ਧੋਖਾਧੜੀ ਮਾਮਲੇ ਵਿੱਚ ਪਟਵਾਰੀ ਤੇ ਦੋ ਕਿਸਾਨ ਗ੍ਰਿਫ਼ਤਾਰ
08:08 AM Feb 14, 2024 IST
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 13 ਫਰਵਰੀ
ਵਿਜੀਲੈਂਸ ਬਿਊਰੋ ਪੰਜਾਬ ਵੱਲੋਂ ਗੈਰਕਾਨੂੰਨੀ ਢੰਗ ਨਾਲ ਕਰੀਬ 4 ਲੱਖ ਰੁਪਏ ਦੀ ਕਰਜ਼ਾ ਰਾਹਤ ਲੈਣ ਦੇ ਦੋਸ਼ ਹੇਠ ਪਟਵਾਰੀ ਅਤੇ ਤਿੰਨ ਕਿਸਾਨਾਂ ਖ਼ਿਲਾਫ਼ ਥਾਣਾ ਪਟਿਆਲਾ ਰੇਂਜ ਵਿੱਚ ਕੇਸ ਦਰਜ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ ਪਟਵਾਰੀ ਬਲਕਾਰ ਸਿੰਘ, ਰਾਮ ਸਿੰਘ ਅਤੇ ਸੁਰਿੰਦਰ ਸਿੰਘ ਦੋਵੇਂ ਵਾਸੀ ਹਮੀਰਗੜ੍ਹ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਗ਼ਲਤ ਰਿਪੋਰਟ ਅਤੇ ਝੂਠੇ ਹਲਫ਼ੀਆ ਬਿਆਨ ਦੇ ਕੇ ਸਰਕਾਰ ਤੋਂ 4,02,222 ਰੁਪਏ ਦੀ ਕਰਜ਼ਾ ਰਾਹਤ ਲੈਣ ਦੇ ਦੋਸ਼ ਹੇਠ ਪਟਿਆਲਾ ਵਾਸੀ ਪਟਵਾਰੀ, ਬਲਕਾਰ ਸਿੰਘ, ਮਾਲ ਹਲਕਾ ਹਮੀਰਗੜ੍ਹ, ਜੋ ਮੌਜੂਦਾ ਸਮੇਂ ਤਹਿਸੀਲ ਦਫ਼ਤਰ ਭਵਾਨੀਗੜ੍ਹ, ਜ਼ਿਲ੍ਹਾ ਸੰਗਰੂਰ ਵਿਖੇ ਤਾਇਨਾਤ ਹੈ, ਸਣੇ ਚਾਰ ਜਣਿਆਂ ਖ਼ਿਲਾਫ ਜਾਂਚ ਦੇ ਆਧਾਰ ’ਤੇ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਤੀਜੇ ਮੁਲਜ਼ਮ ਕਿਸਾਨ ਹਰਦੇਵ ਸਿੰਘ ਵਾਸੀ ਹਮੀਰਗੜ੍ਹ ਨੂੰ ਵੀ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
Advertisement
Advertisement