ਐੱਨਡੀਆਰਐੱਫ ਤੇ ਐੱਸਡੀਆਰਐੱਫ ਟੀਮਾਂ ਨਾਲ ਪਟਵਾਰੀ ਤੇ ਪੰਚਾਇਤ ਸਕੱਤਰ ਤਾਇਨਾਤ
ਨਿੱਜੀ ਪੱਤਰ ਪ੍ਰੇਰਕ
ਕਪੂਰਥਲਾ, 14 ਜੁਲਾਈ
ਸੁਲਤਾਨਪੁਰ ਲੋਧੀ ਤਹਿਸੀਲ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਰਾਹਤ ਸਮੱਗਰੀ ਬਿਹਤਰ ਤਰੀਕੇ ਨਾਲ ਵੰਡਣ ਲਈ ਡੀਸੀ ਕੈਪਟਨ ਕਰਨੈਲ ਸਿੰਘ ਵੱਲੋਂ ਐੱਨਡੀਆਰਐੱਫ, ਐੱਸਡੀਆਰਐੱਫ ਦੀਆਂ ਟੀਮਾਂ ਨਾਲ ਪਟਵਾਰੀਆਂ ਤੇ ਪੰਚਾਇਤ ਸਕੱਤਰਾਂ ਦੀਆਂ ਡਿਊਟੀਆਂ ਲਾਈਆਂ ਗਈਆਂ ਹਨ। ਡੀਸੀ ਨੇ ਦੱਸਿਆ ਕਿ ਹੁਣ ਤੱਕ 452 ਵਿਅਕਤੀਆਂ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚੋਂ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ 238 ਪੁਰਸ਼, 106 ਮਹਿਲਾਵਾਂ ਅਤੇ 108 ਬੱਚੇ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਪਿੰਡ ਚੰਨਣਵਿੰਡੀ, ਸ਼ੇਖਮਾਂਗਾ ਅਤੇ ਭਰੋਆਣਾ ਸਰੂਪਵਾਲ, ਵਾਟਾਂਵਾਲੀ ਅਤੇ ਸ਼ੇਰਪੁਰ ਸੱਧਾ ਲਈ ਐੱਸਡੀਆਰਐੱਫ ਦੀ ਟੀਮ ਨਾਲ ਨੋਡਲ ਅਫ਼ਸਰ ਵਜੋਂ ਪਟਵਾਰੀ ਗੁਰਭੇਜ ਸਿੰਘ ਨੂੰ ਤਾਇਨਾਤ ਕੀਤਾ ਗਿਆ ਹੈ। ਇਸੇ ਤਰ੍ਹਾਂ ਪਿੰਡ ਮੰਡ ਇੰਦਰਪੁਰ, ਟਿੱਬੀ, ਤੱਕੀਆਂ, ਸ਼ਾਹਵਾਲਾ ਨੱਕੀ, ਰਾਮਗੜ ਦਲੇਲੀ ਅਤੇ ਅੰਦਰੀਸਾ ਲਈ ਐੱਨਡੀਆਰਐੱਫ ਦੀ ਟੀਮ ਨਾਲ ਪੰਚਾਇਤ ਸਕੱਤਰ ਕਸ਼ਮੀਰ ਸਿੰਘ ਦੀ ਡਿਊਟੀ ਲਾਈ ਗਈ ਹੈ। ਐੱਸਡੀਆਰਐੱਫ ਦੀ ਟੀਮ ਦੇ ਨਾਲ ਪਿੰਡ ਵਾਟਾਂਵਾਲੀ ਕਲਾਂ ਲਈ ਪਟਵਾਰੀ ਰਣਜੀਤ ਸਿੰਘ, ਵਾਟਾਂਵਾਲੀ ਖੁਰਦ ਲਈ ਪਟਵਾਰੀ ਪ੍ਰੀਤੋਸ਼ ਚੋਪੜਾ ਪਿੰਡ ਸ਼ੇਰਪੁਰ ਸੱਧਾ ਲਈ ਪਟਵਾਰੀ ਸੁਖਦੇਵ ਸਿੰਘ ਪਿੰਡ ਚੰਨਣਵਿੰਡੀ ਲਈ ਪਟਵਾਰੀ ਸੁਖਵਿੰਦਰ ਸਿੰਘ ਨੂੰ ਤਾਇਨਾਤ ਕੀਤਾ ਗਿਆ ਹੈ। ਇਨ੍ਹਾਂ ਟੀਮਾਂ ਦੇ ਓਵਰਆਲ ਇੰਚਾਰਜ ਉਪ ਮੁੱਖ ਕਾਰਜਕਾਰੀ ਅਫ਼ਸਰ ਜ਼ਿਲ੍ਹਾ ਪਰਿਸ਼ਦ ਕਪੂਰਥਲਾ ਬਣਾਏ ਗਏ ਹਨ।