ਪੀਏਯੂ: ਕੌਮਾਂਤਰੀ ਕਾਨਫਰੰਸ ਦੌਰਾਨ ਜੈਵ ਵਿਭਿੰਨਤਾ ਵਿਸ਼ੇ ’ਤੇ ਚਰਚਾ
ਖੇਤਰੀ ਪ੍ਰਤੀਨਿਧ
ਲੁਧਿਆਣਾ, 14 ਨਵੰਬਰ
ਪੀਏਯੂ ਵਿੱਚ ‘ਜਲਵਾਯੂ ਬਦਲਾਅ ਤੇ ਊਰਜਾ ਪਰਿਵਰਤਨ ਸਾਹਮਣੇ ਖੇਤੀ ਭੋਜਨ ਪ੍ਰਬੰਧ’ ਵਿਸ਼ੇ ’ਤੇ ਚਲ ਰਹੀ ਕਾਨਫਰੰਸ ਵਿੱਚ ਤੀਜੇ ਦਿਨ ਜੈਵ ਵਿਭਿੰਨਤਾ ਤੋਂ ਇਲਾਵਾ ਮੁੜ ਉਪਜਾਇਕ ਖੇਤੀ ਅਤੇ ਸਥਿਰ ਵਿਕਾਸ ਬਾਰੇ ਪੇਸ਼ਕਾਰੀਆਂ ਅਤੇ ਵਿਚਾਰਾਂ ਹੋਈਆਂ। ਮਾਹਰਾਂ ਨੇ ਬਦਲਦੇ ਮੌਸਮੀ ਹਾਲਾਤ ਸਾਹਮਣੇ ਮਨੁੱਖੀ ਭੋਜਨ ਦੀਆਂ ਲੋੜਾਂ ਅਤੇ ਵਾਤਾਵਰਨ ਦੀ ਸੰਭਾਲ ਵਿਚਕਾਰ ਸੰਤੁਲਨ ਬਨਾਉਣ ’ਤੇ ਜ਼ੋਰ ਦਿੱਤਾ। ਅੱਜ ਦਾ ਦਿਨ ਖੇਤੀਬਾੜੀ ਰਾਹੀਂ ਜੈਵ ਵਿਭਿੰਨਤਾ ਅਤੇ ਸੇਵਾ ਵਿਸ਼ੇ ’ਤੇ ਪੋਸਟਰ ਸ਼ੈਸਨ ਨਾਲ ਸ਼ੁਰੂ ਹੋਇਆ। ਤਕਨੀਕੀ ਸ਼ੈਸਨ ਵਿੱਚ ਪੀਏਯੂ ਵਿੱਚ ਆਈਸੀਏਆਰ ਦੇ ਕੌਮੀ ਪ੍ਰੋਫੈਸਰ ਡਾ. ਬਿਜੈ ਸਿੰਘ ਨੇ ਕਿਹਾ ਕਿ ਨਾਈਟ੍ਰੋਜਨ ਖਾਦ ਦੀ ਢੁੱਕਵੀਂ ਵਰਤੋਂ ’ਤੇ ਜ਼ੋਰ ਦੇਣ ਦੀ ਸਖ਼ਤ ਲੋੜ ਹੈ। ਉਨ੍ਹਾਂ ਫਸਲ ਉਤਪਾਦਨ ਲਈ ਨਾਈਟ੍ਰੋਜਨ ਦੀ ਲੰਮੇ ਸਮੇਂ ਤੱਕ ਵਰਤੋਂ ਦੇ ਪ੍ਰਭਾਵਾਂ ਬਾਰੇ ਗੱਲ ਕੀਤੀ। ਇੰਟਰਨੈਸ਼ਨਲ ਯੂਨੀਅਨ ਆਫ ਫੌਰੈਸਟਰੀ ਰਿਸਰਚ ਆਰਗਨਾਈਜ਼ੇਸ਼ਨ ਦੇ ਖੇਤੀ ਜੰਗਲਾਤ ਖੋਜ ਸਮੂਹ ਦੇ ਸੰਯੋਜਕ ਡਾ. ਸਵੈਯੰਭੂ ਮਨ ਅਮਰਤਿਆ ਨੇ ਭਵਿੱਖ ਵਿਚ ਜੰਗਲਾਂ ਦੀ ਸੰਭਾਲ ਅਤੇ ਵਾਤਾਵਰਨ ਦੀ ਦੇਖ ਰੇਖ ਬਾਰੇ ਨੁਕਤੇ ਸਾਂਝੇ ਕੀਤੇ। ਸਵਿਟਜ਼ਰਲੈਂਡ ਦੀ ਬੋਨ ਯੂਨੀਵਰਸਿਟੀ ਦੇ ਅਪਲਾਈਡ ਸਾਇੰਸਿਜ਼ ਵਿਭਾਗ ਤੋਂ ਡਾ. ਗੁਰਬੀਰ ਸਿੰਘ ਭੁੱਲਰ ਨੇ ਕਿਸਾਨੀ ਸਮਾਜ ਅਤੇ ਯੋਜਨਾਵਾਂ ਵਿਚਕਾਰ ਤਿੜਕੇ ਸੰਪਰਕ ਬਾਰੇ ਆਪਣੇ ਵਿਚਾਰ ਰੱਖੇ। ਡਾ. ਸਮਿਤਾ ਸਰੋਹੀ ਨੇ ਕਾਰਬਨ ਦੇ ਕਿਸਾਨੀ ਉੱਪਰ ਪੈਣ ਵਾਲੇ ਪ੍ਰਭਾਵਾਂ ਦੀ ਗੱਲ ਕੀਤੀ। ਇਸ ਤੋਂ ਇਲਾਵਾ ਆਈਸੀਏਆਰ ਦੇ ਵਿਗਿਆਨੀ ਡਾ. ਟੀਵੀਕੇ ਸਿੰਘ ਨੇ ਖਤਰਨਾਕ ਕੀੜਿਆਂ ਤੇ ਇਸ ਦੇ ਵਾਤਾਵਰਨ ਉੱਪਰ ਪੈਣ ਵਾਲੇ ਪ੍ਰਭਾਵਾਂ ਨੂੰ ਉਜਾਗਰ ਕੀਤਾ। ਡਾ. ਪ੍ਰਮੋਦ ਕੁਮਾਰ ਝਾਅ ਨੇ ਕਿਹਾ ਕਿ ਪੌਦਿਆਂ ਦੀਆਂ ਖਤਰਨਾਕ ਪ੍ਰਜਾਤੀਆਂ ਦਾ ਨੇਪਾਲ ਅਤੇ ਨੇੜਲੇ ਖੇਤਰਾਂ ’ਤੇ ਬੁਰਾ ਪ੍ਰਭਾਵ ਅਹਿਮ ਮੁੱਦਾ ਹੈ।
ਫੁੱਲ ਵਿਗਿਆਨੀ ਪਰਮਿੰਦਰ ਸਿੰਘ ਨੂੰ ਵੱਕਾਰੀ ਫੈਲੋਸ਼ਿਪ
ਪੀਏਯੂ ਦੇ ਫਲੋਰੀਕਲਚਰ ਅਤੇ ਲੈਂਡਸਕੇਪਿੰਗ ਵਿਭਾਗ ਦੇ ਮੁਖੀ ਡਾ. ਪਰਮਿੰਦਰ ਸਿੰਘ ਨੂੰ ਸਜਾਵਟੀ ਬਾਗਬਾਨੀ ਬਾਰੇ ਭਾਰਤੀ ਸੁਸਾਇਟੀ ਨੇ ਫੈਲੋਸ਼ਿਪ ਨਾਲ ਨਿਵਾਜਿਆ ਗਿਆ ਹੈ। ਇਹ ਫੈਲੋਸ਼ਿਪ ਮਹਾਰਾਣਾ ਪ੍ਰਤਾਪ ਹਾਰਟੀਕਲਚਰ ਯੂਨੀਵਰਸਿਟੀ ਕਰਨਾਲ ਵਿੱਚ ਹੋਈ ਦੋ ਰੋਜ਼ਾ ਕੌਮੀ ਕਾਨਫਰੰਸ ਦੌਰਾਨ ਦਿੱਤੀ ਗਈ। ਜ਼ਿਕਰਯੋਗ ਹੈ ਕਿ ਡਾ. ਪਰਮਿੰਦਰ ਸਿੰਘ ਕੋਲ 27 ਸਾਲ ਤੋਂ ਵਧੇਰੇ ਅਧਿਆਪਨ, ਖੋਜ ਅਤੇ ਪਸਾਰ ਦਾ ਤਜਰਬਾ ਹੈ। ਡਾ. ਪਰਮਿੰਦਰ ਸਿੰਘ ਨੇ ਤਾਪ ਦਾ ਸਾਹਮਣਾ ਕਰਨ ਵਾਲੀ ਮੈਰੀਗੋਲਡ ਦੀ ਕਿਸਮ ਪੰਜਾਬ ਗੇਂਦਾ-1 ਵਿਕਸਿਤ ਕੀਤੀ। ਉਹ ਫੁੱਲਾਂ ਅਤੇ ਕਟ ਗਰੀਨ ਦੀ ਕਾਸ਼ਤ ਅਤੇ ਤੁੜਾਈ ਮਗਰੋਂ ਸੰਭਾਲ ਦੀਆਂ 11 ਸਿਫ਼ਾਰਸ਼ਾਂ ਨਾਲ ਸਿੱਧੇ ਤੌਰ ’ਤੇ ਸਬੰਧਤ ਰਹੇ।