ਪੀਏਯੂ ਨੇ ਕਜ਼ਾਖਸਤਾਨ ਦੀ ’ਵਰਸਿਟੀ ਨਾਲ ਦੁਵੱਲੀ ਸਾਂਝ ਲਈ ਸਹਿਮਤੀ ਪ੍ਰਗਟਾਈ
ਖੇਤਰੀ ਪ੍ਰਤੀਨਿਧ
ਲੁਧਿਆਣਾ, 3 ਅਗਸਤ
ਇੱਥੇ ਅੱਜ ਆਨਲਾਈਨ ਮੀਟਿੰਗ ਵਿੱਚ ਪੀਏਯੂ ਦੇ ਵਾਈਸ ਚਾਂਸਲਰ ਡਾ. ਸਤਬਿੀਰ ਸਿੰਘ ਗੋਸਲ ਅਤੇ ਕਜ਼ਾਖਸਤਾਨ ਦੀ ਸਾਕੇਨ ਸੇਫੁਲਿਨ ਯੂਨੀਵਰਸਿਟੀ ਦੇ ਨਿਰਦੇਸ਼ਕ ਕੁਮਾਰੀ ਸਲਤਨਤ ਮੇਇਰਾਮੋਵਾ ਨੇ ਦੋਵਾਂ ਸੰਸਥਾਵਾਂ ਵਿੱਚ ਸਾਂਝ ਦੇ ਖੇਤਰਾਂ ਨੂੰ ਪ੍ਰਫੁੱਲਿਤ ਕਰਨ ਲਈ ਗੱਲਬਾਤ ਕੀਤੀ। ਮੀਟਿੰਗ ਵਿੱਚ ਅਸਤਾਨਾ, ਕਜ਼ਾਖਸਤਾਨ ਦੀ ਭਾਰਤੀ ਅੰਬੈਸੀ ਦੇ ਸੁਆਮੀ ਵਿਵੇਕਾਨੰਦ ਕਲਚਰਲ ਸੈਂਟਰ ਦੇ ਨਿਰਦੇਸ਼ਕ ਸੰਜੇ ਬੇਦੀ ਵੀ ਸ਼ਾਮਲ ਹੋਏ। ਡਾ. ਗੋਸਲ ਨੇ ਦੱਸਿਆ ਕਿ ਵਧੀਆ ਕਾਰਗੁਜ਼ਾਰੀ ਸਦਕਾ ਐੱਨਆਈਆਰਐੱਫ ਵੱਲੋਂ ਬੀਤੇ ਸਮੇਂ ਪੀਏਯੂ ਨੂੰ ਦੇਸ਼ ਦੀ ਸਰਵੋਤਮ ਖੇਤੀ ਯੂਨੀਵਰਸਿਟੀ ਦੀ ਰੈਂਕਿੰਗ ਪ੍ਰਾਪਤ ਹੋਈ। ਕੁਮਾਰੀ ਸਲਤਨਤ ਮੇਇਰਾਮੋਵਾ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਬਹੁਤ ਉਤਸੁਕਤਾ ਨਾਲ ਪੀਏਯੂ ਨਾਲ ਅਕਾਦਮਿਕ ਅਤੇ ਖੋਜ ਦੇ ਸਾਂਝੇ ਪੱਖਾਂ ਉੱਤੇ ਕਾਰਜ ਲਈ ਤਾਂਘ ਰੱਖਦੀ ਹੈ । ਮਾਹਿਰਾਂ ਅਤੇ ਖੋਜੀਆਂ ਦੇ ਅਨੁਭਵਾਂ ਦੇ ਤਬਾਦਲੇ ਦਾ ਲਾਹਾ ਦੋਵਾਂ ਸੰਸਥਾਵਾਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਮਿਲੇਗਾ। ਉਨ੍ਹਾਂ ਆਉਂਦੇ ਸਮੇਂ ਵਿੱਚ ਭੋਜਨ ਸੁਰੱਖਿਆ ਬਾਰੇ ਕਾਨਫਰੰਸ ਵਿੱਚ ਪੀਏਯੂ ਮਾਹਿਰਾਂ ਨੂੰ ਸੱਦਾ ਦਿੰਦਿਆਂ ਸਾਂਝ ਦੇ ਇਸ ਰਿਸ਼ਤੇ ਦੇ ਲਮੇਰੇ ਹੋਣ ਦੀ ਆਸ ਕੀਤੀ। ਡਾ. ਬੈਕਟਰ ਅਤੇ ਸੰਜੇ ਵੇਦੀ ਨੇ ਸੰਸਥਾਵਾਂ ਵੱਲੋਂ ਦੁਵੱਲੇ ਖੇਤਰਾਂ ’ਚ ਅੱਗੇ ਵਧਣ ਦੀ ਆਸ ਪ੍ਰਗਟਾਈ।