫ਼ਤੇ। ਕਰੇਲਾ (ਬਹਾਰ ਰੁੱਤ) ਲਈ ਮਾਰਚ ਦੇ ਤੀਜੇ-ਚੌਥੇ ਹਫ਼ਤੇ। ਤੋਰੀ (ਬਰਸਾਤੀ) ਲਈ ਜੂਨ ਦੇ ਆਖ਼ਰੀ ਹਫ਼ਤੇ। ਕਰੇਲਾ (ਬਰਸਾਤੀ) ਲਈ ਜੂਨ ਦੇ ਆਖ਼ਰੀ ਹਫ਼ਤੇ।
ਪੀਏਯੂ ਫਰੂਟ ਫਲਾਈ ਟਰੈਪ ਬੇਰ ਵਿੱਚ ਫਲਾਂ ਦੀ ਮੱਖੀ ਦੀ ਰੋਕਥਾਮ ਲਈ ਕਾਰਗਰ ਹੈ ਕਿਉਂਕਿ ਇਹ ਕੀੜਾ ਫਰਵਰੀ-ਮਾਰਚ ਦੇ ਮਹੀਨੇ ਹਮਲਾ ਕਰਦਾ ਹੈ, ਇਸ ਲਈ ਟਰੈਪ ਲਾਉਣ ਦਾ ਸਮਾਂ ਫਰਵਰੀ ਦਾ ਪਹਿਲਾ ਹਫ਼ਤਾ ਹੈ।
ਪੀਏਯੂ ਫਰੂਟ ਫਲਾਈ ਟਰੈਪ ਦੇ ਫ਼ਾਇਦੇ-
• ਕੀਟਨਾਸ਼ਕਾਂ ’ਤੇ ਆਉਂਦੇ ਖ਼ਰਚ ਦੇ ਮੁਕਾਬਲੇ ਇਹ ਬਹੁਤ ਸਸਤੀ ਤਕਨੀਕ ਹੈ। ਇਸ ਦੀ ਵਰਤੋਂ ਨਾਲ ਨਰ ਮੱਖੀਆਂ ਬਹੁਤ ਘੱਟ ਸਮੇਂ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਟਰੈਪ ਵਿੱਚ ਫਸ ਕੇ ਮਰ ਜਾਂਦੀਆਂ ਹਨ ਜਿਸ ਕਰ ਕੇ ਨਵੀਆਂ ਮੱਖੀਆਂ ਘੱਟ ਗਿਣਤੀ ਵਿੱਚ ਪੈਦਾ ਹੁੰਦੀਆਂ ਹਨ।
• ਕੀਟਨਾਸ਼ਕਾਂ ਦੇ ਮੁਕਾਬਲੇ ਟਰੈਪ ਦੀ ਵਰਤੋਂ ਨਾਲ ਬਾਗ਼ਾਂ ਵਿੱਚ ਲੰਬੇ ਸਮੇਂ ਤੱਕ ਮੱਖੀਆਂ ਦੀ ਰੋਕਥਾਮ ਹੁੰਦੀ ਹੈ। ਜੇ ਬਾਗ਼ਾਂ ਵਿੱਚ ਮੱਖੀਆਂ ਦਾ ਸਿਰਫ਼ ਨਿਰੀਖਣ ਹੀ ਕਰਨਾ ਹੋਵੇ ਤਾਂ ਟਰੈਪ ਹੋਰ ਵੀ ਲੰਬਾ ਸਮਾਂ ਕੰਮ ਕਰਦੇ ਹਨ।
• ਪੀਏਯੂ ਫਰੂਟ ਫਲਾਈ ਟਰੈਪਾਂ ਦੀ ਵਰਤੋਂ ਮੱਖੀਆਂ ਦੇ ਸੰਯੁਕਤ ਕੀਟ ਪ੍ਰਬੰਧ ਪ੍ਰੋਗਰਾਮ ਵਿੱਚ ਪੂਰੀ ਤਰ੍ਹਾਂ ਸਹਾਈ ਹੁੰਦੀ ਹੈ ਅਤੇ ਟਰੈਪ ਬਰਸਾਤਾਂ ਵਿੱਚ ਵੀ ਕਾਮਯਾਬ ਹੁੰਦੇ ਹਨ। ਟਰੈਪਾਂ ਦੀ ਵਰਤੋਂ ਨਾਲ ਮਿੱਤਰ ਕੀੜਿਆਂ ’ਤੇ ਕੋਈ ਵੀ ਮਾੜਾ ਅਸਰ ਨਹੀਂ ਪੈਂਦਾ।
• ਫਲਾਂ ਦੀ ਤੁੜਾਈ ਖ਼ਤਮ ਹੋਣ ਤੋਂ ਬਾਅਦ ਟਰੈਪਾਂ ਨੂੰ ਹੋਰ ਬਾਗ਼ਾਂ ਵਿੱਚ ਵਰਤਿਆ ਜਾ ਸਕਦਾ ਹੈ, ਲੋੜ ਅਨੁਸਾਰ ਉਨ੍ਹਾਂ ਵਿੱਚ ਵਰਤੀ ਜਾਣ ਵਾਲੀ ਖੁਸ਼ਬੂ ਦੀ ਟਿੱਕੀ ਦੁਬਾਰਾ ਲਗਾ ਲਈ ਜਾਵੇ।
• ਇੱਕ ਪੀਏਯੂ ਫਰੂਟ ਫਲਾਈ ਟਰੈਪ ਵਿੱਚ 6000 ਦੇ ਕਰੀਬ ਨਰ ਮੱਖੀਆਂ ਫਸ ਕੇ ਮਰ ਸਕਦੀਆਂ ਹਨ। ਇਸ ਤਕਨੀਕ ਦੀ ਵਰਤੋਂ ਨਾਲ ਪਾਣੀ ਦੀ ਵੀ ਕਾਫ਼ੀ ਬੱਚਤ ਹੁੰਦੀ ਹੈ ਜੋ ਕਿ ਕੀਟਨਾਸ਼ਕਾਂ ਦੇ ਛਿੜਕਾਅ ਲਈ ਲੋੜੀਂਦਾ ਹੁੰਦਾ ਹੈ।
• ਬਾਗ਼ਾਂ ਵਿੱਚ ਲੱਗਣ ਵਾਲੇ ਪੀਏਯੂ ਫਰੂਟ ਫਲਾਈ ਟਰੈਪ ਦੀ ਕੀਮਤ 118 ਰੁਪਏ ਪ੍ਰਤੀ ਟਰੈਪ ਹੈ ਤੇ ਟਰੈਪ ਪੀਏਯੂ, ਲੁਧਿਆਣਾ ਦੇ ਫਲ ਵਿਗਿਆਨ ਵਿਭਾਗ ਦੀ ਕੀਟ ਵਿਗਿਆਨ ਪ੍ਰਯੋਗਸ਼ਾਲਾ ਵਿੱਚ ਉਪਲਬਧ ਹਨ। ਬੁਕਿੰਗ sandeep_pau.1974@pau.edu ਜਾਂ ਆਪਣੇ ਜ਼ਿਲ੍ਹੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ/ ਫਾਰਮ ਸਲਾਹਕਾਰ ਸੇਵਾ ਕੇਂਦਰ/ ਖੇਤਰੀ ਖੋਜ ਕੇਂਦਰ/ ਫਲ ਖੋਜ ਕੇਂਦਰ ਜਾਂ ਪੰਜਾਬ ਸਰਕਾਰ ਦੇ ਬਾਗ਼ਬਾਨੀ ਵਿਭਾਗ ਦੇ ਡਿਪਟੀ ਡਾਇਰੈਕਟਰ ਜਾਂ ਬਾਗ਼ਬਾਨੀ ਵਿਕਾਸ ਅਫ਼ਸਰ ਕੋਲ ਵੀ ਕਰਵਾ ਸਕਦੇ ਹਨ।
• ਸਬਜ਼ੀਆਂ ਵਿੱਚ ਲੱਗਣ ਵਾਲੇ ਪੀਏਯੂ ਫਰੂਟ ਫਲਾਈ ਟਰੈਪ ਦੀ ਕੀਮਤ 120 ਰੁਪਏ ਪ੍ਰਤੀ ਟਰੈਪ ਹੈ ਅਤੇ ਇਹ ਟਰੈਪ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਵੈਜੀਟੇਬਲ (ਸਬਜ਼ੀ) ਵਿਗਿਆਨ ਵਿਭਾਗ (ਈਮੇਲ harpalsinghbhullar@pau.edu) ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ।
*ਫਲ ਵਿਗਿਆਨ ਵਿਭਾਗ, ਕੀਟ ਵਿਗਿਆਨ ਵਿਭਾਗ, ਪੀਏਯੂ, ਲੁਧਿਆਣਾ।
ਈਮੇਲ: harpals_randhawa@pau.edu