ਪੀਏਯੂ: ਅਫਰੀਕੀ ਵਫ਼ਦ ਵੱਲੋਂ ਖੇਤੀ ਮਸ਼ੀਨਰੀ ਬਾਰੇ ਵਿਚਾਰ-ਚਰਚਾ
ਖੇਤਰੀ ਪ੍ਰਤੀਨਿਧ
ਲੁਧਿਆਣਾ, 23 ਜਨਵਰੀ
ਅਫਰੀਕਾ ਤੋਂ ਆਏ ਵਫ਼ਦ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਵਿਸ਼ੇਸ਼ ਮਿਲਣੀ ਦੌਰਾਨ ਖੇਤੀ ਮਸ਼ੀਨਰੀ ਬਾਰੇ ਵਿਚਾਰ-ਵਟਾਂਦਰਾ ਕੀਤਾ। ਇਸ ਚਰਚਾ ਦਾ ਉਦੇਸ਼ ਪੀਏਯੂ ਅਤੇ ਅਫਰੀਕਾ ਵਿਚਕਾਰ ਮਸ਼ੀਨਰੀ ਸਬੰਧੀ ਜਾਣਕਾਰੀ ਦੇ ਅਦਾਨ-ਪ੍ਰਦਾਨ ਰਾਹੀਂ ਅਫਰੀਕਾ ’ਚ ਖੇਤੀ ਮਸ਼ੀਨਰੀ ਟੈਕਨਾਲੋਜੀ ਦੇ ਵਿਕਾਸ ਬਾਰੇ ਗੱਲ ਕਰਨਾ ਸੀ। ਇਸ ਵਫ਼ਦ ਦੀ ਅਗਵਾਈ ਕੀਨੀਆ ਦੇ ਏਸੀਟੀ ਨੈੱਟਵਰਕ ਦੇ ਮੁੱਖ ਕਾਰਜਕਾਰੀ ਅਧਿਕਾਰੀ ਸਈਦੀ ਮਕੋਂਮਵਾ ਕਰ ਰਹੇ ਸਨ। ਸ੍ਰੀ ਮਕੋਂਮਵਾ ਨੇ ਭਾਰਤ ਸਰਕਾਰ ਦੀ ਮਦਦ ਨਾਲ ਕੀਨੀਆ ਵਿਚ ਚਲਾਏ ਜਾ ਰਹੇ ਸਿਖਲਾਈ ਪ੍ਰੋਗਰਾਮਾਂ ਦੀ ਜਾਣਕਾਰੀ ਸਾਂਝੀ ਕੀਤੀ। ਡਾ. ਐੱਚਐੱਸ ਸਿੱਧੂ ਨੇ ਆਪਣੀ ਵਿਸ਼ੇਸ਼ ਪੇਸ਼ਕਾਰੀ ਦੌਰਾਨ ਪੀਏਯੂ. ਵੱਲੋਂ ਵਿਕਸਿਤ ਕੀਤੀ ਖੇਤੀ ਮਸ਼ੀਨਰੀ ਅਤੇ ਉਸ ਦੀਆਂ ਪ੍ਰਾਪਤੀਆਂ ਬਾਰੇ ਵਿਸ਼ੇਸ਼ ਤੌਰ ’ਤੇ ਚਰਚਾ ਕੀਤੀ। ਪੀਏਯੂ ਦੇ ਵਾਈਸ ਚਾਂਸਲਰ ਡਾ. ਸਤਬਿੀਰ ਸਿੰਘ ਗੋਸਲ ਨੇ ਖੇਤੀ ਵਿਕਾਸ ਦੇ ਖੇਤਰ ਵਿਚ ਪੀਏਯੂ. ਵੱਲੋਂ ਨਿਭਾਈ ਭੂਮਿਕਾ ਅਤੇ ਵਿਰਾਸਤ ਦੀ ਗੱਲ ਕੀਤੀ। ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਖੋਜ ਗਤੀਵਿਧੀਆਂ ’ਤੇ ਚਾਨਣਾ ਪਾਇਆ। ਖੇਤੀ ਇੰਜਨੀਅਰਿੰਗ ਕਾਲਜ ਦੇ ਡੀਨ ਡਾ. ਮਨਜੀਤ ਸਿੰਘ ਨੇ ਮਸ਼ੀਨੀਕਰਨ ਅਤੇ ਟੈਕਨਾਲੋਜੀ ਦੇ ਪੱਖ ਤੋਂ ਕਾਲਜ ਵੱਲੋਂ ਇਤਿਹਾਸ ਵਿਚ ਕੀਤੇ ਕੰਮਾਂ ਦਾ ਵੇਰਵਾ ਦਿੱਤਾ।